
2 ਸਤੰਬਰ 1926 ਵਾਲੇ ਦਿਨ ਸਿੱਖ ਕੌਮ ਦੇ ਮਹਾਨ ਕੀਰਤਨੀਏ ਭਾਈ ਸਾਹਿਬ ਭਾਈ ਹੀਰਾ ਸਿੰਘ ਰਾਗੀ ਦਾ ਦੇਹਰਾਦੂਨ ਵਿਖੇ, ਕੈਂਸਰ ਦੀ ਬਿਮਾਰੀ ਦੇ ਨਾਲ ਦੇਹਾਂਤ ਹੋ ਗਿਆ:
ਗੁਰਦੀਪ ਸਿੰਘ ਜਗਬੀਰ ( ਡਾ.)
ਭਾਈ ਸਾਹਿਬ ਭਾਈ ਹੀਰਾ ਸਿੰਘ ਜੀ ਰਾਗੀ, ਸਿੱਖ ਧਰਮ ਦੀ ਧਿਆਨ ਰੂਪੀ ਭਗਤੀ ਦੀ ਸੰਗੀਤ ਬਿਰਤੀ ਦੇ ਮਾਹਰ ਸਨ ਜਿਨ੍ਹਾਂ ਦਾ ਜਨਮ ਹੁੰਣਵੇਂ ਪਾਕਿਸਤਾਨ ਦੇ ਸ਼ਾਹਪੁਰ ਜ਼ਿਲੇ ਵਿੱਚ ਪਿੰਡ ਫ਼ਰੂਕਾ ਵਿੱਖੇ, ਪਿਤਾ ਭਾਈ ਭਾਗ ਸਿੰਘ ਅਤੇ ਮਾਤਾ ਸਤ ਭਰਾਈ ਦੇ ਗ੍ਰਹਿ ਵਿਖੇ 1879 ਨੂੰ ਹੋਇਆ ਸੀ। ਭਾਈ ਭਾਗ ਸਿੰਘ ਖੁਦ ਸ਼ਾਸਤਰੀ ਸੰਗੀਤ ਵਿਚ ਪੂਰਣ ਨਿਪੁੰਨ ਸਨ ਅਤੇ ਸਾਰੰਗੀ ਅਤੇ ਤਾਊਸ ਵਜਾਂਉਂਣ ਵਿੱਚ ਆਪ ਨੂੰ ਸਤਿਗੁਰੂ ਜੀ ਨੇ ਵਿਸ਼ੇਸ਼ ਦਾਤ ਬਖਸ਼ੀ ਸੀ।ਭਾਈ ਹੀਰਾ ਸਿੰਘ , ਸਾਹੀਵਾਲ ਵਿਖੇ ਮਿਡਲ ਸਕੂਲ ਵਿਚ ਪੜ੍ਹਨ ਦੇ ਲਈ ਦਾਖ਼ਲ ਤਾਂ ਹੋਏ ਪਰ ਛੇਤੀ ਹੀ ਆਪ ਨੇ ਇਹ ਸਕੂਲ ਛੱਡ ਦਿੱਤਾ। ਪਰ ਧਾਰਮਿਕ ਰੁਚੀ ਹੋਣ ਕਾਰਨ ਆਪ ਨੇ ਧਾਰਮਿਕ ਗ੍ਰੰਥਾਂ ਦਾ ਅਧਿਐਨ ਕਰਨ ਦਾ ਮਨ ਬਣਾਇਆ ਅਤੇ ਇਸ ਦੇ ਲਈ ਪਿੰਡ ਫਰੂਕਾ ਦੇ ਹੀ ਭਾਈ ਮਾਹਣਾ ਸਿੰਘ ਕੋਲ ਪੁੱਜੇ ਅਤੇ ਧਾਰਮਿਕ ਫਲਸਫੇ ਦਾ ਅਧਿਐਨ ਸ਼ੁਰੂ ਕਰ ਦਿੱਤਾ । ਸੰਗੀਤ ਦੀ ਵਿੱਦਿਆ ਤਾਂ ਆਪ ਨੇ ਆਪਣੇ ਪਿਤਾ ਪਾਸੋਂ ਹਾਸਲ ਕੀਤੀ ਹੀ ਹੋਈ ਸੀ, ਉਸ ਸਦਕਾ ਆਪ ਨੇ ਪਿੰਡ ਫਰੂਕਾ ਦੇ ਗੁਰਦੁਆਰਾ ਸਾਹਿਬ ਵਿਖੇ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ।
