#ਬਾਬਾ_ਨੰਦ_ਸਿੰਘ_ਜੀ
ਬਾਬਾ ਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਦਾ ਜਨਮ 8 ਨਵੰਬਰ 1870 ਈਸਵੀ ਵਿੱਚ ਪਿੰਡ ਸ਼ੇਰਪੁਰ, ਜ਼ਿਲ੍ਹਾ ਲੁਧਿਆਣਾ, ਪੰਜਾਬ ਵਿੱਚ ਸਰਦਾਰ ਜੈ ਸਿੰਘ ਦੇ ਘਰ ਹੋਇਆ ਜੋ ਕਿ ਪੇਸ਼ੇ ਵਜੋਂ ਇੱਕ ਕਾਰੀਗਰ ਸਨ ਅਤੇ ਉਹਨਾਂ ਦੇ ਮਾਤਾ ਜੀ ਨਾਮ ਮਾਤਾ ਸਦਾ ਕੌਰ ਸੀ। ਉਹ ਇੱਕ ਸੰਤ ਵਿਅਕਤੀ ਸੀ ਜਿੰਨ੍ਹਾ ਨੇ ਆਪਣੇ ਜੀਵਨ ਕਾਲ ਦੌਰਾਨ ਕਾਫ਼ੀ ਅਨੁਯਾਈਆਂ ਨੂੰ ਪ੍ਰਭਾਵਿਤ ਕੀਤਾ।
ਉਹਨਾਂ ਦਾ ਸੁਭਾਅ ਬਹੁਤ ਹੀ ਨਿਮਰ ਸੀ ਅਤੇ ਕਦੇ ਝੂਠ ਨਹੀਂ ਬੋਲਦੇ ਸਨ। ਭਾਵ ਗੁਰਮਤਿ ਦੀ ਬਿਰਤੀ ਵਾਲੇ ਉਹ ਪਹਿਲਾਂ ਤੋਂ ਸਨ। ਪੰਜ ਸਾਲ ਦੀ ਉਮਰ ਵਿੱਚ, ਉਹਨਾ ਨੂੰ ਪਿੰਡ ਦੇ ਬਾਹਰ ਇੱਕ ਖੂਹ ਦੇ ਇੱਕ ਉੱਚੇ ਅਤੇ ਤੰਗ ਇੱਟ ਵਾਲੇ ਕਿਨਾਰੇ 'ਤੇ ਲਗਭਗ ਤਿੰਨ ਘੰਟੇ ਡੂੰਘੇ ਧਿਆਨ ਵਿੱਚ ਇੱਕ ਲੱਤ ਬੰਨ੍ਹ ਕੇ ਬੈਠਾ ਪਾਇਆ ਗਿਆ ਸੀ। ਬਜ਼ੁਰਗ ਲੋਕ ਜਿੰਨ੍ਹਾਂ ਨੇ ਉਹਨਾ ਨੂੰ ਦੇਖਿਆ, ਉਹਨਾ ਨੂੰ ਡੂੰਘੇ ਅਨੰਦ ਅਤੇ ਪੂਰਨ ਬ੍ਰਹਮ ਸਮਾਈ ਵਿੱਚ ਪਾਇਆ ਅਤੇ ਜਲਦੀ ਹੀ ਉਹਨਾ ਨੂੰ ਇੱਕ ਸੁਰੱਖਿਅਤ ਥਾਂ 'ਤੇ ਚੁੱਕ ਕੇ ਲੈ ਗਏ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਉਹਨਾਂ ਨੇ ਉਹ ਸਥਾਨ ਕਿਉਂ ਚੁਣਿਆ ਹੈ, ਤਾਂ ਉਹਨਾਂ ਨੇ ਜਵਾਬ ਦਿੱਤਾ, "ਸ੍ਰੀ ਗੁਰੂ ਨਾਨਕ ਸਾਹਿਬ ਦੀ ਸ਼ਰਧਾ ਅਤੇ ਪਿਆਰ ਦੀ ਪ੍ਰਕਿਰਿਆ ਵਿੱਚ ਜੇਕਰ ਨੀਂਦ ਹਾਵੀ ਹੋ ਜਾਵੇ, ਤਾਂ ਖੂਹ ਵਿੱਚ ਡਿੱਗ ਕੇ ਮਰਨਾ ਬਿਹਤਰ ਹੈ ਜੀਵਨ ਜਿਉਣ ਨਾਲੋਂ। ਉਹਨਾਂ ਦੀ ਬਚਪਨ ਤੋਂ ਰੁਚੀ ਪਰਮਾਤਮਾ ਭਗਤੀ ਵਿੱਚ ਸੀ ਹਾਲਾਂਕਿ ਬਹੁਤ ਸਾਰੇ ਚਮਤਕਾਰੀ ਕਿੱਸੇ ਉਹਨਾਂ ਦੇ ਜੀਵਨ ਨਾਲ ਜੋੜੇ ਜਾਂਦੇ ਹਨ ਹੋ ਸਕਦਾ ਕਿਸੇ ਸਬੱਬ ਨਾਲ ਕਿਤੇ ਕੁਦਰਤੀ ਘਟਨਾ ਵਾਪਰੀ ਹੋਵੇ ਜੋ ਬਾਅਦ ਵਿੱਚ ਚਮਤਕਾਰ ਦੇ ਰੂਪ ਵਿੱਚ ਲਿਖੀਆਂ ਜਾਂ ਸੁਣਾਈਆਂ ਗਈਆਂ ਪਰ ਬਾਬਾ ਨੰਦ ਸਿੰਘ ਜੀ ਨੇ ਆਪਣੇ ਆਪ ਇਹੋ ਜਿਹਾ ਕੋਈ ਚਮਤਕਾਰ ਨਹੀਂ ਕੀਤਾ। ਬਾਬਾ ਹਰਨਾਮ ਸਿੰਘ ਜੀ ਨੂੰ ਮਿਲਣ ਤੋ ਪਹਿਲਾਂ ਐਸਾ ਕੋਈ ਜਿਕਰ ਉਹਨਾਂ ਨੇ ਵੀ ਨਹੀਂ ਕੀਤਾ ਆਪਣੇ ਜੀਵਨ ਵਿੱਚ।
ਇੱਕ ਨੌਜਵਾਨ ਲੜਕੇ ਦੇ ਰੂਪ ਵਿੱਚ, ਉਹਨਾ ਨੇ ਪਰਿਵਾਰਕ ਸ਼ਿਲਪਕਾਰੀ ਵਿੱਚ ਸਿਖਲਾਈ ਪ੍ਰਾਪਤ ਕੀਤੀ ਅਤੇ ਫਿਰ ਸੰਤ ਵਧਾਵਾ ਸਿੰਘ ਦੁਆਰਾ ਚਲਾਏ ਜਾਂਦੀ ਟਕਸਾਲ ਵਿੱਚ ਸ਼ਾਮਲ ਹੋ ਗਏ, ਜੋ ਕਿ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਵਿੱਚ ਲਹਿਰਾ ਖਾਨਾ ਵਿੱਚ ਸੀ, ਜਿੱਥੋ ਉਹਨਾਂ ਨੇ ਸਿੱਖ ਧਾਰਮਿਕ ਗ੍ਰੰਥ, ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਨਾ ਸਿੱਖਿਆ।
ਉਹਨਾ ਨੇ 20 ਸਾਲ ਦੀ ਉਮਰ ਵਿੱਚ ਆਪਣਾ ਪਿੰਡ ਛੱਡ ਦਿੱਤਾ ਪਹਿਲਾਂ ਰੁੜਕੀ ਅਤੇ ਅੰਮ੍ਰਿਤਸਰ ਸਾਹਿਬ ਰਹਿਣ ਪਿੱਛੋਂ ਉਹ ਹਜੂਰ ਸਾਹਿਬ ਲਈ ਰਵਾਨਾ ਹੋ ਗਏ ਉੱਥੇ ਠਹਿਰ ਕੇ ਉਹ ਗੁਰਦੁਆਰਾ ਸਾਹਿਬ ਨੂੰ ਧੋਣ ਦੀ ਸੇਵਾ ਲਈ ਰਾਤ ਨੂੰ 12:15 ਵਜੇ ਗੋਦਾਵਰੀ ਨਦੀ ਤੋਂ ਪਾਣੀ ਨਾਲ ਭਰੇ ਦੋ ਘੜੇ ਲਿਆਉਣ ਦਾ ਫਰਜ਼ ਨਿਭਾਉਂਦੇ ਰਹੇ।
ਉਹਨਾਂ ਨੇ ਲਗਭਗ 1904 ਈ: ਵਿੱਚ ਹਜ਼ੂਰ ਸਾਹਿਬ ਛੱਡ ਦਿੱਤਾ ਅਤੇ ਪਿੰਡ ਲਹਿਰਾ ਗਾਗਾ ਦੇ ਸੰਤ ਵਧਾਵਾ ਸਿੰਘ ਜੀ ਕੋਲ ਆ ਗਏ ਸੰਤ ਵਧਾਵਾ ਸਿੰਘ ਬਾਬਾ ਜੀ ਨੇ ਉਹਨਾਂ ਨੂੰ ਜੋ ਗੁਰਮਤਿ ਬਾਰੇ ਜਾਣਕਾਰੀ ਦਿੱਤੀ ਸੀ ਇਸ ਤੋਂ ਬਾਬਾ ਨੰਦ ਸਿੰਘ ਜੀ ਸੰਤੁਸ਼ਟ ਨਹੀਂ ਹੋਏ ਇਸ ਲਈ ਸੰਤ ਵਧਾਵਾ ਸਿੰਘ ਨੇ ਉਹਨਾਂ ਨੂੰ ਪਟਿਆਲਾ ਰਿਆਸਤ ਦੇ ਭੁੱਚੋ ਪਿੰਡ ਦੇ ਬਾਬਾ ਮਹਾਂ ਹਰਨਾਮ ਜੀ ਬਾਰੇ ਦੱਸ ਪਾਈ ਜਿੰਨਾ ਦੀ ਭਗਤੀ ਦਾ ਬਹੁਤ ਤੇਜ ਪ੍ਰਤਾਪ ਸੀ।
ਪਹਿਲੀ ਮੁਲਾਕਾਤ ਵਿੱਚ ਬਾਬਾ ਹਰਨਾਮ ਸਿੰਘ ਜੀ ਨੂੰ ਬਾਬਾ ਨੰਦ ਸਿੰਘ ਜੀ ਨੇ ਪਰਮਾਤਮਾ ਨੂੰ ਪਾਉਣ ਦੀ ਜੁਗਤਿ ਬਾਰੇ ਪੁੱਛਿਆ ਤਾਂ ਉਹਨਾਂ ਕਿਹਾ ਇਹ ਇਹਨਾਂ ਆਸਾਨ ਨਹੀਂ ਹੈ ਤੇ ਬਾਬਾ ਜੀ ਨੂੰ ਜਪੁਜੀ ਸਾਹਿਬ ਦੀ ਪਹਿਲੀ ਪਉੜੀ ਡੇਢ ਲੱਖ ਵਾਰ ਉਚਾਰਣ ਲਈ ਕਿਹਾ। ਬਾਬਾ ਨੰਦ ਸਿੰਘ ਜੀ ਨੇ ਕਿਹਾ ਕਿ ਸੁਰਤੀ ਭਟਕ ਜਾਂਦੀ ਹੈ ਤਾਂ ਬਾਬਾ ਹਰਨਾਮ ਸਿੰਘ ਜੀ ਨੇ ਬਾਬਾ ਨੰਦ ਸਿੰਘ ਜੀ ਨੂੰ ਮੂਲਮੰਤਰ ਦਾ ਪਾਠ ਦੁਹਰਾਉਣ ਲਈ ਕਿਹਾ, ਬਾਬਾ ਨੰਦ ਸਿੰਘ ਜੀ ਨੇ ਅਜਿਹਾ ਕਰਨ ਦਾ ਵਾਅਦਾ ਕੀਤਾ ਮੱਥਾ ਟੇਕਿਆ ਅਤੇ ਲਹਿਰਾ ਗਾਗਾ ਪਿੰਡ ਵਾਪਸ ਆ ਗਏ। ਉਹ ਕਈ ਮਹੀਨਿਆਂ ਤੱਕ ਸਿਮਰਨ ਵਿੱਚ ਲੀਨ ਰਹੇ, ਅਤੇ ਇਸ ਸਮੇਂ ਦੌਰਾਨ, ਬਾਬਾ ਜੀ ਨੇ ਪੱਛਮੀ ਪੰਜਾਬ ਵਿੱਚ ਦੂਰ-ਦੁਰਾਡੇ ਸਥਾਨਾਂ ਦੇ ਦਰਸ਼ਨ ਕਰਨ ਲਈ ਥੋੜ੍ਹੇ-ਥੋੜ੍ਹੇ ਸਮੇਂ ਲਈ, ਜਿੱਥੇ ਉਹ ਬਸਤੀਆਂ ਤੋਂ ਬਹੁਤ ਦੂਰ ਅਤੇ ਉਜਾੜ ਥਾਵਾਂ 'ਤੇ ਇਕੱਲੇ ਬੈਠਦੇ ਸਨ।
ਉੱਝ ਉਹ ਆਪਣੇ ਕੰਮ ਵਿੱਚ ਇਮਾਨਦਾਰ ਸਨ, ਉਹ ਕਿੱਤੇ ਵਜੋਂ ਤਰਖਾਣ ਦਾ ਕੰਮ ਜਾਣਦੇ ਸਨ ਉਹਨਾਂ ਦੇ ਹੱਥ ਦਾ ਬਣਿਆ ਗੇਟ ਡਰੋਲੀ ਭਾਈ, ਮੋਗਾ ਵਿਖੇ ਇੱਕ ਘਰ ਦੇ ਦਲ੍ਹਾਨ ਦੀ ਸ਼ੋਭਾ ਬਣਿਆ ਹੋਇਆ ਹੈ। ਉਹਨਾਂ ਦੀ ਭਗਤੀ ਬਾਰੇ ਇਹ ਵੀ ਕਿੱਸਾ ਹੈ ਕਿ ਅਕਸਰ ਉਹ ਪਿੱਪਲ ਦੇ ਟਾਹਣੇ ਉੱਪਰ ਬੈਠ ਕੇ ਭਗਤੀ ਕਰਦੇ ਰਹਿੰਦੇ ਸਨ ਜੋ ਕਿ ਬਿਲਕੁੱਲ ਛੱਪੜ ਦੇ ਉੱਪਰ ਸੀ ਨੀਂਦ ਆਉਣੀ ਤਾਂ ਉਸ ਵਿੱਚ ਡਿੱਗ ਪੈਣਾ ਫੇਰ ਉੱਠਕੇ ਭਗਤੀ ਕਰਨ ਲੱਗ ਜਾਣਾ, ਕਈ ਵਾਰ ਉਹ ਆਪਣੇ ਕੇਸ ਕਿੱਲ੍ਹੀ ਨਾਲ ਬੰਨ੍ਹ ਲੈਂਦੇ ਸਨ ਤਾਂ ਕਿ ਜੇ ਨੀਂਦ ਦਾ ਝੋਕਾ ਆਵੇ ਤਾਂ ਕੇਸ ਖਿੱਚੇ ਜਾਣ ਕਰਕੇ ਜਾਗ ਆ ਜਾਵੇ ਇਹ ਸਭ ਉਹ ਕਿਸੇ ਪਾਖੰਡ ਤਹਿਤ ਨਹੀਂ ਕਰਦੇ ਸੀ ਬਲਕਿ ਭਗਤੀ ਨੂੰ ਦ੍ਰਿੜ ਕਰਨ ਲਈ ਕਰਦੇ ਸਨ। ਇਸ ਤਰ੍ਹਾਂ ਉਹਨਾਂ ਨੇ ਬਹੁਤ ਸਖਤ ਘਾਲਣਾ ਕਰਕੇ ਆਪਣੀ ਆਤਮਿਕ ਅਵਸਥਾ ਉੱਚੀ ਕੀਤੀ।
ਕੁਝ ਸਾਲਾਂ ਬਾਅਦ, ਬਾਬਾ ਜੀ ਫਿਰ ਭੁੱਚੋ ਗਏ ਅਤੇ ਬਾਬਾ ਹਰਨਾਮ ਸਿੰਘ ਜੀ ਨੂੰ ਮਿਲੇ ਅਤੇ ਇਸ ਵਾਰ ਬਾਬਾ ਹਰਨਾਮ ਸਿੰਘ ਜੀ ਨੇ ਮਹਿਸੂਸ ਕੀਤਾ ਕਿ ਨੰਦ ਸਿੰਘ ਦੀ ਭਗਤੀ ਬਹੁਤ ਦ੍ਰਿੜ ਹੈ ਉਹਨਾਂ ਕਿਹਾ ਕਿ ਨੰਦ ਸਿੰਘ ਰਿੱਧੀਆਂ ਸਿੱਧੀਆਂ ਤੋਂ ਅਗਾਹ ਪਹੁੰਚ ਗਏ ਹੋ ਹੁਣ ਲੋਕਾਂ ਵਿੱਚ ਵਿਚਰ ਕੇ ਗੁਰਮਤਿ ਦਾ ਪ੍ਰਚਾਰ ਕਰੋ ਲੋਕਾਂ ਨੂੰ ਸਿੱਧੇ ਰਾਹ ਪਾਓ।
ਬਾਬਾ ਨੰਦ ਸਿੰਘ ਜੀ ਆਪਣੇ ਆਖਰੀ ਸਮੇਂ ਕਲੇਰਾਂ ਵਿਖੇ ਰਹੇ 29 ਅਗਸਤ 1943 ਨੂੰ ਸੱਚਖੰਡ ਲਈ ਰਵਾਨਾ ਹੋ ਗਏ ਅਤੇ ਉਨ੍ਹਾਂ ਦੀਆਂ ਅਸਥੀਆਂ ਸਿੱਧਵਰੀ ਪੱਤਣ ਵਿਖੇ ਸਤਲੁਜ ਦਰਿਆ ਵਿੱਚ ਪਾਈਆਂ ਗਈਆਂ। ਉਹਨਾਂ ਨੇ ਸਾਰੀ ਉਮਰ ਕਿਰਤ ਤੇ ਨਾਮ ਨਾਲ ਜੁੜਨ ਦਾ ਉਪਦੇਸ਼ ਦਿੱਤਾ ਪਰ ਅੱਜ ਨਾਨਕਸਰ ਕਲੇਰਾਂ ਗੁਰਦੁਆਰੇ ਵਿੱਚ ਸਭ ਤੋਂ ਵੱਧ ਵਿਹਲੜ ਸਾਧ ਨੇ ਜੋ ਕੋਈ ਕਿਰਤ ਨਹੀਂ ਕਰਦੇ।
ਆਪਣੇ ਜੀਵਨ ਕਾਲ ਵਿੱਚ ਉਹਨਾਂ ਨੇ ਆਪਣੀ ਕਿਰਤ ਦੇ ਨਾਲ-ਨਾਲ ਨਾਮ ਸਿਮਰਨ ਦਾ ਉਪਦੇਸ਼ ਦਿੱਤਾ, ਵਾਹਿਗੁਰੂ ਸਿਮਰਨ (ਰੱਬੀ ਨਾਮ ਦਾ ਦੁਹਰਾਓ) ਦੀ ਮਨੁੱਖਾ ਜੀਵਨ ਵਿੱਚ ਕੀਮਤ ਉੱਤੇ ਜ਼ੋਰ ਦਿੱਤਾ। ਬਾਬਾ ਨੰਦ ਸਿੰਘ ਜੀ ਮਿੱਟੀ ਨਾਲ ਇੱਕ ਅਸਥਾਈ ਝੌਂਪੜੀ ਵਰਗਾ ਢਾਂਚਾ ਆਪਣੇ ਲਈ ਅਤੇ ਦੂਜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਈ ਬਣਾਉਂਦੇ ਸਨ ਅਤੇ ਉਹ ਜਗ੍ਹਾ ਛੱਡ ਕੇ ਜਾਣ ਵੇਲੇ ਜੇ ਕਾਨ੍ਹਿਆਂ ਦੀ ਝੌਪੜੀਂ ਬਣਾਉਂਦੇ ਤਾਂ ਸਾੜ ਦਿੰਦੇ ਮਿੱਟੀ ਦੇ ਮੱਠ ਨੂੰ ਢਾਹ ਕੇ ਇੱਕ ਥਾਂ ਤੋਂ ਦੂਜੀ ਥਾਂ ਉੱਪਰ ਚਲੇ ਜਾਂਦੇ। ਉਹਨਾਂ ਨੇ ਇਸ ਤਰ੍ਹਾਂ ਪੱਕਾ ਠਿਕਾਣਾ ਕੋਈ ਵੀ ਬਣਾ ਕੇ ਨਾ ਰੱਖਿਆ ਕਿਉਂਕਿ ਉਹ ਆਪ ਵੀ ਕਿਸੇ ਸਰੀਰ ਜਾਂ ਸਥਾਨ ਨਾਲ ਨਹੀਂ ਜੁੜੇ ਨਾ ਹੀ ਉਹ ਅੱਗੇ ਕਿਸੇ ਨੂੰ ਜੋੜਨਾ ਚਾਹੁੰਦੇ ਸੀ। ਉਹ ਗੁਰੂ ਗ੍ਰੰਥ ਸਾਹਿਬ ਜੀ ਦਾ ਐਨਾ ਸਤਿਕਾਰ ਕਰਦੇ ਸਨ ਕਿ ਕੇਸਕੀ ਉੱਪਰ ਬੰਨ੍ਹੀ ਹੋਈ ਦਸਤਾਰ ਲਾਹ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਵਿੱਚ ਰਸਤੇ ਉੱਪਰ ਵਿਸ਼ਾ ਦਿੰਦੇ ਸਨ। ਉਹਨਾਂ ਦੇ ਕਹੇ ਅਨੇਕਾਂ ਬਚਨ ਸਤਿ ਸਾਬਤ ਹੋਏ। ਪਰ ਅੱਜਕੱਲ੍ਹ ਨਾਨਕਸਰ ਠਾਠਾਂ ਵਾਲਿਆਂ ਨੇ ਪੱਕੇ ਡੇਰੇ ਬਣਾ ਕੇ ਜਗ੍ਹਾ-ਜਗ੍ਹਾ ਲੋਕਾਂ ਦੀ ਲੁੱਟ ਦੇ ਕੇਂਦਰ ਖੋਲ੍ਹੇ ਹੋਏ ਹਨ ਤੇ ਕਿਧਰੇ ਮਹਿੰਗੀਆਂ ਗੱਡੀਆਂ ਤੇ ਕਿਧਰੇ ਸੋਨਾ ਲੋਕਾਂ ਤੋਂ ਭੇਟਾ ਵਿੱਚ ਲੈ ਰਹੇ ਨੇ ਤੇ ਬਾਬਾ ਜੀ ਦੇ ਅਕਸ ਨੂੰ ਢਾਹ ਲਾ ਰਹੇ ਹਨ। ਕਈ ਲੋਕ ਅਗਿਆਨਤਾ ਵੱਸ ਬਾਬਾ ਨੰਦ ਸਿੰਘ ਨੂੰ ਮਾੜਾ ਚੰਗਾ ਵੀ ਬੋਲਦੇ ਹਨ ਕਿਉਂਕਿ ਬਾਬਾ ਨੰਦ ਸਿੰਘ ਅਤੇ ਮਹਾਂ ਹਰਨਾਮ ਸਿੰਘ ਦੇ ਪੈਰੋਕਾਰਾਂ ਨੇ ਇਹਨਾਂ ਦੇ ਡੇਰਿਆਂ ਨੂੰ ਬਦਨਾਮ ਹੀ ਐਨਾ ਕਰ ਦਿੱਤਾ ਹੈ।
✍
ਰਾਜਪਾਲ ਸਿੰਘ ਘੱਲ ਕਲਾਂ