
ਪੀਰ ਦਸਤਗੀਰ ਦੇ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਤਿੰਨ ਸਵਾਲ
ਸੰਸਾਰ ਦਾ ਉਧਾਰ ਕਰਦੇ ਹੋਏ ਸ੍ਰੀ ਗੁਰੂ ਨਾਨਕ ਸਾਹਿਬ ਆਪਣੀ ਅਲੌਕਿਕ ਜੋਤ ਲੈ ਕੇ ਜਗਤ ਨੂੰ ਰਾਹ ਦੱਸਣ ਨਿਕਲੇ, ਯਾਤਰਾ ਕਰਦਿਆਂ ਕਰਦਿਆਂ ਬਗਦਾਦ ਪਹੁੰਚ ਗਏ, ਭਾਈ ਮਰਦਾਨਾ ਜੀ ਰਬਾਬ ਨਾਲ ਰੂਹਾਨੀ ਧੁਨਾਂ ਵਜਾ ਰਹੇ ਸਨ, ਤੇ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਅੰਮ੍ਰਿਤ ਵੇਲੇ ਵਾਹਿਗੁਰੂ ਦੇ ਨਾਮ ਦੀ ਅਖੰਡ ਧੁਨ ਨਾਲ ਲੋਕਾਂ ਨੂੰ ਅਗਿਆਨਤਾ ਦੀ ਨੀੰਦ ਤੋਂ ਜਗਾ ਰਹੇ ਸਨ।
ਬਗਦਾਦ ਸ਼ਹਿਰ ਇਕ ਧਰਮੀ ਕੇਂਦਰ ਸੀ, ਜਿਥੇ ਸ਼ਰੀਅਤ ਦੇ ਕਾਨੂੰਨ ਚੱਲਦੇ ਸਨ, ਅੰਮ੍ਰਿਤ ਵੇਲੇ ਗੁਰੂ ਸਾਹਿਬ ਜੀ ਨੇ ਸਤਿਨਾਮ ਵਾਹਿਗੁਰੂ ਦੀ ਗੂੰਜ ਨਾਲ ਅਸਮਾਨ ਹਿਲਾ ਦਿੱਤਾ, ਭਾਈ ਮਰਦਾਨਾ ਜੀ ਦੀ ਰਬਾਬ ਰੱਬੀ ਧੁਨ ਨੂੰ ਜਗਾਉਂਦੀ ਸੀ, ਪਰ ਜਿਥੇ ਮਨ ਹਾਲੇ ਵੀ ਰੂਹਾਨੀ ਮੌਜ ਨੂੰ ਸਮਝਣ ਦੇ ਯੋਗ ਨਹੀਂ, ਉਥੇ ਆਉਣਾ ਹੀ ਸੀ ਟਕਰਾਉ, ਲੋਕਾਂ ਨੇ ਪੱਥਰ ਚੁੱਕ ਲਏ, ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਗੁਰੂ ਸਾਹਿਬ ਜੀ ਕਿਸੇ ਜਗ੍ਹਾ ਜਾਂ ਕਾਨੂੰਨ ਦੇ ਅਧੀਨ ਨਹੀਂ ਸਨ, ਉਹ ਤਾਂ ਪ੍ਰਭੂ ਦੀ ਹੁਕਮੀ ਜੋਤ ਸਨ।
ਗੁਰੂ ਸਾਹਿਬ ਜੀ ਨੂੰ ਬਗਦਾਦ ਦੇ ਸਭ ਤੋਂ ਵੱਡੇ ਪੀਰ 'ਪੀਰ ਦਸਤਗੀਰ' ਕੋਲ ਲੈ ਕੇ ਜਾਇਆ ਗਿਆ, ਪੀਰ ਦਸਤਗੀਰ ਨੇ ਗੁਰੂ ਬਾਬਾ ਜੀ ਨੂੰ ਦੇਖ ਕੇ ਸਵਾਲ ਕੀਤਾ, ਫਕੀਰ ਕੀ ਤੈਨੂੰ ਪਤਾ ਨਹੀਂ ਇਹ ਧਰਤੀ ਸ਼ਰੀਅਤ ਦੀ ਹੈ? ਇੱਥੇ ਸੰਗੀਤ ਮਨਾਂ ਹੈ।
ਗੁਰੂ ਸਾਹਿਬ ਜੀ ਨੇ ਕਿਹਾ,
ਪੀਰ ਜੀ, ਇਹ ਧੁਨ ਸੰਗੀਤ ਨਹੀਂ, ਇਹ ਤਾਂ ਰੱਬ ਦਾ ਨਾਮ ਹੈ, ਇਹ ਸੰਗੀਤਕ ਧੁਨ ਨਹੀਂ, ਇਹ ਰੂਹ ਦੀ ਲਹਿਰ ਹੈ, ਜਿੱਥੇ ਰੱਬ ਵੱਸਦਾ ਹੋਵੇ, ਉਥੇ ਧੁਨ ਆਪਣੇ ਆਪ ਰਚਨਾ ਕਰਦੀ ਹੈ।
ਫੇਰ ਦਸਤਗੀਰ ਪੀਰ ਨੇ ਗੁਰੂ ਸਾਹਿਬ ਜੀ ਨੂੰ ਤਿੰਨ ਗੰਭੀਰ ਸਵਾਲ ਕੀਤੇ –
*ਪਹਿਲਾ ਸਵਾਲ: ਰੱਬ ਤੋਂ ਪਹਿਲਾਂ ਕੌਣ ਸੀ?
