#ਜੂਠ ਤੇ #ਝੂਠ
ਗੁਰਸਿੱਖ ਕੇਵਲ ਹੋਣਾ ਹੀ ਕਾਫੀ ਨਹੀਂ ਹੈ ਕਿ ਨਾਮ ਪਿੱਛੇ ਸਿੰਘ ਲੱਗਾ ਤਾਂ ਅਸੀਂ ਸਿੰਘ ਜਾਂ ਗੁਰਸਿੱਖ ਹਾਂ ਸਾਡੇ ਜੀਵਨ ਦੇ ਬਹੁਤ ਪਹਿਲੂ ਨੇ ਉਹਨਾਂ ਵਿਚੋਂ ਜੂਠ ਤੇ ਝੂਠ ਤੋਂ ਵੀ ਬਚਣਾ ਵੀ ਇੱਕ ਪਹਿਲੂ ਹੈ। ਹੋਰ ਧਰਮਾਂ ਦੇ ਸਿਧਾਂਤ ਬਾਰੇ ਤਾਂ ਪਤਾ ਨਹੀਂ ਪਰ ਸਿੱਖ ਧਰਮ ਵਿੱਚ ਝੂਠ ਤੇ ਜੂਠ ਦੋਵੇਂ ਬੁਰੇ ਨੇ।
ਅਸੀਂ ਸਿਰਫ ਬਹਿਸ ਕਰਨ ਤੇ ਲੜ੍ਹਨ ਲਈ ਗਿਣਤੀ ਵਿਚ ਜਿਆਦਾ ਧਾਰਮਿਕ ਹਾਂ ਪਰ ਅਸਲ ਵਿੱਚ ਤਾਂ ਅਸੀਂ ਮੱਥਾ ਟੇਕ ਕੇ ਗੁਰੂ ਘਰੋਂ ਕੋਈ ਮੱਤ ਜਾਂ ਪਤੇ ਦੀ ਗੱਲ ਝੋਲੀ ਵਿੱਚ ਪਾ ਕੇ ਨਹੀਂ ਮੁੜਦੇ। ਅਸੀਂ ਇਹਨਾਂ ਗੱਲਾਂ ਤੇ ਪਹਿਰਾ ਤਾਂ ਕੀ ਦੇਣਾ ਅਸੀਂ ਤਾਂ ਆਪ ਕਈ ਵਾਰ ਗੁਰੂ ਘਰ ਹੀ ਬਰਤਨਾਂ ਵਿੱਚ ਜੂਠ ਛੱਡ ਆਉਨੇ ਹਾਂ। ਤੇ ਗੁਰੂ ਘਰ ਹੀ ਝੂਠ ਵੀ ਬੋਲ ਦਿੰਦੇ ਹਾਂ।
ਵੈਸੇ ਤਾਂ ਕੋਈ ਵੀ ਧਰਮ ਨਹੀਂ ਕਹਿੰਦਾ ਕਿ ਝੂਠ ਬੋਲੋ ਪਰ ਫੇਰ ਵੀ ਸਭ ਧਰਮਾਂ ਦੇ ਲੋਕ ਝੂਠ ਬੋਲਦੇ ਨੇ ਜਿਹੜੇ ਜਿਆਦਾ ਬੋਲਦੇ ਨੇ ਉਹ ਵੱਡੇ ਲੋਕ ਜਾਂ ਲੀਡਰ ਨੇ ਘੱਟ ਬੋਲਣ ਵਾਲੇ ਗਰੀਬ ਤੇ ਮੱਧਵਰਗੀ ਲੋਕ ਨੇ। ਕਿਉਂ ਕਿ ਨਿਰਾ ਪੁਰਾ ਸੱਚ ਬੋਲ ਕਿ ਤੁਸੀਂ ਬਹੁਤਾ ਵੱਡਾ ਕਾਰੋਬਾਰ ਖੜ੍ਹਾ ਵੀ ਨਹੀਂ ਕਰ ਸਕਦੇ ਮੈਂ ਤਾਂ ਨਿੱਜੀ ਤਜਰਬੇ ਵੀ ਕੀਤੇ ਨੇ।
ਮੁਖਿ ਝੂਠੈ ਝੂਠੁ ਬੋਲਣਾ ਕਿਉ ਕਰਿ ਸੂਚਾ ਹੋਇ॥
ਬਿਨ ਅਭ ਸਬਦੁ ਨ ਮਾਂਜੀਐ ਸਾਚੇ ਤੇ ਸਚੁ ਹੋਇ॥੧॥ ਅੰਗ ੫੫
ਮੂੰਹ ਵੀ ਝੂਠੇ ਨੇ ਤੇ ਬੋਲਦੇ ਵੀ ਝੂਠ ਨੇ ਕੱਲ੍ਹੇ ਚੰਗੇ ਕਰਮ ਕਰਕੇ ਜਾਂ ਹੋਰ ਕਰਮ ਕਾਂਡ ਕੀਤਿਆਂ ਲੋਕ ਸੱਚੇ ਨਹੀਂ ਹੋ ਸਕਦੇ, ਜਿਵੇਂ ਪਾਣੀ ਤੋਂ ਬਿਨਾ ਭਾਂਡਾ ਨਹੀਂ ਧੋਤਾ ਜਾਂਦਾ ਉਵੇਂ ਹੀ ਸ਼ਬਦ ਦੇ ਜਲ ਤੋਂ ਬਿਨਾ ਮਨ ਵੀ ਨਹੀਂ ਉਸ ਝੂਠ ਦੀ ਜੂਠ ਤੋਂ ਮਾਜਿਆ ਜਾ ਸਕਦਾ।
ਇਹਦੇ ਨਾਲ ਹੀ ਜੂਠ ਜੁੜਿਆ ਹੈ ਜਿਹੜੇ ਲੋਕ ਜਿੰਨੇ ਵੱਡੇ ਘਰ ਦੇ ਨੇ ਉਹਨਾਂ ਦੇ ਭਾਡਿਆਂ ਵਿੱਚ ਜੂਠ ਵੀ ਓਹਨੀ ਵੱਧ ਮਿਲਦੀ ਹੈ।
ਗਰੀਬ ਤੇ ਮੱਧਵਰਗੀ ਬੰਦੇ ਨੂੰ ਪਤਾ ਹੁੰਦਾ ਕਿ ਰੋਟੀ ਕਿਵੇਂ ਕਮਾਈ ਜਾਂਦੀ ਹੈ ਤੇ ਮਿਹਨਤ ਨਾਲ ਕਮਾ ਕੇ ਖਾਣ ਵਾਲੇ ਵਧੀ ਹੋਈ ਰੋਟੀ/ਭੋਜਨ ਕਿਸੇ ਜਾਨਵਰ ਜਾਂ ਪੰਛੀ ਨੂੰ ਪਾਉਂਦੇ ਹਨ ਕਈ ਵਾਰ ਤਾਂ ਵਧੀ ਵੀ ਨਹੀਂ ਹੁੰਦੀ ਬਸ 'ਜੀਅ ਦਇਆ ਪਰਵਾਨੁ' ਸਮਝ ਕੇ ਦਸਵੰਧ ਕੱਢਦੇ ਨੇ।
UN ਦੇ ਅੰਕੜਿਆਂ ਮੁਤਾਬਿਕ 1.3 ਬਿਲੀਅਨ ਟਨ (1 ਮਿਲੀਅਨ ਦਸ ਲੱਖ ਦਾ ਤੇ 1 ਬਿਲੀਅਨ 100 ਕਰੋੜ) ਭੋਜਨ ਸਾਲਾਨਾ ਬਰਬਾਦ ਕੀਤਾ ਜਾਂਦਾ ਹੈ ਇਸ ਵਿੱਚ ਸਭ ਧਰਮਾਂ ਦਾ ਯੋਗਦਾਨ ਹੈ। ਧਰਮ ਦਾ ਨਾਮ ਮੈਂ ਇਸ ਲਈ ਲਿਆ ਹੈ ਕਿ ਸੇਵਾ ਸਾਡੇ ਧਰਮ ਦਾ ਇੱਕ ਥੰਮ ਹੈ ਜਿਸ ਵਿੱਚ ਲੰਗਰ ਦੀ ਸੇਵਾ ਵੀ ਆਉਂਦੀ ਹੈ ਤੇ ਸਿੱਖ ਹੀ ਸਭ ਤੋਂ ਵੱਡੀ ਸੇਵਾ ਲੰਗਰਾਂ ਰਾਹੀਂ ਕਰਦੇ ਨੇ ਇੱਕ ਪੁਰਾਣੇ ਆਂਕੜੇ ਮੁਤਾਬਕ 70 ਲੱਖ ਅਲੱਗ ਅਲੱਗ ਧਰਮਾਂ ਦੇ ਲੋਕ ਸਿੱਖਾਂ ਸਮੇਤ ਰੋਜਾਨਾ ਗੁਰੂ ਘਰਾਂ ਵਿਚੋਂ ਲੰਗਰ ਛਕਦੇ ਨੇ। ਜੂਠ ਛੱਡਣ ਦਾ ਕੰਮ ਹੁਣ ਗੁਰੂ ਘਰਾਂ ਵਿੱਚ ਵੀ ਅਕਸਰ ਵੇਖਿਆ ਜਾ ਸਕਦਾ। ਭਾਰਤ ਵਿੱਚ ਕੁੱਲ 40% ਖਾਣਾ ਬਰਬਾਦ ਹੋ ਜਾਂਦਾ ਜੋ ਕਿ ਪੂਰੇ ਸਾਲ ਦਾ 89000 ਕਰੋੜ ਦਾ ਬਣਦਾ ਪ੍ਰਤੀ ਵਿਅਕਤੀ 50 ਕਿਲੋ ਪਰ ਇਸਦੇ ਵਿੱਚ ਤੀਜਾ ਹਿੱਸਾ ਉਹ ਹੈ ਜੋ ਥਾਲੀ ਵਿੱਚ ਪੈਣ ਤੋਂ ਪਹਿਲਾਂ ਖਰਾਬ ਹੋ ਜਾਂਦਾ। ਪੰਜਾਬ ਦੇ ਆਂਕੜੇ ਮੈਨੂੰ ਮਿਲੇ ਨਹੀਂ ਪਰ ਪੂਰੇ ਭਾਰਤ ਵਿੱਚ 1990 ਤੋਂ ਪਹਿਲਾਂ ਜਿਆਦਾ ਖਾਣਾ ਖੇਤਾਂ ਵਿੱਚ ਜਾ ਕਹਿ ਲਵੋ ਬੀਜ ਬਿਜਾਈ ਤੋਂ ਵਢਾਈ ਤੱਕ ਖਰਾਬ ਹੁੰਦਾ ਸੀ ਹੁਣ ਉਹ ਘੱਟ ਗਿਆ ਹੈ ਪਰ ਵਢਾਈ ਤੋਂ ਬਾਅਦ ਅਤੇ ਖਾਣਾ ਬਣਨ ਤੋਂ ਬਾਅਦ ਬਰਬਾਦੀ ਕਈ ਗੁਣਾ ਵਧ ਗਈ ਹੈ।
ਆਮ ਤੌਰ ਤੇ ਲੋਕ ਸਵੇਰ/ਦੁਪਹਿਰ ਜਾਂ ਸ਼ਾਮ ਦਾ ਬਚਿਆ ਹੋਇਆ ਖਾਣਾ ਖਾਣ ਨੂੰ ਆਪਣੇ ਪੱਧਰ ਦੀ ਗਿਰਾਵਟ ਵਜੋਂ ਦੇਖਦੇ ਨੇ ਅਤੇ ਰੈਸਟੋਰੈਂਟ ਹੋਟਲਾਂ ਜਾਂ ਫੇਰ ਸੁਪਰ ਮਾਰਕੀਟਾਂ ਵਿੱਚ ਲੈ ਕੇ ਖਾਧੇ ਬੇਹੇ ਭੋਜਨ (stale food) ਨੂੰ ਆਪਣੀ ਸ਼ਾਨ ਸਮਝਦੇ ਨੇ।
ਦੁਨੀਆਂ ਦਾ ਮਸ਼ਹੂਰ ਲੇਖਕ ਮਾਈਕਲ ਪੋਲਨ ਕਹਿੰਦਾ ਹੈ ਕਿ "ਜੋ ਖਾਣਾ ਤੁਸੀਂ ਮਹਿੰਗੇ ਭੋਜਨ ਉਤਪਾਦਕਾਂ (ਰੈਸਟੋਰੈਂਟਾਂ) ਤੋਂ ਬਣਿਆ ਬਣਾਇਆ ਖਰੀਦ ਕੇ ਖਾਂਦੇ ਹੋ ਇੱਕ ਗਰੀਬ ਬੰਦਾ ਵੀ ਉਸ ਤੋਂ ਵੱਧ ਪੌਸ਼ਟਿਕ ਖਾਣਾ ਖਾਂਦਾ ਹੈ"।
