
ਕੀ ਜਾਤ-ਗੋਤ ਗੁਰੂਆਂ ਦੇ ਫ਼ਲਸਫ਼ੇ ਖ਼ਿਲਾਫ਼ ਹਨ - ਭਾਗ ਤੀਜਾ
ਨੋਟ : ਇੱਕ ਲੇਖ/ਭਾਗ ਜਾਂ ਲੜ੍ਹੀ ਪੜ੍ਹਨ ਤੋਂ ਬਾਅਦ ਕੋਈ ਨਤੀਜਾ ਲੈਣ ਤੋਂ ਪਹਿਲਾਂ ਚਾਰੇ ਭਾਗ ਪੂਰੇ ਪੜ੍ਹ ਲਏ ਜਾਣ ਧੰਨਵਾਦ।
---
ਪਹਿਲੇ ਭਾਗ ਵਿਚ ਆਪਾਂ ਵਿਚਾਰ ਕੀਤੀ ਸੀ ਕਿ ਜਾਤੀ ਇਕ ਭਾਈਚਾਰਕ ਵੰਡ ਹੈ ਜਿਸ ਨੂੰ ਸਮਾਜ ਨੇ ਵੱਖ-ਵੱਖ ਤਰਾਂ ਸ਼੍ਰੈਣੀਬੱਧ ਕੀਤਾ ਹੋਇਆ ਹੈ। ਜਾਤ ਨਸਲ ਦੇ ਪਿਛੋਕੜ ਨੂੰ ਸਾਂਭਕੇ ਰਖਦੀ ਹੈ ਇਸੇ ਤਰਾਂ ਗੋਤ ਸਾਡਾ ਪਰਿਵਾਰਕ ਪਿਛੋਕੜ ਹੈ ਜਿਸ ਤੋਂ ਪਤਾ ਲਗਦਾ ਹੈ ਕਿ ਸਾਡੇ ਵੱਡੇ ਵਡੇਰੇ ਕੌਣ ਹਨ। ਕਿਸੇ ਵੱਲੋਂ ਆਪਣੇ ਨਾਮ ਨਾਲ ਜਾਤ ਗੋਤ ਲਿਖਣਾ ਜਾਤੀ ਹੰਕਾਰ ਨਹੀਂ ਹੈ ਪਰ ਜੇ ਕੋਈ ਆਪਣੀ ਜਾਤ-ਗੋਤ ਦੇ ਅਧਾਰ ਤੇ ਦੂਜਿਆਂ ਨਾਲੋਂ ਉੱਚ ਅਖਵਾਉਂਦਾ ਹੈ ਤਾਂ ਉਸ ਨੂੰ ਗੁਰਮਿਤ ਵਿਚ ਮੂਰਖ ਆਖਿਆ ਗਿਆ ਹੈ। ਇਸ ਭਾਗ ਵਿਚ ਗੁਰੂ ਗਰੰਥ ਸਾਹਿਬ ਜੀ ਵਿਚ ਜਾਤਾਂ ਗੋਤਾਂ ਬਾਰੇ ਵਿਚਾਰ ਕੀਤੀ ਗਈ ਸੀ।
ਇਸ ਲੜੀ ਦੇ ਦੂਜੇ ਭਾਗ ਵਿਚ ਦੱਸਿਆ ਗਿਆ ਸੀ ਕਿ ਜੱਟ ਨਸਲ ਜਿਸ ਨੂੰ ਅੱਜ-ਕੱਲ੍ਹ ਹਰ ਪੱਖੋਂ ਨਿਕਾਰਨ ਦਾ ਜੋਰ ਲੱਗਿਆ ਹੋਇਆ ਹੈ ਖਾਸਕਰ ਗੁਰਮਤਿ ਨਜਰੀਏ ਤੋਂ ਦਾਗੀ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਉਹ ਪੂਰੀ ਤਰਾਂ ਗਲਤ ਹੈ। ਦੂਜੇ ਭਾਗ ਵਿਚ ਸਿੱਖ ਗ੍ਰੰਥਾਂ ਅਤੇ ਗੁਰੂ ਸਾਹਿਬ ਦੇ ਹੁਕਮਨਾਮਿਆਂ ਵਿਚ ਜੱਟਾਂ ਦੇ ਮਾਣਮੱਤੇ ਵਰਨਨ ਨੂੰ ਦਰਸਾਇਆ ਗਿਆ ਹੈ ਜਿਸ ਵਿਚ ਸਿੱਖ ਧਰਮ ਦੀ ਇਤਿਹਾਸਕ ਉਸਾਰੀ ਵਿਚ ਜੱਟ ਸਿੱਖਾਂ ਵੱਲੋਂ ਪਾਏ ਯੋਗਦਾਨ ਦੇ ਹਵਾਲੇ ਹਨ।
ਹੁਣ ਤੀਜੇ ਭਾਗ ਵਿਚ ਆਪਾਂ ਦਲ ਖਾਲਸਾ ਬਾਰੇ ਗੱਲ ਕਰਦੇ ਹਾਂ। ਦਲ ਖਾਲਸਾ ਨੇ ਵੱਡੀ ਪੱਧਰ ਤੇ ਲਹੂ ਡੋਲ੍ਹਕੇ ਸਿੱਖ ਕੌਮ ਦੀ ਉਸਾਰੀ ਵਿਚ ਹਿੱਸਾ ਪਾਇਆ। ਦਲ ਖਾਲਸਾ ਨੂੰ ਆਪਣਾ ਖਰਚ ਚਲਾਉਣ ਲਈ ਕਈ ਤਰਾਂ ਦੀਆਂ ਮੁਸ਼ਕਲਾਂ ਆ ਰਹੀਆਂ ਸਨ। ਇਸ ਦਾ ਪ੍ਰਬੰਧ ਕਰਨ ਲਈ 29 ਮਾਰਚ ਸੰਨ 1734 ਈ: ਵਿਚ ਸ੍ਰੀ ਅਕਾਲ ਤਖਤ ਸਾਹਿਬ, ਸ੍ਰੀ ਅੰਮ੍ਰਿਤਸਰ ਵਿਖੇ ਖਾਲਸੇ ਦਾ ਇਕੱਠ ਹੋਇਆ। ਇਹਦਾ ਮਕਸਦ ਸਿੱਖਾਂ ਨੂੰ ਜਥੇਬੰਧਕ ਤੌਰ ਤੇ ਵੰਡਣਾ ਸੀ। ਇਸ ਵੇਲੇ ਸਿੱਖ ਕੌਮ ਦੇ ਲੜਾਕੇ ਸਿੰਘ 65 ਜਥਿਆਂ ਵਿਚ ਵੰਡੇ ਹੋਏ ਸਨ। ਜਿਆਦਾ ਜਥੇ ਜਾਤੀ ਅਧਾਰਿਤ ਹੀ ਸਨ। ਸਾਰੇ ਜਥਿਆਂ ਨੂੰ ਇਕ ਥਾਂ ਕਰਕੇ ਇਸ ਨੂੰ 'ਦਲ ਖਾਲਸਾ' ਆਖਿਆ ਗਿਆ। ਨਵਾਬ ਕਪੂਰ ਸਿੰਘ ਜੀ ਨੇ ਇਸ ਨੂੰ ਮੁੱਖ ਦੋ ਦਲਾਂ ਵਿਚ ਵੰਡ ਦਿੱਤਾ ਬੁੱਢਾ ਦਲ ਅਤੇ ਤਰਣਾ ਦਲ। ਫਿਰ ਇਸ ਨੂੰ ਪੰਜ ਹਿੱਸਿਆਂ ਵਿਚ ਵੰਡਿਆ ਗਿਆ। ਇਹ ਵੰਡ ਇਸ ਤਰਾਂ ਕੀਤੀ ਗਈ । ਪ੍ਰਾਚੀਨ ਪੰਥ ਪ੍ਰਕਾਸ਼ (ਭਾਈ ਰਤਨ ਸਿੰਘ ਭੰਗੂ) ਵਿਚ ਇਸ ਦਾ ਵੇਰਵਾ ਬਿਆਨਿਆ ਗਿਆ ਹੈ।
ਦੋਹਿਰਾ।
ਪੰਜ ਡੇਰਨ ਬਿਧ ਰਚ ਦਈ, ਪੰਜ ਨਿਸ਼ਾਨ ਬਨਾਇ।।
ਪੰਜੇ ਝੰਡੇ ਤੌ ਗੱਡੇ ਸ੍ਰੀ ਅਕਾਲ ਬੁੰਗੇ ਤੇ ਲਯਾਇ।।26।।
ਅਕਾਲ ਤਖਤ ਤੇ ਪੰਜ ਨਿਸ਼ਾਨ ਸਾਹਿਬ ਲਿਆ ਕੇ ਸਜਾਏ ਗਏ। ਇਸ ਨੂੰ ਜਾਤ ਅਧਾਰਿਤ ਜਥਿਆਂ ਵਿਚ ਵੰਡਿਆ ਗਿਆ।
1. ਜੱਥਾ ਸ਼ਹੀਦਾਂ : ਇਹ ਜੱਟਾਂ ਦਾ ਜਥਾ ਸੀ ਇਸ ਦੇ ਜਥੇਦਾਰ ਬਾਬਾ ਦੀਪ ਸਿੰਘ ਜੀ ਸਨ। ਉਨ੍ਹਾਂ ਦੇ ਨਾਲ ਨੱਥਾ ਸਿੰਘ ਤੇ ਗੁਰਬਖਸ਼ ਸਿੰਘ ਪ੍ਰਸਿੱਧ ਸਰਦਾਰ ਸਨ।
2. ਜੱਥਾ ਅੰਮ੍ਰਿਤਸਰੀਆਂ: ਇਹ ਖੱਤਰੀ ਸਿੰਘਾਂ ਦਾ ਜਥਾ ਸੀ ਇਸ ਦੇ ਜਥੇਦਾਰ ਸ. ਕਰਮ ਸਿੰਘ ਤੇ ਸ. ਧਰਮ ਸਿੰਘ ਸਨ।
3. ਜੱਥਾ ਬਾਬਾ ਕਾਹਨ ਸਿੰਘ : ਇਸ ਜਥੇ ਵਿਚ ਤੇਹਣ ਅਤੇ ਭੱਲੇ ਸਿੰਘ ਸਨ। ਇਸ ਜੱਥੇ ਦਾ ਜਥੇਦਾਰ ਬਾਬਾ ਕਾਹਨ ਸਿੰਘ ਤ੍ਰੇਹਣ ਸੀ। ਉਸ ਦੇ ਨਾਲ ਹੀ ਸ. ਮੀਰੀ ਸਿੰਘ ਤ੍ਰੇਹਣ , ਬਾਘ ਸਿੰਘ ਹਲੋਵਾਲੀਆ ਸਨ ।
4. ਜੱਥਾ ਡੱਲੇਵਾਲੀਆ : ਫਿਰ ਜੱਟਾਂ ਦਾ ਸੀ ਇਸ ਦੇ ਜਥੇਦਾਰ ਦਸੌਂਧਾ ਸਿੰਘ ਗਿੱਲ ਜੱਟ ਸਨ।
5. ਰੰਗਰੇਟੇ ਸਿੰਘਾਂ ਦਾ ਜੱਥਾ: ਇਹ ਮਜਬੀ ਸਿੰਘਾਂ ਦਾ ਜਥਾ ਸੀ ਇਸ ਵਿਚ ਰਵਿਦਾਸੀਏ ਸਿੰਘ ਅਤੇ ਭਾਈ ਬੀਰ ਸਿੰਘ, ਸ. ਜਿਉਣ ਸਿੰਘ, ਸ. ਮਦਨ ਸਿੰਘ , ਸ.ਅਮਰ ਸਿੰਘ ਨਾਮੀ ਸਰਦਾਰ ਸਨ ।