15 ਸਾਲ ਦੀ ਉਮਰ ਵਿਚ ਆਪ ਦਾ ਆਨੰਦ ਕਾਰਜ ਬੀਬੀ ਭਾਵਾਂ ਉਰਫ਼ ਪ੍ਰੇਮ ਕੌਰ ਦੇ ਨਾਲ ਹੋ ਗਿਆ । ਪਹਿਲਾਂ ਪਹਿਲ ਆਪ ਰਾਵਲ ਪਿੰਡੀ ਵਿਖੇ ਨਿਰੰਕਾਰੀ ਦਰਬਾਰ ਅਤੇ ਭੈਣੀ ਸਾਹਿਬ ਵਿਖੇ ਨਾਮਧਾਰੀ ਦਰਬਾਰ ਵਿਚ ਜਾਇਆ ਕਰਦੇ ਸਨ ਪਰ ਬਾਅਦ ਵਿਚ ਬਾਬਾ ਅਤਰ ਸਿੰਘ ਮਸਤੂਆਣਾ ਵਾਲਿਆਂ ਦੀ ਪ੍ਰੇਰਣਾ ਦੇ ਨਾਲ ਉਨ੍ਹਾਂ ਦੇ ਜਥੇ ਵਿਚ ਸ਼ਾਮਲ ਹੋ ਗਏ।
1897 ਵਿਚ , ਆਪ ਆਪਣੀ ਪਤਨੀ ਦੇ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਰਹਿਣ ਲੱਗ ਪਏ।ਇਥੇ ਆਪ ਨੇ ਖ਼ਾਲਸਾ ਟ੍ਰੈਕਟ ਸੁਸਾਇਟੀ ਵਿਚ ਕੰਮ ਕਰਣਾ ਸ਼ੁਰੂ ਕਰ ਦਿੱਤਾ ਅਤੇ ਨਾਲੋ ਨਾਲ ਇੱਥੇ ਹੀ ਆਪ ਨੇ ਸਿੱਖ ਧਾਰਮਿਕ ਗ੍ਰੰਥਾਂ ਦਾ ਵੀ ਡੂੰਘਾ ਅਧਿਐਨ ਕੀਤਾ। ਆਪ ਭਾਈ ਵੀਰ ਸਿੰਘ ਦੀ ਸਖਸ਼ੀਅਤ ਤੋਂ ਪ੍ਰਭਾਵਿਤ ਸਨ। ਮਹੰਤ ਤਖ਼ਤ ਸਿੰਘ ਪਾਸੋਂ ਹਰਮੋਨੀਅਮ ਸਿੱਖਣ ਤੋਂ ਬਾਅਦ ਆਪ ਨੇ ਆਪਣੇ ਪਿਤਾ ਜੀ ਦੇ ਨਾਲ ਮਿਲ ਕੇ ਆਪਣਾ ਵਖਰਾ ਰਾਗੀ ਜਥਾ ਬਣਾ ਲਿਆ ਅਤੇ ਇਹ ਜਥਾ ਸਿੱਖ ਸੰਗਤਾਂ ਵਿਚ ਗੁਰਬਾਣੀ ਦਾ ਕੀਰਤਨ ਕਰਨ ਕਰਕੇ ਬਹੁਤ ਪ੍ਰਸਿੱਧ ਹੋ ਗਿਆ ਆਪ ਨੇ ਇੰਜ ਕੀਰਤਨ ਗਾਇਨ ਰਾਹੀਂ ਚੋਖਾ ਨਾਮਣਾ ਖੱਟਿਆ । ਭਾਈ ਹੀਰਾ ਸਿੰਘ ਜੀ ਨੇ ਕੀਰਤਨ ਦੇ ਨਾਲ ਗੁਰਬਾਣੀ ਦੀ ਵਿਆਖਿਆ ਵੀ ਸ਼ੁਰੂ ਕਰ ਦਿੱਤੀ।
1902 ਸਾਲ ਦੇ ਦੌਰਾਨ ਚੀਫ਼ ਖ਼ਾਲਸਾ ਦੀਵਾਨ ਦੀ ਸਥਾਪਨਾ ਦੇ ਨਾਲ ਹੀ ਆਪ ਇਸ ਜਥੇਬੰਦੀ ਵਿੱਚ ਸ਼ਾਮਲ ਹੋ ਗਏ ਅਤੇ ਸਿੱਖੀ ਪ੍ਰਚਾਰ ਰਾਹੀਂ ਸਿੱਖ ਧਰਮ ਨੂੰ ਫੈਲਾਉਣ ਦੇ ਲਈ ਅਣਥੱਕ ਮੇਹਨਤ ਕੀਤੀ ।
1924 ਦੇ ਅੱਧ ਵਿਚ ਭਾਈ ਹੀਰਾ ਸਿੰਘ ਨੂੰ ਪੇਟ ਦਾ ਕੈਂਸਰ ਹੋ ਗਿਆ ਅਤੇ ਇਸ ਨਾਮੁਰਾਦ ਬਿਮਾਰੀ ਕਾਰਣ ਆਪ ਦੇਹਰਾਦੂਨ ਵਿਖੇ 2 ਸਤੰਬਰ 1926 ਵਾਲੇ ਦਿਨ ਅਕਾਲ ਚਲਾਣਾ ਕਰ ਗਿਆ।
ਭੁੱਲਾਂ ਦੀ ਖਿਮਾ:
ਗੁਰਦੀਪ ਸਿੰਘ ਜਗਬੀਰ (ਡਾ.)