ਗੁਰੂ ਸਾਹਿਬ ਜੀ ਨੇ ਸੁੱਚੇ ਮੋਤੀ ਮੰਗਵਾਏ ਤੇ ਪੀਰ ਨੂੰ ਗਿਣਨ ਲਈ ਕਿਹਾ। ਜਦ ਪੀਰ "੧, ੨, ੩..." ਕਰ ਰਿਹਾ ਸੀ, "ਗੁਰੂ ਸਾਹਿਬ ਜੀ" ਨੇ ਪੀਰ ਨੂੰ ਕਿਹਾ, "ਪੀਰ ਜੀ ਗਿਣਤੀ ਸ਼ੁਰੂ ਤੋਂ ਕਰੋ" ਪੀਰ ਨੇ ਫੇਰ ਗਿਣਨਾ ਸ਼ੁਰੂ ਕੀਤਾ ੧, ੨, ਗੁਰੂ ਸਾਹਿਬ ਜੀ ਨੇ ਫੇਰ ਰੋਕ ਦਿੱਤਾ ਤੇ ਕਿਹਾ "ਪੀਰ ਜੀ ਗਿਣਤੀ ਸ਼ੁਰੂ ਤੋਂ ਕਰੋ" ਪੀਰ ਨੇ ਗਿਣਤੀ ਸ਼ੁਰੂ ਕੀਤਾ ੧, ਗੁਰੂ ਨਾਨਕ ਸਾਹਿਬ ਨੇ ਪੀਰ ਦਾ ਹੱਥ ਫੜ ਲਿਆ ਤੇ ਫੇਰ ਕਿਹਾ "ਪੀਰ ਜੀ, ਕੀ ਗੱਲ ਹੈ ਜੋ ਗਿਣਤੀ ਸ਼ੁਰੂ ਤੋਂ ਕਿਉੰ ਨਹੀਂ ਕਰ ਰਹੇ?"।
ਪੀਰ ਹੈਰਾਨ ਹੋ ਕੇ ਕਹਿਣ ਲੱਗਾ "ਫਕੀਰਾ ਮੈਂ ਗਿਣਤੀ ਸਹੀ ਕਰ ਰਿਹਾ ਹਾਂ, ਇੱਕ ਤੋਂ ਪਹਿਲਾਂ ਕੁਝ ਨਹੀਂ ਹੁੰਦਾ”
"ਗੁਰੂ ਸਾਹਿਬ ਜੀ" ਨੇ ਠਰੰਮੇ ਨਾਲ ਫੁਰਮਾਇਆ “ਪੀਰ ਜੀ ਜਿਵੇਂ ਇੱਕ ਤੋਂ ਪਹਿਲਾਂ ਕੁਝ ਨਹੀਂ, ਓਸੇ ਤਰ੍ਹਾਂ ਰੱਬ ਤੋਂ ਪਹਿਲਾਂ ਵੀ ਕੁਝ ਨਹੀਂ, ਉਹ ਆਪ ਹੈ, ਉਹ ਹੀ ਸਰਬ ਸ਼ਕਤੀਮਾਨ ਹੈ, ਉਸ ਤੋਂ ਪਹਿਲਾਂ ਸੀ 'ਸੁੰਨ' ਜੋ ਰੂਪ ਤੋਂ ਪਰੇ, ਰੰਗ ਤੋਂ ਪਰੇ, ਸਮੇਂ ਤੋਂ ਪਰੇ, ਇਕ ਬੇਅੰਤ ਨਿਸ਼ਚਲ ਜੋਤ।”
*ਦੂਸਰਾ ਸਵਾਲ: ਰੱਬ ਦਿਸਦਾ ਕਿਉਂ ਨਹੀਂ?
ਗੁਰੂ ਸਾਹਿਬ ਨੇ ਦੁੱਧ ਮੰਗਵਾਇਆ, ਫਿਰ ਪੁੱਛਿਆ, "ਪੀਰ ਜੀ ਦਸੋ ਇਸ ਵਿੱਚ ਕੀ ਹੈ?"
ਪੀਰ ਨੇ ਕਿਹਾ, "ਦੁੱਧ ਹੈ"।
ਗੁਰੂ ਸਾਹਿਬ ਨੇ ਕਿਹਾ, "ਇਸ ਵਿੱਚ ਕੁਝ ਹੋਰ ਵੀ ਹੈ" ਪੀਰ ਨੇ ਕਿਹਾ, "ਇਸ ਦੁੱਧ ਵਿੱਚ ਮੱਖਣ ਹੋ ਸਕਦਾ ਹੈ"।
"ਗੁਰੂ ਸਾਹਿਬ ਜੀ" ਨੇ ਕਿਹਾ “ਮੱਖਣ ਤਾਂ ਹੈ, ਪਰ ਦਿਸਦਾ ਨਹੀਂ, ਕਿਉਂ?”
ਪੀਰ ਨੇ ਕਿਹਾ "ਉਹ ਤਾਂ ਰਿੜਕਣ ਨਾਲ ਹੀ ਪ੍ਰਗਟ ਹੁੰਦਾ ਹੈ।"
ਗੁਰੂ ਨਾਨਕ ਸਾਹਿਬ ਜੀ ਨੇ ਫੁਰਮਾਇਆ, "ਰੱਬ ਵੀ ਨਾਮ ਰਿੜਕਣ ਨਾਲ ਹੀ ਪ੍ਰਗਟ ਹੁੰਦਾ ਹੈ, ਧਿਆਨ ਨਾਲ, ਭਗਤੀ ਨਾਲ, ਨਾਮ ਦੇ ਰਸ ਨਾਲ, ਰੱਬ ਦੀ ਹਜ਼ੂਰੀ ਮਿੱਠੇ ਰਿੜਕਣਾਂ ਦੀ ਪੈਦਾ ਕੀਤੀ ਹੋਈ ਹਕੀਕਤ ਹੈ, ਉਹ ਤਾਂ ਹਰ ਥਾਂ ਹੈ, ਪਰ ਵੇਖਣ ਵਾਲੀ ਅੱਖ ਨਹੀਂ, ਨਾਮ ਦੀ ਰਿੜਕਣ ਹੀ ਮੱਖਣ ਵਾਂਗ ਪ੍ਰਭੂ ਨੂੰ ਪ੍ਰਗਟ ਕਰਦੀ ਹੈ।"
*ਤੀਜਾ ਸਵਾਲ: ਰੱਬ ਕਰਦਾ ਕੀ ਹੈ?
ਪੀਰ ਨੇ ਪੁੱਛਿਆ, “ਰੱਬ ਦਾ ਕੰਮ ਕੀ ਹੈ?”
ਗੁਰੂ ਸਾਹਿਬ ਜੀ ਨੇ ਆਖਿਆ,“ਪੀਰ ਜੀ, ਕੀ ਤੁਸੀਂ ਹੁਣ ਮੈਨੂੰ ਰੱਬ ਦਾ ਫਕੀਰ ਨਹੀਂ ਮੰਨਦੇ?”
ਪੀਰ ਨੇ ਨਿਮਰਤਾ ਨਾਲ ਕਿਹਾ, “ਹਾਂ, ਤੁਸੀਂ ਰੱਬ ਦੇ ਇੱਕ ਸੱਚੇ ਬੰਦੇ ਹੋ ਇੱਕ ਨੇਕ ਤੇ ਪਾਕ ਰੂਹ ਹੋ, ਜਿਸਨੇ ਮੇਰੀ ਰੂਹ ਤੱਕ ਨੂੰ ਹਿਲਾ ਦਿੱਤਾ ਹੈ।”
ਗੁਰੂ ਸਾਹਿਬ ਜੀ ਨੇ ਫੁਰਮਾਇਆ, “ਫਿਰ ਪੀਰ ਜੀ, ਤੁਸੀਂ ਸਿੰਘਾਸਨ ਤੇ ਬੈਠੇ ਹੋ, ਤੇ ਮੈਂ ਜ਼ਮੀਨ ਤੇ, ਰੱਬ ਦੇ ਬੰਦੇ ਨੂੰ ਜੋ ਇੱਕ ਫਕੀਰ ਹੈ ਉਸ ਨੂੰ ਉੱਚੀ ਥਾਂ ਮਿਲਣੀ ਚਾਹੀਦੀ ਹੈ ਜਾਂ ਨਹੀਂ?”
ਪੀਰ ਨੇ ਗੁਰੂ ਸਾਹਿਬ ਨੂੰ ਬਹੁਤ ਆਦਰ ਸਤਿਕਾਰ ਸਹਿਤ ਸਿੰਘਾਸਨ ਉੱਤੇ ਬਿਠਾਇਆ ਤੇ ਆਪ ਹੁਣ ਜ਼ਮੀਨ ਤੇ ਬੈਠ ਗਿਆ।
ਪੀਰ ਦੇ ਜ਼ਮੀਨ ਤੇ ਬੈਠਦੇ ਹੀ ਗੁਰੂ ਸਾਹਿਬ ਨੇ ਕਿਹਾ, “ਪੀਰ ਜੀ, ਇਹੀ ਰੱਬ ਦਾ ਕੰਮ ਹੈ, ਜੋ ਥੱਲੇ ਹੁੰਦੇ ਹਨ ਉਹਨਾਂ ਨੂੰ ਉੱਚੇ ਕਰ ਦੇਂਦਾ ਹੈ, ਤੇ ਜੋ ਉੱਚੇ ਹੋਣ ਜਾਂ ਉੱਚੇ ਹੋਣ ਦਾ ਮਾਣ ਕਰਦੇ ਹੋਵਣ, ਉਨ੍ਹਾਂ ਨੂੰ ਥੱਲੇ ਕਰ ਦੇਂਦਾ ਹੈ, ਇਹੀ ਰੱਬ ਦੀ ਰੀਤ ਹੈ।"
ਪੀਰ ਦਸਤਗੀਰ ਸਤਿਗੁਰਾਂ ਅੱਗੇ ਸਿਜਦਾ ਕਰਦੇ ਝੁਕ ਗਿਆ, ਉਸ ਨੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਸੀਸ ਨਿਵਾ ਦਿੱਤਾ, ਉਸ ਰੂਹਾਨੀ ਮਿਲਾਪ ਦੀ ਅਨੰਤ ਯਾਦ ਅੱਜ ਵੀ "ਗੁਰਦੁਆਰਾ ਸੰਗਤ ਸਾਹਿਬ, ਬਗਦਾਦ" ਦੇ ਰੂਪ ਵਿੱਚ ਜੀਉਂਦੀ (ਸੁਸ਼ੋਬਿਤ)ਹੈ।
ਪ੍ਰਮਾਤਮਾ ਸਿਰਫ ਧਾਰਮਿਕ ਅਸਥਾਨਾਂ ਉੱਤੇ ਨਹੀਂ ਵੱਸਦਾ, ਉਹ ਤਾਂ ਹਰ ਥਾਂ ਤੇ ਮੌਜੂਦ ਹੈ, ਸ੍ਰਿਸ਼ਟੀ ਦੇ ਜ਼ੱਰੇ ਜ਼ੱਰੇ ਵਿੱਚ ਹੈ, ਪਰ ਉਹ ਸਿਰਫ ਉਹਨਾਂ ਨੂੰ ਸ੍ਰਿਸ਼ਟੀ ਵਿੱਚ ਦਿਖਾਈ ਦਿੰਦਾ ਹੈ, ਜਿਨਾਂ ਦੇ ਹਿਰਦੇ ਵਿੱਚ ਪ੍ਰਮਾਤਮਾ ਦੇ ਨਾਮ ਦੀ ਜੋਤ ਪ੍ਰਗਟ ਹੋ ਜਾਂਦੀ ਹੈ।
ਇਹ ਸਾਖੀ ਸਾਨੂੰ ਸਿਖਾਉਂਦੀ ਹੈ ਕਿ ਰੱਬ ਉਹ ਤਾਂ ਰੂਹ ਦੀ ਭੁੱਖ ਪੂਰੀ ਕਰਨ ਆਉਂਦਾ ਹੈ, ਜਿਥੇ ਨਾਮ ਹੈ, ਓਥੇ ਰੱਬ ਆਪ ਵੱਸਦਾ ਹੈ।