ਪ੍ਰਾਚੀਨ ਪੰਥ ਪ੍ਰਕਾਸ਼ ਵਿਚ ਇਸ ਦਾ ਉਲੇਖ ਇਸ ਤਰਾਂ ਆਇਆ ਹੈ:
ਪ੍ਰਥਮ ਸ਼ਹੀਦਨ ਔ ਨਿਹੰਗਨ ਫੜਾਯੋ। ਦੀਪ ਸਿੰਘ ਕਰਮ ਸੁ ਗਾਯੋ।
ਦੂਏ ਕਰਮ ਧਰਮ ਸਿੰਘ ਅੰਮ੍ਰਿਤਸਰੀਏ। ਦਯੋ ਉਨੈ ਥੋਊ ਜਾਤ ਖੱਤਰੀਏ। ੨੭।
ਤੀਜੋ ਚਕਯੋ ਬਾਖਨ ਬਡ ਅੰਸੀ। ਤੇਹਣ ਭੱਲੇ ਥੇ ਆਦਿ ਗੁਰ ਐਸੀ।
ਚੌਥੋ ਸਿੰਘ ਦਸੌਂਧਾ ਨਾਮ। ਗਿੱਲ ਜੱਟ ਕੋਟ ਬੁਢੈਂ ਥੋ ਧਾਮ। ੨੮।
ਪੈਜਵੋਂ ਰੰਘਰੇਟੋ ਬੀਰ ਸਿੰਘ ਨਾਇ! ਹੁੜ਼ੋ ਤੇਰਾਂ ਸੈ ਘੋੜੇ ਵਾਇ`
ਐਸੀ ਲੀਨੀ ਜੁਗਤ ਬਨਾਇ! ਜੋ ਸੁਨੀ ਰਤਨ ਸਿੰਘ ਸੋ ਦਈ ਗਾਇ। ੨੯।
(ਪ੍ਰਾਚੀਨ ਪੰਥ ਪ੍ਰਕਾਸ਼ ਭਾਈ ਰਤਨ ਸਿੰਘ ਭੰਗੂ)
ਇਸ ਸਾਾਰੇ ਸਮਾਗਮ ਦਾ ਨਕਸ਼ਾ ਗਿਆਨੀ ਗਿਆਨ ਸਿੰਘ ਨੇ ਸ੍ਰੀ ਗੁਰੂ ਪੰਥ ਪ੍ਰਕਾਸ਼ (ਉੱਤਰਾਰਧ) ਵਿਚ ਇਸ ਤਰਾਂ ਉਲੀਕਿਆ ਹੈ:
ਚੌਪਈ:
ਇਕ ਦਿਨ ਲਾਇ ਨੁਵਾਬ ਦਿਵਾਨੈ।
ਕਰਿ ਸਲਾਹਿ ਸੰਗ ਪੰਥ ਮਹਾਨੈ।
ਪਾਂਚ ਨਿਸ਼ਾਨ ਤੁਰਤ ਮੰਗਵਾਏ।
ਆਗੇ ਤਖਤ ਅਕਾਲ ਝੁਲਾਏ ॥ ੪੨ ॥
ਪੰਥ ਖਾਲਸੇ ਕਾ ਰਚਿ ਠਾਟੈਂ”।
ਪਾਂਚ ਨੌਰ ਕੀਨੀ ਪੁਨ ਬਾਂਟੈ'।
ਦੀਪ ਸਿੰਘ ਸ਼ਾਹੀਦ, ਕਰਮ ਹਰਿ'।
ਦਯੋ ਜਥਾ ਇਕ ਇਨੈਂ ਮੋਦ ਭਰਿ ॥੪੩॥
ਕਰਮ', ਧਰਮ ਸਿੰਘ ਅੰਮ੍ਰਿਤਸਰੀਏ।
ਦੀਨੋ ਦੂਜਾ ਜਾਤਿ ਖਤਰੀਏ।
ਕਾਨ੍ਹ, ਬਿਨੋਦ ਸਿੰਘ ਦੁਇ ਬਾਵੇ।
ਤੇਹਣ ਭੁੱਲਾ ਗੋਤ ਸਦਾਵੇ ॥ ੪੪ ॥
ਤੀਸਰ ਕਰਯੋ ਸਪੁਰਦ ਸੁ ਇਨ ਕੇ।
ਸਤਿਗੁਰੁ ਅੰਸ ਕਹੈਂ ਗੁਨਿ ਜਿਨ ਕੇ'।
ਸਿੰਘ ਦਸੋਂਧੈ ਚਤਰਥ ਦੀਨਾ।
ਗਿੱਲ ਗੋਤ ਜਟ ਜਾਤਿ ਪੁਬੀਨਾ ॥ ੪੫॥
ਬੁੱਢੇ-ਕੋਟ' ਸੁ ਗਹਿਨੇ ਵਾਰਾ।
ਪੰਚਮ ਕੀ ਅਬਿ ਸੁਣੋਂ ਵਿਚਾਰਾ।
ਬਾਲਮੀਕ ਜੋ ਲਿਯ ਅਵਤਾਰੈ।
ਜੀਵਣ ਸਿੰਘ, ਬੀਰ ਸਿੰਘ ਧਾਰੈ' ॥ ੪੬॥
ਪੁਨਰਵਿਦਾਸ ਭਗਤ ਅਵਤਾਰੀ।
ਮਦਨ ਸਿੰਘ, ਸੂਰਾ ਸਿੰਘ ਭਾਰੀ'।
ਸਤਿਗੁਰੁ ਢਿਗ ਜਿਨ ਸੇਵ ਕਰੀ ਬਹੁ।
ਬ੍ਰਿਧ ਭਏ ਥੇ ਜੰਗ ਕਰਤ ਵਹੁ ॥੪੭॥
ਪੰਚਮ ਜਥਾ ਦੀਨ ਇਨ ਤਾਈਂ।
ਥਾ ਅਸਵਾਰ ਹਜਾਰ ਤਦਾਈ'।
ਜਿਸ ਮੈਂ ਬਹੁ ਰਵਿਦਾਸੀਏ ਮਜ਼ਬੀ।
ਜੰਗ ਜਦਲ ਹਿਤ ਜੋਧੇ ਗਜ਼ਬੀ' ॥ ੪੮॥
ਇਸ ਤਰਾਂ ਸਾਰੀਆਂ ਜਾਤਾਂ-ਗੋਤਾਂ ਨੇ ਰਲ਼ਕੇ ਸਿੱਖ ਕੌਮ ਦੀ ਉਸਾਰੀ ਕੀਤੀ। ਜਾਤ-ਗੋਤ ਪਹਿਲਾਂ ਵੀ ਸਨ ਇਹ ਖ਼ਤਮ ਨਹੀਂ ਹੋਣੇ ਘਿਰਣਾ ਕਰਨ ਦੀ ਥਾਂ ਆਪਣੇ ਭਾਈਚਾਰੇ ਵਿਚ ਚੰਗੇ ਉੱਦਮੀ ਲੋਕਾਂ ਨੂੰ ਪੈਦਾ ਕਰਨ ਦੀ ਲੋੜ ਹੈ ਜਿਹੜੇ ਉਸ ਭਾਈਚਾਰੇ ਦਾ ਨਾਮ ਉੱਘਾ ਕਰਨ।
ਹੁਣ ਜੇ ਕੋਈ ਆਖੇ ਕਿ ਜੱਟ ਸ਼ੁਰੂ ਤੋਂ ਗਦਾਰ ਹਨ ਜਾਂ ਇਹ ਮਾੜੇ ਲੋਕ ਹਨ ਤਾਂ ਇਹ ਉਨ੍ਹਾਂ ਦੇ ਮਨਾਂ ਅੰਦਰਲੀ ਨਫਰਤ ਅਤੇ ਹੀਣਤਾ ਬੋਲਦੀ ਹੈ। ਇਹ ਲੋਕ ਸਿੱਖ ਕੌਮ ਦੇ ਭਲੇ ਲਈ ਸਭ ਨੂੰ ਨਾਲ ਲੈ ਕੇ ਚੱਲਣ ਦਾ ਪ੍ਰਣ ਕਰਨ।
----
