#ਗੁਰਦੁਆਰਾ ਸਾਹਿਬ ਦਾ ਮੰਤਵ
ਗੁਰੂ ਨਾਨਕ ਸਾਹਿਬ ਜਿੱਥੇ ਜਾਂਦੇ ਹੋਣਗੇ ਲੋਕ ਰਸ-ਭਿੰਨੇ ਕੀਰਤਨ ਦਾ ਅਨੰਦ ਰੂਹ ਕਰਕੇ ਮਾਣਦੇ ਹੋਣਗੇ। ਕਿੰਨੇ ਚੰਗੇ ਭਾਗ ਹੋਣੇ ਮਰਦਾਨੇ ਦੇ, ਕਿੰਨਾ ਵਧੀਆ ਇਨਸਾਨ ਅਤੇ ਰਬਾਬੀ ਹੋਵੇਗਾ ਕਿ ਜੋ ਗੁਰੂ ਸਾਹਿਬ ਨੇ ਉਸਨੂੰ ਹੀ ਚੁਣਿਆ। ਧੰਨ ਗੁਰੂ ਨਾਨਕ ਸਾਹਿਬ ਜੀ ਗਾਉਂਦੇ ਤੇ ਭਾਈ ਮਰਦਾਨਾ ਜੀ ਸੰਗੀਤ ਪ੍ਰਦਾਨ ਕਰਦੇ ਕਿਆ #ਅਲੌਕਿਕ ਦ੍ਰਿਸ਼ ਸਿਰਜਿਆ ਜਾਂਦਾ ਹੋਣਾ ਜਨੌਰ-ਪੰਛੀ ਵੀ ਸਭ ਸ਼ਾਂਤ ਚਿੱਤ ਹੋ ਜਾਂਦੇ ਹੋਣਗੇ ਤੁਰੇ ਜਾਂਦੇ ਰਾਹੀ ਵੀ ਮੋਹੇ ਜਾਂਦੇ ਹੋਣਗੇ। ਇਹ ਅਨੁਭਵ ਫੇਰ ਹੀ ਹੋ ਸਕਦਾ ਜੇ ਰੂਹ ਨਾਲ ਭਾਈ ਨਿਰਮਲ ਸਿੰਘ ਜੀ ਵਰਗੇ ਕੀਰਤਨੀਏ ਦਾ ਇੱਕ ਰਸ ਕੀਰਤਨ ਕਿਤੇ ਇਕਾਂਤ ਵਿੱਚ ਬੈਠ ਕਿ ਜਾਂ ਜਿਨ੍ਹਾਂ ਨੇ ਦਰਬਾਰ ਸਾਹਿਬ ਕਿਸੇ ਆਹਲਾ ਰਾਗੀ ਨੂੰ ਕੰਨੀ ਸੁਣਿਆ ਹੋਵੇ। ਇੰਝ ਗੁਰੂ ਸਾਹਿਬ ਜਿੱਥੇ ਜਿੱਥੇ ਗਏ ਉੱਥੇ ਸੰਗਤ ਲੱਗਣੀ ਸ਼ੁਰੂ ਹੋਈ ਗੁਰਦੁਆਰਾ ਸ਼ਬਦ ਦਾ ਅਗਾਜ਼ ਇੰਝ ਸੰਗਤ ਤੋਂ ਹੀ ਹੋਇਆ। ਕਦੇ ਕਦੇ ਗੁਰਬਾਣੀ ਦੇ ਸ਼ਬਦ ਵੀਚਾਰਦੇ ਲਗਦਾ ਹੁੰਦਾ ਕਿ ਹੋ ਸਕਦਾ ਸਾਧੂਆਂ ਨੇ ਵੀ ਪੈਸੇ ਮੰਗੇ ਹੋਣਗੇ ਗੁਰੂ ਨਾਨਕ ਸਾਹਿਬ ਤੋਂ ਪਰ ਗੁਰੂ ਸਾਹਿਬ ਨੇ ਉਹਨਾਂ ਨੂੰ ਪੈਸੇ ਦੇਣ ਦੀ ਬਜਾਏ ਲੰਗਰ ਛਕਾਇਆ ਤੇ ਇਹ ਪ੍ਰਥਾ ਤੋਰੀ ਕਿਉਂਕਿ ਜਦੋਂ ਕੋਈ ਸੰਗਤ ਰੂਪੀ ਸਮੂਹ ਵਿੱਚ ਬੈਠ ਕੇ ਛਕੇਗਾ ਤਾਂ ਬਰਾਬਰਤਾ ਦਾ ਅਭਾਵ ਪ੍ਰਗਟ ਹੋਵੇਗਾ। ਇਹ ਵੀ ਹੋ ਸਕਦਾ ਉਹਨਾਂ ਦੇ ਘਰ ਬਾਰ ਛੱਡਣ ਤੇ ਵੀ ਚਰਚਾ ਹੋਈ ਹੋਵੇ ਵੀ ਕਿਉਂ ਛੱਡੀ ਫਿਰਦੇ ਹੋ ਕਿਰਤ ਕਰਕੇ ਸਗੋਂ ਆਪ ਭੁੱਖਿਆਂ ਦਾ ਢਿੱਡ ਭਰੋ। ਧੰਨ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਗੁਰੂ ਸਾਹਿਬਾਨ ਨੇ ਵੱਡੀਆਂ ਉਮਰਾਂ ਭੋਗ ਕੇ ਛੋਟੀ ਉਮਰ ਵਿੱਚ ਮਾਅਰਕੇ ਮਾਰਨ ਦਾ ਉਪਦੇਸ਼ ਸਿੱਧਾਂ ਤੋਂ ਲੈ ਕੇ ਸਾਧਾਂ ਤਪੀਆਂ, ਰਿਖੀਆਂ ਜੋਗੀਆਂ, ਮੁਰੀਦਾਂ, ਕਾਜੀਆਂ ਤੇ ਪੰਡਤਾਂ ਨੂੰ ਦਿੱਤਾ। ਕਿਰਪਾਲ ਦਾਸ ਵਰਗੇ ਮਹੰਤ ਬੰਦਾ ਸਿੰਘ ਵਰਗੇ ਬੈਰਾਗੀ ਜੰਗਾਂ ਵਿੱਚ ਜੂਝਦੇ ਨਜਰ ਆਏ।
ਖੈਰ ਗੁਰੂ ਨਾਨਕ ਸਾਹਿਬ ਤੋਂ ਬਾਅਦ ਫੇਰ ਤਾਂ ਗੁਰੂ ਅੰਗਦ ਸਾਹਿਬ ਨੇ ਪ੍ਰਤੱਖ ਤੌਰ ਤੇ ਲੰਗਰ ਪ੍ਰਥਾ ਹੀ ਸ਼ੁਰੂ ਕਰ ਦਿੱਤੀ ਗਈ 'ਪਹਿਲੇ ਪੰਗਤ ਪਾਛੈ ਸੰਗਤ'। ਲੰਗਰ ਵਿੱਚ ਹਿੱਸਾ ਪਾਉਣ ਲਈ ਤੁਹਾਨੂੰ ਮੋਟੀ ਰਕਮ ਨਹੀਂ ਚਾਹੀਦੀ ਤੁਸੀਂ ਕਿਸੇ ਵੀ ਰਸਦ ਨਾਲ ਆਪਣੀ ਸਮਰਥਾ ਅਨੁਸਾਰ ਯੋਗਦਾਨ ਪਾ ਸਕਦੇ ਹੋ ਕੁਝ ਮੇਰੇ ਵਰਗੇ ਬੰਦਿਆਂ ਨੂੰ ਵਹਿਮ ਹੁੰਦਾ ਸਾਡੀ ਦੇਗ ਦੀ ਅਰਦਾਸ ਜਾਂ ਲੰਗਰ ਦੀ ਅਰਦਾਸ ਜੇ ਨਾਮ ਬੋਲ ਕੇ ਨਾ ਹੋਈ ਤਾਂ ਸ਼ਾਇਦ ਗੁਰੂ ਸਾਹਿਬ ਨੂੰ ਪਤਾ ਹੀ ਨਾ ਲੱਗੇ ਕਿ ਲੰਗਰ ਵਰਿਆਮ ਸਿਓਂ ਕੇ ਟੱਬਰ ਨੇ ਲਾਇਆ ਸੀ।
