
ਸਬਰ-ਸੰਤੋਖ ਵਿੱਚ ਵੱਡੀਆਂ ਨਿਆਮਤਾਂ
ਕਰਜ਼ਾ ਹੋਵੇ ਸਿਰ ਤਾਂ ਘਰ ਵਿੱਚ ਕੰਧ ਨਹੀਂ ਕੱਢੀਦੀ,
ਰੋਟੀ ਕਰ ਲਈਏ ਅੱਢ ਪਰ ਜ਼ਮੀਨ ਨਹੀਂ ਵੰਡੀਦੀ,
ਕੀ ਕੀਤਾ ਮੇਰੇ ਲਈ ਪਿਉ ਨੂੰ ਕਦੇ ਇਹ ਕਹੀਏ ਨਾ,
ਪੈਸੇ ਫੜ੍ਹਕੇ ਉਧਾਰ ਰੋਟੀ ਖਾਣ ਹੋਟਲ ਤੇ ਬਹੀਏ ਨਾ,
ਭੰਡੀਏ ਨਾ ਧੀਆ ਸਾਹਮਣੇ ਘਰ ਵਾਜਿਆਂ ਨਾ ਆਈ ਨੂੰਹ,
ਪੰਚਾਇਤ ਵਿੱਚ ਕਦੇ ਆਪੋਂ ਵੱਡਿਆਂ ਨੂੰ ਕਰੀਏ ਨਾ ਤੂੰਂ-ਤੂੰਂ,
ਗੁਰੂ ਘਰ ਜਾਕੇ ਸੱਜਣਾ ਮਾਰੀਏ ਨਾ ਵੱਡੀ ਫੜ੍ਹ ਕੋਈ,
ਪਸ਼ੂ ਤੇ ਪੰਛੀ ਜਾਲ ਵਿਛਾ ਕੈਦ ਨਾ ਕਰੀਏ ਲਾ ਦੜ੍ਹ ਕੋਈ,
ਬਹੁਤਾ ਹੀ ਹੋਵੇ ਮੂੰਹ ਦਾ ਮਿੱਠਾ ਇਤਬਾਰ ਕਦੇ ਕਰੀਏ ਨਾ,
ਗੁਣਾਂ ਦੀ ਹੋਵੇ ਖਾਨ ਕਲਾਕਾਰ, ਐਂਵੇ ਸਿਰ ਤੇ ਧਰੀਏ ਨਾ,
ਫੜੀਏ ਬਾਹ ਗਰੀਬ ਦੀ ਤੇ ਘਰ ਚੱਲ ਆਏ ਸਵਾਲੀ ਦੀ,
ਕਰੀਏ ਨਾ ਸਵਾਰੀ ਡਾਲੇ ਤੇ ਬਹਿਕੇ ਕਦੇ ਟਰਾਲੀ ਦੀ,
ਯਾਰ ਦੇ ਵਿਆਹ ਦੇ ਵਿੱਚ ਵੱਡੇ ਭਾਈ ਜਿਹੀ ਜਿੰਮੇਵਾਰੀ ਰੱਖੀਏ,
ਬਾਪੂ ਦੇ ਜਿਉਂਦਿਆਂ ਆਪਣੇ ਹੱਥ ਨਾ ਕਾਰ-ਮੁਖਤਿਆਰੀ ਰੱਖੀਏ,
ਅਮ੍ਰਿਤ ਛਕ ਕੇ ਦੇਈਏ ਨਾ ਕਦੇ ਰਾਹ ਜਾਂਦੇ ਮੁੱਛਾਂ ਨੂੰ ਤਾਅ,
ਉੱਠ ਨਿਰਣੇ ਕਲੇਜੇ ਮੂੰਹ ਨੂੰ ਨਾ ਲਾਈਏ ਜੀ ਕਦੇ ਚਾਹ,
ਸਕਿਆਂ ਭਰਾਵਾਂ ਤੇ ਨਾ ਭੁੱਲਕੇ ਫੌਜਦਾਰੀ ਦਾਅਵਾ ਕਰੀਏ,
ਹੁੰਦਾ ਵੇਖ ਜੁਲਮ ਮਜਲੂਮ ਤੇ ਦਰਸ਼ਕ ਬਣਕੇ ਨਾ ਜਰੀਏ,
ਪੰਜਾਂ ਸਾਲਾਂ ਤੋਂ ਛੋਟੇ ਨਿਆਣੇ ਨੂੰ ਗਿੱਲਾ ਬਹੁਤਾ ਨਾ ਘੂਰੀਏ,
ਖਾਈਏ ਨਾ ਕਸਮ ਕਦੇ ਵੀ, ਕਰੀਏ ਜੇ ਵਾਅਦਾ ਸਦਾ ਪੂਰੀਏ,
ਚੱਕੀਏ ਨਾ ਨਜਾਇਜ਼ ਫਾਇਦਾ ਜੀ ਕਿਸੇ ਦੇ ਭੋਲੇਪਣ ਦਾ,
'ਗਿੱਲਾ' ਕਰੀਏ ਨਾ ਹੰਕਾਰ ਅਕਲ, ਪੈਸੇ ਤੇ ਵੱਡੇ ਤਨ ਦਾ,
ਜਵਾਨੀ ਦੇ ਜੋਸ਼ ਵਿੱਚ ਅੰਨੇ ਹੋ ਨਾ ਖੱਟੀਏ ਅਲਾਮਤਾਂ,
ਘੱਲਾ ਵਾਲਿਆਂ ਸਬਰ-ਸੰਤੋਖ ਵਿੱਚ ਵੱਡੀਆਂ ਨਿਆਮਤਾਂ।
15/5/2022
ਧੰਨਵਾਦ ਸਹਿਤ
ਲਿਖਤ ਰਾਜਪਾਲ ਸਿੰਘ ਘੱਲ ਕਲਾਂ