ਗੁਰਬਾਣੀ ਵਿੱਚ ਝੂਠ ਬੋਲਣ ਲਈ ਕੋਈ ਜਗ੍ਹਾ ਨਹੀਂ ਹੈ ਮੌਤ ਸਾਹਮਣੇ ਵੀ ਝੂਠ ਨਹੀਂ ਜਿੰਦਗੀ ਕੁਰਬਾਨ ਕੀਤੀ ਜਾ ਸਕਦੀ ਹੈ। ਜੇ ਜਾਨ ਬਚਾਉਣ ਲਈ ਕਿਤੇ ਝੂਠ ਬੋਲਣਾ ਜਾਇਜ਼ ਹੁੰਦਾ ਤਾਂ ਬਾਬਾ ਫਤਹਿ ਸਿੰਘ ਤੇ ਜੋਰਾਵਰ ਸਿੰਘ ਵੀ ਝੂਠ ਬੋਲ ਸਕਦੇ ਸੀ ਕਹਿ ਦਿੰਦੇ ਕਿ ਸਾਨੂੰ ਸੋਚਣ ਲਈ ਸਮਾਂ ਚਾਹੀਦਾ ਤਾਂ ਕਿ ਇਹਨੇ ਸਮੇਂ ਵਿੱਚ ਗੁਰੂ ਸਾਹਿਬ ਉਹਨਾਂ ਨੂੰ ਛੁਡਾ ਲੈਂਦੇ ਪਰ ਸੱਚ ਤਾਂ ਸੱਚ ਹੈ ਸੱਚ ਤੋਂ ਕੁਰਬਾਨ ਹੋਇਆ ਜਾ ਸਕਦਾ ਸੱਚ ਨਾਲ ਸਿਆਸਤਾਂ ਨਹੀਂ ਹੋ ਸਕਦੀਆਂ। ਲੁਕਾਇਆ ਹੋਇਆ ਸੱਚ ਵੀ ਝੂਠ ਵਰਗਾ ਹੀ ਹੋ ਜਾਂਦਾ
ਐਥੈ ਸਾਚੇ ਸੁ ਆਗੈ ਸਾਚੇ ॥
ਮਨੁ ਸਚਾ ਸਚੈ ਸਬਦਿ ਰਾਚੇ॥ ਅੰਗ ੧੧੬।।
ਗਿਆਨੀ ਮੋਹਣ ਸਿੰਘ ਜੀ ਭਿੰਡਰਾਂਵਾਲਿਆ ਦਾ ਕਥਨ ਹੈ ਕਿ ਜੇ ਕਿਸੇ ਦੇ ਹੱਕ ਉੱਪਰ ਜੋਰ ਅਜ਼ਮਾਇਸ਼ ਕਰਕੇ ਕਬਜ਼ਾ ਕਰ ਲਿਆ ਜਾਵੇ ਉਹ ਵੀ ਜੂਠ ਖਾਣ ਵਰਗਾ ਹੀ ਹੈ ਜਿਵੇਂ ਕਿਸੇ ਦਾ ਬਚਿਆ ਖਾਣਾ ਕੋਈ ਭੁੱਖਾ ਖਾ ਲੈਂਦਾ ਹੈ। ਮਨੁੱਖੀ ਜਨਮ ਦੀ ਭੁੱਖ ਬੰਦੇ ਨੂੰ ਨਿਘਾਰ ਤੇ ਲੈ ਆਉਂਦੀ ਹੈ ਗੁਰਮੁਖਿ ਜੀਵਨ ਜਿਉਣ ਨਾਲ ਇਸ ਤਰ੍ਹਾਂ ਦੀ ਜੂਠ ਤੋਂ ਸਤਿਗੁਰੂ ਬਚਾ ਲੈਂਦੇ ਹਨ। ਸਿੱਖ ਕਿਸੇ ਵੀ ਕਿਸਮ ਦੀ ਜੂਠ ਨਹੀਂ ਖਾ ਸਕਦਾ ਇਹ ਰਹਿਤ ਮਰਿਆਦਾ ਦਾ ਹੁਕਮ ਹੈ।
ਮੁੱਕਦੀ ਗੱਲ ਐਨੀ ਹੈ ਕਿ ਜੇ ਖਾਣਾ ਪੂਰਾ ਖਾ ਲਈਏ ਤੇ ਸੱਚ ਬੋਲ ਦੇਈਏ ਮਗਰ ਕੁਝ ਨਹੀਂ ਬਚਦਾ ਸਕੂਨ ਦੇ ਤੇ ਥਾਲੀ ਵਿਚੋਂ ਖਾਣਾ ਪੂਰਾ ਖਾ ਲਈਏ ਤਾਂ ਜੂਠ ਨਹੀਂ ਬਚਦੀ। ਮੌਕੇ ਤੇ ਸੱਚ ਨਾ ਬੋਲੀਏ ਤਾਂ ਸਾਡੇ ਕੋਲ ਵੀ ਝੂਠ ਹੀ ਬਚਦਾ, ਜੂਠ ਤੇ ਝੂਠ ਲੈ ਬਹਿੰਦੇ ਨੇ ਇੱਕ ਦਿਨ।
ਭੁੱਲਾਂ ਦੀ ਖਿਮਾਂ ਸਹਿਤ
ਰਾਜਪਾਲ ਸਿੰਘ ਘੱਲ ਕਲਾਂ