
ਗੁਰਬਾਣੀ ਪੜ੍ਹਨੀ ਸਹਿਜ ਦਾ ਕੰਮ ਹੈ ਸਾਡੇ ਅੰਦਰ ਭਟਕਣਾ ਲੱਗੀ ਹੁੰਦੀ ਹੈ ਕਿ ਅਸੀਂ ਆਹ ਕਰਨਾ ਔਹ ਕਰਨਾ, ਪਰ ਸਹਿਜ ਵਿਰਲੇ ਬੰਦੇ ਦੇ ਅੰਦਰ ਕਿਸੇ ਗੁਰਮੁਖਿ ਦੇ ਅੰਦਰ ਹੈ ਮੇਰੇ ਵਰਗੇ ਤਾਂ ਪਾਠ ਕਰਦੇ ਵੀ ਮਨ ਕਰਕੇ ਇੱਧਰ ਓਧਰ ਭੱਜੇ ਫਿਰਦੇ ਹੁੰਦੇ ਨੇ। ਅਸੀਂ ਬਹੁਤ ਗੱਲ ਕਰਦੇ ਹਾਂ ਕਿ ਪਾਠੀਆਂ ਦੀ ਜਾਂ ਗ੍ਰੰਥੀ ਸਿੰਘਾਂ ਦੀ ਕਦਰ ਨਹੀਂ ਹੁੰਦੀ ਕੁਝ ਹੱਦ ਤੱਕ ਮੈਨੂੰ ਲਗਦਾ ਉਹ ਆਪ ਵੀ ਨਹੀਂ ਕਰਵਾਉਂਦੇ। ਮੈਂ ਨਿੱਜੀ ਤੌਰ ਤੇ ਪਾਠੀਆਂ, ਰਾਗੀਆਂ, ਢਾਡੀਆਂ, ਕਵੀਸ਼ਰਾਂ, ਕਥਾਵਾਚਕਾਂ, ਇਤਿਹਾਸਕਾਰਾਂ ਸਭ ਦੀ ਬਹੁਤ ਕਦਰ ਤੇ ਸਤਿਕਾਰ ਕਰਦਾਂ ਪਰ ਉਹਨਾਂ ਨੂੰ ਆਪਣਾ ਸਤਿਕਾਰ ਵਧਾਉਣ ਲਈ ਖੁਦ ਨੂੰ ਵੀ ਹੋਰ ਉੱਚਾ ਚੱਕਣ ਦਾ ਯਤਨ ਨਿਰੰਤਰ ਕਰਦੇ ਰਹਿਣਾ ਚਾਹੀਦਾ ਆਪਣੇ ਪੱਧਰ ਤੇ ਗੁਰਬਾਣੀ, ਇਤਿਹਾਸ ਅਤੇ ਗੁਰਮਤਿ ਨਾਲ ਜੁੜੀ ਹਰ ਤਰ੍ਹਾਂ ਦੀ ਜਾਣਕਾਰੀ ਨਾਲ ਖੁਦ ਨੂੰ ਅਮੀਰ ਰੱਖਣਾ ਚਾਹੀਦਾ ਹੈ। ਤਕਰੀਬਨ ਤੁਸੀਂ ਸਭ ਨੇ ਯੂ ਟਿਊਬ ਤੇ ਸਲੋਕ ਮਹਲਾ ੯ (ਨੌਵਾਂ) ਦਾ ਪਾਠ ਸੁਣਿਆ ਹੋਣਾ ਕਈ ਲੋਕਾਂ ਨੇ ਉਹਨੂੰ ਵਿਊ ਲੈਣ ਲਈ ਆਪਣੇ ਚੈੱਨਲਾਂ ਤੇ ਪਾਇਆ ਹੋਇਆ ਪਰ ਉਹਨਾਂ ਨੂੰ ਇਹ ਵੀ ਪਤਾ ਨਹੀਂ ਕਿ ਇਹ ਪਾਠ ਪੜ੍ਹਿਆ ਕਿਹੜੇ ਸਿੰਘਾਂ ਨੇ ਹੈ ਉਹ ਪਾਠ ਪੜ੍ਹਿਆ ਹੈ ਭਾਈ ਮਨਜੀਤ ਸਿੰਘ ਅਤੇ ਜਗਜੀਤ ਸਿੰਘ ਨੇ ਜੋ ਕਿ ਅਕਾਲ ਤਖਤ ਸਾਹਿਬ ਜੀ ਤੇ ਪਾਠ ਦੇ ਭੋਗ ਦੇ ਸਮੇਂ ਦੀ ਰਿਕਾਰਡਿੰਗ ਹੈ ਇਹਨੀ ਸ਼ਰਧਾ ਤੇ ਸਹਿਜ ਨਾਲ ਸਲੋਕ ਮਹਲਾ ੯ ਪੜ੍ਹਿਆ ਗਿਆ ਕਿ ਤੁਹਾਡਾ ਦਿਲ ਕਰੇਗਾ ਕਿ ਇਸ ਪਾਠ ਦੀ ਭੇਟਾ ਵਿੱਚ ਤਾਂ ਕੁਝ ਵੀ ਅਰਪਣ ਕਰੀਏ ਛੋਟਾ ਹੋਵੇਗਾ ਅਤੇ ਇਸ ਨੂੰ ਸੁਣਦੇ ਹੀ ਰਹੀਏ। ਆਮ ਅਖੰਡ ਪਾਠ ਸਾਹਿਬ ਜੀ ਦਾ ਭੋਗ 46 ਤੋਂ 48 ਘੰਟਿਆਂ ਵਿੱਚ ਪਾ ਦਿੱਤਾ ਜਾਂਦਾ ਪਰ ਜੇ ਸਾਰੀ ਬਾਣੀ ਸਹਿਜ ਨਾਲ ਪੜ੍ਹਨੀ ਹੋਵੇ ਤਾਂ 72 ਘੰਟਿਆਂ ਵਿੱਚ ਵੀ ਭੋਗ ਨਹੀਂ ਪਾਇਆ ਜਾ ਸਕੇਗਾ। ਪਾਠੀ ਇੰਝ ਪੜ੍ਹ ਰਹੇ ਹੁੰਦੇ ਨੇ ਜਿਵੇਂ ਕੋਈ ਰੇਸ ਲੱਗੀ ਹੋਵੇ, ਬਹੁਤ ਸਹਿਜ ਨਾਲ ਬਾਣੀ ਪੜ੍ਹਨੀ ਹੋਵੇ ਤਾਂ ਇੱਕ ਅੰਗ ਪੜ੍ਹਨ ਲਈ ਢਾਈ ਤੋਂ ਤਿੰਨ ਮਿੰਟ ਲਗਦੇ ਨੇ ਕੁੱਲ 1430 ਅੰਗ ਪੜ੍ਹਨ ਲਈ ਜੇ ਢਾਈ ਮਿੰਟ ਨਾਲ ਵੀ ਗਿਣ ਕੇ ਹਿਸਾਬ ਲਾਈਏ ਤਾਂ 1430 ਅੰਗ × 2.5 ਮਿੰਟ ਪ੍ਰਤੀ ਅੰਗ ਤਾਂ ਕਰੀਬ 3575 ਮਿੰਟ ਭਾਵ 60ਕੁ ਘੰਟੇ ਬਣਦੇ ਨੇ ਪਰ ਸਾਡੇ ਕੋਲ ਇਹਨਾਂ ਟਾਈਮ ਕਿੱਥੇ? ਗੁਰਬਾਣੀ ਪੜ੍ਹਨਾ ਸਹਿਜ ਪਾਠ ਜਾਂ ਅਖੰਡ ਪਾਠ ਕਰਨਾ ਅੱਜਕੱਲ੍ਹ ਕਾਰੋਬਾਰ ਬਣ ਗਿਆ ਹੈ ਮੈਨੂੰ ਨਹੀਂ ਲਗਦਾ ਕਿ 10% ਪਾਠੀ ਵੀ ਐਸੇ ਹੋਣਗੇ ਜਿੰਨਾ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਪੂਰਾ ਸ਼ਬਦਾਰਥ ਪੜ੍ਹਿਆ ਹੋਣਾ ਕਿਉਂਕਿ ਉਹਨਾਂ ਨੂੰ ਲਗਦਾ ਵੀ ਇਹ ਕੰਮ ਤਾਂ ਕਥਾਵਾਚਕਾਂ ਦਾ ਹੈ। ਕਈ ਵਾਰ ਤਾਂ ਸਹਿਜ ਪਾਠ ਪਾਠੀਆਂ ਦੁਆਰਾ ਪੂਰਾ ਪੜ੍ਹਿਆ ਹੀ ਨਹੀਂ ਜਾਂਦਾ ਤੇ ਭੋਗ ਪਾ ਦਿੱਤਾ ਜਾਂਦਾ ਜੇ ਤੁਹਾਨੂੰ ਪਾਠੀ ਹੋ ਕੇ ਗੁਰੂ ਸਾਹਿਬ ਦਾ ਭੈਅ ਅਤੇ ਭਾਉ ਨਹੀਂ ਹੈ ਤਾਂ ਆਮ ਲੋਕਾਂ ਨੂੰ ਕਿੱਥੇ ਹੋਣਾ। ਇਹੋ ਜਿਹੇ ਪਾਠੀ ਹੀ ਬਾਕੀਆਂ ਦੇ ਸਤਿਕਾਰ ਵਿੱਚ ਗਿਰਾਵਟ ਦਾ ਕਾਰਣ ਬਣਦੇ ਨੇ, ਕੁਝ ਪਾਠੀ ਡਿਮਾਂਡਾ ਹੀ ਵੱਡੀਆਂ ਰੱਖਦੇ ਨੇ ਲੋਕ ਇਸ ਕਰਕੇ ਵੀ ਆਪਣੇ ਘਰ ਪਾਠ ਕਰਵਾਉਣ ਦੀ ਬਜਾਏ ਗੁਰਦੁਆਰਾ ਸਾਹਿਬ ਹੀ ਪਾਠ ਪ੍ਰਕਾਸ਼ ਕਰਵਾ ਕੇ ਓਥੇ ਹੀ ਭੋਗ ਪਾ ਦਿੰਦੇ ਨੇ ਪਰ ਐਸੇ ਪਾਠ ਦਾ ਕੀ ਲਾਭ? ਇੱਕ ਦਿਨ ਮੈਂ ਕਥਾ ਸੁਣ ਰਿਹਾ ਸੀ ਗੁਰਦੁਆਰਾ ਸਾਹਿਬ ਭਾਈ ਸਾਹਿਬ ਕਹਿ ਰਹੇ ਸੀ ਕਿ ਭਾਈ ਸਬਰ ਸੰਤੋਖ ਹੋਣਾ ਬਹੁਤ ਜਰੂਰੀ ਹੈ ਟਾਈਮ ਉਹਨਾਂ ਨੂੰ ਸਟੇਜ ਤੇ ਥੋੜ੍ਹਾ ਦਿੱਤਾ ਗਿਆ ਸੀ ਫੇਰ ਭਾਈ ਸਾਹਿਬ ਨੇ ਅਨੰਦ ਸਾਹਿਬ ਦੀਆਂ ਛੇ ਪੌੜੀਆਂ ਪੜ੍ਹਨ ਲਈ 1 ਮਿੰਟ ਵੀ ਨਹੀਂ ਲਾਇਆ ਮਨ ਵਿੱਚ ਆਇਆ ਯਾਰ ਸਬਰ ਸੰਤੋਖ ਤਾਂ ਹਜੇ ਆਪਜੀ ਦੇ ਆਪਣੇ ਅੰਦਰ ਵੀ ਨਹੀਂ ਆਇਆ ਜੇ ਅਨੰਦ ਸਾਹਿਬ ਨੂੰ ਬਹੁਤ ਅਨੰਦ ਨਾਲ ਵੀ ਪੜ੍ਹੀਏ ਤਾਂ ਤਿੰਨ ਸਾਢੇ ਤਿੰਨ ਮਿੰਟ ਤੋਂ ਵੱਧ ਨਹੀਂ ਲਗਦੇ। ਮੁਆਫ਼ੀ ਚਾਹੁੰਨਾ ਪਰ ਇਹ ਲਿਖਣ ਦਾ ਮਕਸਦ ਇਹੀ ਹੈ ਕਿ ਸਾਡੇ ਅੰਦਰ ਸਹਿਜ, ਸੰਤੋਖ, ਧਰਮ, ਦਇਆ ਖਤਮ ਹੋ ਰਹੇ ਨੇ ਜੇ ਫੇਰ ਪੈਦਾ ਕਰਨੇ ਨੇ ਤਾਂ ਬਾਣੀ ਪੜ੍ਹ ਸੁਣਕੇ ਹੀ ਹੋਣੇ ਨੇ ਤੇ ਫੇਰ ਜੇ ਮੰਨ ਵੀ ਲਵਾਂਗੇ ਤਾਂ ਕਿਆ ਈ ਬਾਤਾਂ!!