ਗੁਰੂ ਘਰ ਦੇ ਵਿੱਚ ਇਕੱਲੇ ਲੰਗਰ ਦਾ ਹੀ ਜਿਆਦਾ ਮਹੱਤਵ ਨਹੀਂ ਬਲਕਿ ਗੁਰੂ ਸਾਹਿਬ ਨੇ ਇਸ ਨੂੰ ਬਹੁ ਮੰਤਵੀ #ਧਰਮਸ਼ਾਲਾ ਬਣਾਇਆ ਦੂਰੋ ਨੇੜਿਓਂ ਆਏ ਭੁੱਖੇ ਨੂੰ ਲੰਗਰ, ਇਸ਼ਨਾਨ ਲਈ ਸਰੋਵਰ, ਪੀਣਯੋਗ ਪਾਣੀ ਲਈ ਬਾਉਲੀਆਂ/ਝਰਨੇ, ਬੀਮਾਰਾਂ ਰੋਗੀਆਂ ਲਈ ਦਵਾਖਾਨੇ, ਯਾਤਰੀਆਂ ਦੇ ਰਹਿਣ ਲਈ ਸਰਾਂਵਾਂ, ਪੜ੍ਹਾਈ ਲਈ ਟਕਸਾਲ। ਭਾਈ #ਕਾਹਨ_ਸਿੰਘ_ਨਾਭਾ ਅਨੁਸਾਰ ਇਹ ਛੇ ਚੀਜ਼ਾਂ ਗੁਰਦੁਆਰਾ ਸਾਹਿਬ ਦੀ ਹੋਂਦ ਲਈ ਜਰੂਰੀ ਨੇ 1. ਸੰਗਤ (ਜੋ ਅਕਾਲ ਉਸਤਤਿ ਕਰੇ), 2. ਲੰਗਰ (ਪੰਗਤ ਵਿੱਚ), 3. ਸਰਾਂ ਰਿਹਾਇਸ਼, 4. ਵਿੱਦਿਆ, 5. ਦਵਾਖਾਨਾ, 6. ਨਿਤਾਣੇ ਨੂੰ ਤਾਣ ਦੇ ਦੇਵਣ ਵਾਲਾ ਭਰੋਸਾ। ਗੁਰੂ ਅੰਗਦ ਸਾਹਿਬ ਜੀ ਨੇ ਮੱਲ ਅਖਾੜਾ ਸ਼ੁਰੂ ਕੀਤਾ ਤਾਂ ਕਿ ਨੌਜਵਾਨ ਖੇਡਾਂ ਖੇਡਦੇ ਰਿਸ਼ਟ ਪੁਸ਼ਟ ਰਹਿਣ। ਗੁਰੂ ਸਾਹਿਬਾਨ ਨੇ ਆਪਣੇ ਸਮੇਂ ਲੋਕਾਂ ਦੇ ਝਗੜੇ ਵੀ ਮਿਟਾਏ ਸੁਲਾਹ ਵੀ ਕਰਵਾਈਆਂ ਤੇ ਝਗੜਿਆਂ ਦੇ ਨਿਪਟਾਰੇ ਵੀ ਕੀਤੇ। ਗੁਰੂ ਰਾਮਦਾਸ ਸਾਹਿਬ ਭਵਨ ਨਿਰਮਾਣ ਕਲ੍ਹਾ ਦੇ ਬਿਹਤਰੀਨ ਇੰਜਨੀਅਰ ਹੋਏ ਜਿੰਨਾ ਨੇ ਅੰਮ੍ਰਿਤਸਰ ਸ਼ਹਿਰ ਸਭ ਤਰ੍ਹਾਂ ਦੇ ਕਿਰਤੀਆਂ ਨੂੰ ਇਕੱਠੇ ਕਰਕੇ ਵਸਾਇਆ। ਗੁਰੂ ਅਰਜਨ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਹੋਣ ਦੇ ਨਾਲ ਨਾਲ ਦੁਨੀਆਂ ਦੇ ਮਹਾਨਤਮ ਸੰਪਾਦਕ ਵੀ ਹੋਏ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਸੰਪਾਦਨਾ ਕਰਕੇ ਹਰ ਸ਼ਬਦ ਦੇ ਪਿੱਛੇ ਜਾਣਕਾਰੀ ਅੰਕਿਤ ਕੀਤੀ ਹਰ ਸ਼ਬਦ ਇੱਕ ਖਾਸ ਤਰਤੀਬ ਵਿੱਚ ਹੈ। ਗੁਰੂ ਹਰਿਗੋਬਿੰਦ ਸਾਹਿਬ ਜੀ ਨੇ #ਸ਼ਸ਼ਤਰ ਵਿਦਿਆ ਦੀ ਸ਼ੁਰੂਆਤ ਕੀਤੀ ਅਕਾਲ ਤਖ਼ਤ ਸਾਹਿਬ ਤੋਂ ਤਿਆਰੀ ਆਰੰਭ ਕਰਵਾਈ ਸਿੱਖਾਂ ਨੂੰ ਹੁਕਮ ਕੀਤਾ ਕਿ ਸ਼ਸ਼ਤਰ ਭੇਟਾ ਵਿੱਚ ਲੈ ਕੇ ਆਉ। ਗੁਰੂ ਹਰਿ ਰਾਇ ਸਾਹਿਬ ਜੀ ਨੇ ਦਵਾਖਾਨੇ ਉੱਪਰ ਕੰਮ ਕੀਤਾ ਦਾਰਾ ਸ਼ਿਕੋਹ ਵਰਗੇ ਰੋਗੀਆਂ ਦਾ ਸਫਲਤਾ ਪੂਰਵਕ ਇਲਾਜ ਕੀਤਾ। ਗੁਰੂ ਸਾਹਿਬ ਦੇ ਹੁੰਦਿਆਂ ਬੇਸ਼ੱਕ ਕਿਸੇ ਸਿੱਖ ਨੂੰ ਕੋਈ ਖਤਰਾ ਨਹੀਂ ਸੀ ਪਰ ਸਿੱਖਾਂ ਨੂੰ ਅੱਗੇ ਆਉਣ ਵਾਲੇ ਖਤਰਿਆਂ ਲਈ ਤਿਆਰ ਕੀਤਾ ਗਿਆ। ਅੱਜ ਭੰਤੇ ਵਰਗੇ ਕਹਿ ਦਿੰਦੇ ਸ਼ਸ਼ਤਰ ਦੀ ਕੀ ਲੋੜ ਹੈ ਭਾਈ ਪੁਲਿਸ ਵਾਲਿਆਂ ਦੇ ਤਾਂ ਆਪ ਲਫੇੜੇ ਮਾਰਕੇ ਚੋਰ ਲੁੱਟ ਖੋਹ ਕਰ ਜਾਂਦੇ ਆ ਜੇ ਤੁਹਾਡੇ ਕੋਲ 3 ਫੁੱਟੀ ਕਿਰਪਾਨ ਕੋਲ ਹੈ ਗੱਤਕਾ ਆਉਂਦਾ ਤਾਂ ਤੁਸੀਂ ਰਿਵਾਲਵਰ ਵਾਲੇ ਦਾ ਵੀ ਗੁੱਟ ਵੱਡ ਕੇ ਫੜ੍ਹਾ ਦਿਉਗੇ ਨਹੀਂ ਤਾਂ ਬਟੂਆ, ਮੋਬਾਈਲ ਤੇ ਮੋਟਰ ਸਾਈਕਲ ਤਾਂ ਖੁਹਾ ਆਓਂਗੇ ਨਾਲ ਕੁੱਟ ਵੀ ਖਾ ਕੇ ਆਓਂਗੇ। ਸ਼ਸ਼ਤਰ ਵਿਦਿਆ ਕਿਸੇ ਗਰੀਬ ਨੂੰ ਡਰਾਉਣ ਲਈ ਨਹੀਂ ਬਲਕਿ ਸਵੈ-ਰੱਖਿਆ ਤੇ ਮਜਲੂਮਾਂ ਦੇ ਨਾਲ ਕੋਈ ਧੱਕਾ ਨਾ ਹੋਵੇ ਇਸ ਲਈ ਦਿੱਤੀ ਜਾਂਦੀ ਹੈ।
ਹੁਣ ਅਸੀਂ ਜਿਆਦਾ ਜੋਰ ਲੰਗਰਾਂ ਤੇ ਦਿੱਤਾ ਹੈ ਕਿਸੇ ਵਿਰਲੇ ਟਾਵੇਂ ਗੁਰੂ ਘਰ ਵਿੱਚ ਦਵਾਖਾਨਾ, ਡਾਕਟਰ, ਅਤੇ ਪੜ੍ਹਾਈ ਦੀ ਸਹੂਲਤ ਹੈ ਨਹੀਂ ਤਾਂ ਕਈ ਗੁਰੂ ਘਰਾਂ ਵਿੱਚ ਕਿਸੇ ਦੂਰੋਂ ਆਏ ਯਾਤਰੀ ਨੂੰ ਰਹਿਣ ਵੀ ਨਹੀਂ ਦਿੱਤਾ ਜਾਂਦਾ। ਜੇ ਤੁਸੀਂ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਜਾਓਂ ਤਾਂ ਕਮਰਾ ਸ਼੍ਰੋਮਣੀ ਕਮੇਟੀ ਦੀ ਸਿਫਾਰਸ਼ ਨਾਲ ਮਿਲਦਾ ਤੇ ਅਨੇਕਾਂ ਕਮਰਿਆਂ ਦੀ ਕਮੇਟੀ ਵੱਲੋਂ ਦੁਰਵਰਤੋਂ ਵੀ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਵਿਦੇਸ਼ਾਂ ਵਿੱਚ ਗੁਰੂਘਰਾਂ ਦੀ ਦੁਰਵਰਤੋਂ ਹੁੰਦੀ ਹੈ ਟੈਕਸ ਬਚਾਉਣ ਲਈ ਘਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਕਾਸ਼ ਕਰ ਲਿਆ ਜਾਂਦਾ, ਬਹੁਤੇ ਲੋਕ ਬੱਚਿਆਂ ਤੇ ਬੁੱਢਿਆਂ ਦੇ ਮਨੋਰੰਜਨ ਲਈ ਵੀਕੈਂਡ ਤੇ ਜਾਂਦੇ ਆ ਗੁਰਬਾਣੀ ਪੜ੍ਹਨ, ਸੁਣਨ ਜਾਂ ਬੱਚਿਆਂ ਨੂੰ ਸਿਖਾਉਣ ਵਾਲੇ ਤਾਂ ਬਹੁਤ ਥੋੜੇ ਨੇ। ਮਸਕੀਨ ਜੀ ਕਹਿੰਦੇ ਹੁੰਦੇ ਸਨ ਕਿ ਜੋ ਬੰਦਾ ਆਪਣੇ ਘਰ ਨੂੰ ਬਾਣੀ ਪੜ੍ਹਕੇ ਸੱਚ ਦੇ ਮਾਰਗ ਤੇ ਚੱਲ ਕੇ ਗੁਰਦੁਆਰਾ ਬਣਾ ਦੇਵੇ ਇਹੋ ਜਿਹੇ ਪ੍ਰਬੰਧਕ ਗੁਰਦੁਆਰੇ ਨੂੰ ਟਕਸਾਲ ਬਣਾਂਵਦੇ ਨੇ ਨਹੀਂ ਤਾਂ ਗੁਰਦੁਆਰਾ ਇੱਕ ਮਨੋਰੰਜਨ ਸਥਾਨ ਹੀ ਰਹਿੰਦਾ ਹੈ। ਮੇਰਾ ਨਿੱਜੀ ਮੰਨਣਾ ਹੈ ਕਿ ਜਿਸ ਗੁਰੂ ਘਰ ਵਿੱਚ ਬੱਚਿਆਂ ਨੂੰ ਸੰਥਿਆ, ਗੱਤਕਾ, ਦਸਤਾਰ ਆਦਿ ਦੀ ਸਿਖਲਾਈ ਦਿੱਤੀ ਜਾਂਦੀ ਹੈ ਕਿਸੇ ਵੀ ਤਰ੍ਹਾਂ ਦਾ ਦਾਨ ਵੀ ਇਹੋ ਜਿਹੇ ਗੁਰੂ ਘਰ ਵਿੱਚ ਹੀ ਦੇਣਾ ਚਾਹੀਦਾ ਨਹੀਂ ਤਾਂ ਖਾਲੀ ਹੱਥ ਮੱਥਾ ਟੇਕੋ ਮਿਹਨਤ ਦਾ ਪੈਸਾ ਅਜਾਈਂ ਨਾ ਗਵਾਓ।
ਸਿੱਖ ਧਰਮ ਬਹੁਤ ਫਿਰਾਕ ਦਿਲੀ ਵਾਲਾ ਧਰਮ ਹੈ ਦੋ ਚੀਜ਼ਾਂ ਸਿੱਧੇ ਤੌਰ ਤੇ ਮਨ੍ਹਾ ਨੇ ਇੱਕ ਕੇਸ ਕਤਲ ਕਰਨਾ ਤੇ ਦੂਜਾ ਤੰਬਾਕੂ ਦੀ ਵਰਤੋਂ। ਬਾਕੀ ਸਾਨੂੰ ਬਾਣੀ ਪੜ੍ਹ ਕੇ ਸਮਝ ਆਉਂਦੀਆਂ ਨੇ ਕਿ ਐਸਾ ਖਾਣਾ ਪੀਣਾ ਨਹੀਂ ਐਸੇ ਕਪੜੇ ਨਹੀਂ ਪਹਿਨਣੇ। ਗੁਰਬਾਣੀ ਸਮਝ ਕੇ ਸਾਨੂੰ ਗੁਰੂ ਘਰ ਆਉਣ ਜਾਣ ਦੀ ਮਾਨ-ਮਰਿਆਦਾ, ਪਹਿਨਣ ਦੀ ਮਰਿਆਦਾ ਦਾ ਪਤਾ ਲਗਦਾ। ਆਸਾ ਦੀ ਵਾਰ ਵਿੱਚ ਵੀ ਕਾਫੀ ਕੁਝ ਮਿਲਦਾ ਸਾਨੂੰ ਮਰਿਯਾਦਾ ਤੇ ਸੁਭਾਅ ਸਮਝਣ ਬਾਰੇ।
ਸਿਰੀਰਾਗੁ ਮਹਲਾ ੧
ਸਭਿ ਰਸ ਮਿਠੇ ਮੰਨਿਐ ਸੁਣਿਐ ਸਾਲੋਣੇ॥
ਖਟ ਤੁਰਸੀ ਮੁਖਿ ਬੋਲਣਾ ਮਾਰਣ ਨਾਦ ਕੀਏ॥ ਅੰਗ ੧੬
ਇਸ ਉਪਰੋਕਤ ਸ਼ਬਦ ਵਿੱਚ ਅੱਗੇ ਜਾ ਕੇ ਪਹਿਨਣ, ਖਾਣ, ਸਵਾਰੀ ਕਰਨ ਸੌਣ ਜਿੰਦਗੀ ਵਿੱਚ ਕੀ ਲੋੜਾ ਨੇ ਬਹੁਤ ਕੁਝ ਦੱਸਿਆ ਗੁਰਸਿੱਖ ਜੀਵਨ ਬਾਰੇ ਕਿ ਅਜਿਹਾ ਹੋ ਸਕਦਾ ਪਰ ਹਰ ਇੱਕ ਨੂੰ ਸਮਝ ਨਹੀਂ ਆਉਂਦੀ ਕਿ ਅਜਿਹੇ ਕੱਪੜੇ ਨਾ ਪਹਿਨੀਏ ਜਿਸ ਨਾਲ ਸਾਡੇ ਜਾਂ ਕਿਸੇ ਹੋਰ ਦੇ ਮਨ ਵਿੱਚ ਵਿਕਾਰ ਚੱਲਣ ਅਜਿਹਾ ਨਾ ਖਾਈਏ ਜਿਸ ਨਾਲ ਮਨ ਵਿੱਚ ਵਿਕਾਰ ਚੱਲਣ, ਚਿੱਟੇ ਪਾ ਕੇ ਘੋੜੀ ਜਾਂ ਮਹਿੰਗੀ ਗੱਡੀ ਤੇ ਆਪਣਾ ਹੰਕਾਰ ਮੱਠਾ ਕਰਨ ਲਈ ਹੀ ਗੇੜੇ ਨਾ ਕੱਡੀ ਜਾਈਏ।
ਪੁੰਨ ਦਾਨ ਜਪ ਤਪ ਜੇਤੇ ਸਭ ਊਪਰਿ ਨਾਮਿ॥
ਹਰਿ ਹਰਿ ਰਸਨਾ ਜੋ ਜਪੈ ਤਿਸੁ ਪੂਰਨੁ ਕਾਮੁ॥੩॥ਅੰਗ ੪੦੧॥
ਉਦਾਹਰਣ ਬਹੁਤ ਨੇ ਗੁਰਬਾਣੀ ਵਿੱਚ ਆਪਣੀ ਤੁੱਛ ਬੁੱਧੀ ਮੁਤਾਬਿਕ ਲਿਖ ਛੱਡੀਆਂ। ਲਿਖਦਾ ਮੈਂ ਇਸ ਕਰਕੇ ਰਹਿਨਾ ਕਿ ਕਿਸੇ ਤੇ ਅਸਰ ਹੋਵੇ ਨਾ ਹੋਵੇ ਜੇ ਕਦੇ ਮੈਂ ਭਟਕ ਗਿਆ ਤੇ ਸਾਲਾਂ ਬਾਅਦ ਫੇਸਬੁੱਕ ਮੈਮਰੀ ਸਾਹਮਣੇ ਆਈ ਤਾਂ ਯਾਦ ਰਹੇ ਕਿ ਰਸਤਾ ਗਲਤ ਦਿਸ਼ਾ ਵੱਲ ਤਾਂ ਨਹੀਂ ਮੁੜਦਾ ਜਾ ਰਿਹਾ।
ਬੇਅੰਤ ਭੁੱਲਾਂ ਦੀ ਖਿਮਾਂ ਸਹਿਤ
ਰਾਜਪਾਲ ਸਿੰਘ ਘੱਲ ਕਲਾਂ
19/03/2024