ਬਾਕੀ ਬਾਣੀ ਪੜ੍ਹਨ ਵਾਲੇ ਉਸ ਬੰਦੇ ਦਾ ਪ੍ਰਭਾਵ ਉਹਨਾਂ ਹੀ ਜਿਆਦਾ ਪਵੇਗਾ ਜਿੰਨਾ ਉਹ ਆਪ ਸਹਿਜ-ਸੰਤੋਖ ਵਾਲਾ ਹੈ।
ਬਾਣੀ ਆਪ ਪੜ੍ਹੋ ਜਿਹੜੇ ਨਹੀਂ ਪੜ੍ਹ ਸਕਦੇ ਸੁਣੋ, ਕੀਰਤਨ ਸੁਣੋ, ਕਥਾ ਸੁਣੋ ਭਾਈ ਸੰਤ ਸਿੰਘ ਮਸਕੀਨ ਜੀ ਵਰਗਿਆਂ ਦੀ ਹਰ ਹੱਥ ਵਿੱਚ ਫੋਨ ਹੈ ਕਥਾ ਕੀਰਤਨ ਦਾ ਭੰਡਾਰ ਤੁਹਾਡੇ ਕੋਲ ਹੈ ਚੁਣਨਾ ਤੁਸੀਂ ਕਿ ਸੁਣਨਾ ਕੀ ਹੈ?
ਰਾਗੁ ਸੋਰਠਿ ਵਿੱਚ ਭਗਤ ਕਬੀਰ ਜੀ ਉਚਾਰਦੇ ਨੇ
ਕਿਆ ਪੜੀਐ ਕਿਆ ਗੁਨੀਐ॥
ਕਿਆ ਬੇਦ ਪੁਰਾਨਾਂ ਸੁਨੀਐ॥
ਪੜੇ ਸੁਨੇ ਕਿਆ ਹੋਈ॥
ਜਉ ਸਹਜ ਨ ਮਿਲਿਓ ਸੋਈ॥ ਅੰਗ ੬੫੫
ਇਹ ਉਪਰੋਕਤ ਬਾਣੀ ਦਾ ਹੁਕਮਨਾਮਾ ਵੀ ਅਸੀਂ ਦਰਬਾਰ ਸਾਹਿਬ ਤੋਂ ਸੁਣਿਆ ਜਾਂ ਪੜ੍ਹਿਆ ਹੋਵੇਗਾ, ਪਰ ਸ਼ਾਇਦ ਕਦੇ ਅਮਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਾਂ ਕਰਦੇ ਨਹੀਂ ਮੈਂ ਵੀ ਤੁਹਾਡੇ ਵਿੱਚੋਂ ਹੀ ਹਾਂ ਤੁਹਾਡੇ ਵਰਗਾ ਹਾਂ ਇਹ ਸਭ ਲਿਖਕੇ ਮੈਂ ਚੰਗਾ ਜਾਂ ਸਿਆਣਾ ਨਹੀਂ ਹੋ ਗਿਆ।
ਮਾਨ ਕਰਉ ਤੁਧੁ ਊਪਰੇ ਮੇਰੇ ਪ੍ਰੀਤਮ ਪਿਆਰੇ॥
ਹਮ ਅਪਰਾਧੀ ਸਦ ਭੂਲਤੇ ਤੁਮ੍ ਬਖਸਨਹਾਰੇ॥੧॥ਰਹਾਉ॥ ਅੰਗ ੮੦੯
ਬੇਅੰਤ ਭੁੱਲਾਂ ਦੀ ਮੁਆਫ਼ੀ ਸਹਿਤ
ਰਾਜਪਾਲ ਸਿੰਘ ਘੱਲ ਕਲਾਂ