9 ਜੂਨ 1716 ਨੂੰ ਹੋਈ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਨੇ ਸਿੱਖਾਂ ਨੂੰ ਮਾਨਸਿਕ ਪੱਖੋਂ ਵੱਡੀ ਸੱਟ ਮਾਰੀ ਸੀ ਇਸ ਤੋਂ ਨੌ-ਦਸ ਸਾਲ ਤੱਕ ਸਿੱਖ ਚੁੱਪ-ਚਾਪ ਆਪਣਾ ਕੰਮ ਕਰਦੇ ਰਹੇ। 24 ਦਸੰਬਰ 1725 ਈ. ਫਿਰ ਵੱਡੀ ਘਟਨਾ ਵਾਪਰ ਗਈ ਜ਼ਕਰੀਆ ਖ਼ਾਨ ਲਾਹੌਰ ਦੀ ਫ਼ੌਜ ਨੇ ਭਾਈ ਤਾਰਾ ਸਿੰਘ ਵਾਂ ਜਿਹੜਾ ਬੁੱਟਰ ਜੱਟ ਸੀ ਨੂੰ ਘੇਰਾ ਪਾ ਕੇ ਜਥੇ ਸਮੇਤ ਸ਼ਹੀਦ ਕਰ ਦਿੱਤਾ। ਤਾਰਾ ਸਿੰਘ ਦੇ ਪਿਤਾ ਗੁਰਦਾਸ ਸਿੰਘ ਬੁੱਟਰ ਨੇ ਗੁਰੂ ਗੋਬਿੰਦ ਸਿੰਘ ਜੀ ਤੋਂ ਅੰਮ੍ਰਿਤ ਛਕਿਆ ਸੀ ਅਤੇ ਬੰਦਾ ਸਿੰਘ ਬਹਾਦਰ ਦੀਆਂ ਫ਼ੌਜਾਂ ਦੀ ਮਦਦ ਕੀਤੀ ਸੀ। ਖ਼ੁਦ ਭਾਈ ਤਾਰਾ ਸਿੰਘ ਨੇ ਭਾਈ ਮਨੀ ਸਿੰਘ ਤੋਂ ਅੰਮ੍ਰਿਤ ਪਾਨ ਕੀਤਾ ਸੀ। ਇਸ ਪਰਿਵਾਰ ਦਾ ਸਿੱਖਾਂ ਵਿਚ ਪੂਰਾ ਸਤਿਕਾਰ ਸੀ। ਤਾਰਾ ਸਿੰਘ ਦੇ ਸ਼ਹੀਦੀ ਸਿੱਖਾਂ ਵਿਚ ਮੁੜ ਏਕਤਾ ਦਾ ਕਾਰਨ ਬਣੀ ਜਿਸ ਵਿਚੋਂ 'ਦਲ ਖ਼ਾਲਸਾ' ਨੇ ਜਨਮ ਲਿਆ। ਦਲ ਖ਼ਾਲਸਾ ਅੱਗੇ ਸਿੱਖ ਮਿਸਲਾਂ ਕਾਇਮ ਕਰਨ ਵਿਚ ਕਾਮਯਾਬ ਹੋਇਆ।
ਆਪਾਂ ਪਿਛਲੀ ਪੋਸਟ ਵਿਚ ਗੱਲ ਕੀਤੀ ਸੀ ਕਿ ਸਿੱਖ ਕੌਮ ਦੇ ਪੰਜ ਪ੍ਰਮੁੱਖ ਨਿਸ਼ਾਨਾਂ ਸਾਹਿਬਾਂ ਵਿਚੋਂ ਦੋ ਜੱਟਾਂ ਦੇ ਹਿੱਸੇ ਆਏ। ਜਿਹੜਾ ਨਿਸ਼ਾਨ ਬਾਬਾ ਕਾਹਨ ਸਿੰਘ ਦੇ ਇਸ ਜਥੇ ਨੂੰ ਮਿਲਿਆ ਸੀ ਉਸ ਵਿਚ ਤੇਹਣ ਅਤੇ ਭੱਲੇ ਸਨ। ਇਨ੍ਹਾਂ ਨੇ ਕੌਮ ਅੱਗੇ ਬੇਨਤੀ ਕੀਤੀ ਸੀ ਕਿ ਉਹ ਸਾਹਿਬਾਨਾਂ ਅੰਸ਼-ਵੰਸ਼ ਹਨ ਇਸ ਲਈ ਇਨ੍ਹਾਂ ਨੂੰ ਵਿਸਾਰਿਆ ਨਾ ਜਾਵੇ। ਇਹ ਲੋਕ ਭਜਨ-ਬੰਦਗੀ ਵਾਲੇ ਤਾਂ ਸਨ ਪਰ ਆਪਣਾ ਖ਼ੂਨ ਵਹਾਉਣ ਅਤੇ ਦੂਜੇ ਦਾ ਡੋਲ੍ਹਣ ਵਾਲੇ ਗੁਣ ਘੱਟ ਸਨ। 1748 ਤੋਂ ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਸ਼ੁਰੂ ਹੋ ਗਏ। ਹਰ ਰੋਜ਼ 25 ਹਾਰਸ ਪਾਵਰ ਦੀ ਮੋਟਰ ਦੇ ਪਾਣੀ ਜਿਨ੍ਹਾਂ ਲਹੂ ਪੰਜਾਬ ਵਿਚ ਡੁੱਲ੍ਹਦਾ ਸੀ। ਇਹ ਸਮਾਂ ਫਿਰ ਜੱਟਾਂ ਦੀ ਪਰਖ ਦਾ ਸਮਾਂ ਸੀ। 12 ਸਿੱਖ ਮਿਸਲਾਂ ਵਿਚੋਂ 9 ਮਿਸਲਾਂ ਜੱਟਾਂ ਦੀਆਂ ਸਨ:
1. ਫੂਲਕੀਆਂ ਮਿਸਲ- ਸਿੱਧੂ ਜੱਟ
2. ਆਹਲੂਵਾਲੀਆ ਮਿਸਲ - ਕਲਾਲ
3. ਭੰਗੀ ਮਿਸਲ-ਢਿੱਲੋਂ ਜੱਟ
4. ਕਨ੍ਹੱਈਆ ਮਿਸਲ-ਸੰਧੂ ਜੱਟ
5. ਰਾਮਗੜ੍ਹੀਆ ਮਿਸਲ-ਤਰਖਾਣ
6. ਸਿੰਘਪੁਰੀਆ ਮਿਸਲ- ਜੱਟ
7. ਕਰੋੜ ਸਿੰਘੀਆ ਮਿਸਲ-ਜੱਟ
8. ਨਿਸ਼ਾਨਵਾਲੀਆ ਮਿਸਲ- ਗਿੱਲ ਜੱਟ
9. ਸੁਕਰਚੱਕੀਆ ਮਿਸਲ- ਜੱਟ
10. ਡੱਲੇਵਾਲੀਆ ਮਿਸਲ - ਖੱਤਰੀ ਸਿੱਖ ਜਾਤੀ
11. ਨਕਈ ਮਿਸਲ - ਸੰਧੂ ਜੱਟ
12. ਸ਼ਹੀਦਾਂ ਦੀ ਮਿਸਲ- ਸੰਧੂ ਜੱਟ
ਸਾਰੀਆਂ ਸਿੱਖ ਮਿਸਲਾਂ ਕੋਲ ਕਰੀਬ 95000 ਦੇ ਕਰੀਬ ਘੋੜ ਸਵਾਰ ਫ਼ੌਜ ਸੀ। ਲਗਾਤਾਰ ਕਿਰਪਾਨ ਕਈ ਸਾਲ ਖੜਕਦੀ ਰਹੀ। ਕੱਚੇ-ਪਿੱਲੇ ਝੜ ਗਏ। ਇਸ ਵਿਚ ਕੋਈ ਸ਼ੱਕ ਨਹੀਂ ਕਿ ਮੁਸਲਮਾਨ ਹਮਲਾਵਰਾਂ ਦਾ ਟਾਕਰਾ ਕਰਨ ਲਈ ਸਿੱਖਾਂ ਵਿਚ ਸ਼ਾਮਲ ਹਰ ਜਾਤੀ ਦੇ ਲੋਕਾਂ ਦੇ ਡਟਵਾਂ ਹਿੱਸਾ ਪਾਇਆ ਪਰ ਸਿੱਖ ਮਿਸਲਾਂ ਵਿਚ 75 ਫ਼ੀਸਦੀ ਜੱਟ ਸਨ। ਲੋਕ ਕਹਿੰਦੇ ਸਨ ਜੱਟ ਸਿੱਖਾਂ ਦਾ ਰਾਜ ਹੋ ਗਿਆ।
ਜਿਵੇਂ ਹੁਣ ਪੰਜਾਬ ਦੇ ਕਈ ਗੈਰਜੱਟ ਲੋਕਾਂ ਦੇ ਮਨਾਂ ਵਿਚੋਂ ਜੱਟ ਸਿੱਖਾਂ ਵਿਰੁੱਧ ਆਪਣੇ ਆਪ ਜ਼ਹਿਰ ਬਾਹਰ ਆ ਰਹੀ ਹੈ ਉਹ ਹਰ ਗੱਲ ਦਾ ਭਾਂਡਾ ਜੱਟਾਂ ਸਿਰ ਭੰਨ ਰਹੇ ਹਨ ਉਸੇ ਤਰਾਂ ਓਦੋਂ ਵੀ ਹੋਇਆ ਸੀ। ਜੱਟ ਸਿੱਖਾਂ ਦੀਆਂ ਮਿਸਲਾਂ ਨੇ ਮੁਸਲਮਾਨ ਹਮਲਾਵਰਾਂ ਦੇ ਨੱਕ ਮੋੜ ਦਿੱਤੇ। ਮੁਸਲਮਾਨਾਂ ਦੇ ਰਾਜ ਦਾ ਅੰਤ ਨੇੜੇ ਦੇਖਕੇ ਰੱਬ ਦਾ ਫ਼ਕੀਰ ਆਖੇ ਜਾਣ ਵਾਲੇ ਬਾਬਾ ਬੁੱਲੇ ਸ਼ਾਹ ਹੋਰੀਂ ਵੀ ਆਪਣਾ ਦਿਮਾਗ਼ੀ ਸੰਤੁਲਨ ਗੁਆ ਬੈਠੇ ਉਨ੍ਹਾਂ ਹਉਕਾ ਭਰ ਕੇ ਕਿਹਾ:
ਮੁਗ਼ਲਾਂ ਜ਼ਹਿਰ ਪਿਆਲੇ ਪੀਤੇ, ਭੂਰੀਆਂ ਵਾਲੇ ਰਾਜੇ ਕੀਤੇ।
ਸਭ ਅਸ਼ਰਾਫ਼ ਫਿਰਨ ਚੁੱਪ ਕੀਤੇ, ਭਲਾ ਉਨ੍ਹਾਂ ਨੂੰ ਝਾੜਿਆ ਈ।
ਬੁਲ੍ਹਾ ਸ਼ਾਹ ਫ਼ਕੀਰ ਵਿਚਾਰਾ, ਕਰ ਕਰ ਚਲਿਆ ਕੂਚ ਨਗਾਰਾ।
ਭਾਵ ਮੁਗ਼ਲ ਸਲਤਨਤ ਦੀ ਮੌਤ ਆ ਗਈ ਅਤੇ ਭੂਰਿਆਂ ਵਾਲੇ ਸਿੱਖ ਰਾਜੇ ਬਣ ਗਏ। ਸ਼ਰੀਫ਼ ਆਦਮੀ ਚੁੱਪ ਫਿਰਦੇ ਹਨ (ਉਸ ਨੂੰ ਆਪਣੀ ਕੌਮ ਦੇ ਜ਼ਾਲਮ ਲੋਕ ਵੀ ਸ਼ਰੀਫ਼ ਲਗਦੇ ਸਨ) ਹੁਣ ਬੁੱਲੇ ਸ਼ਾਹ ਫ਼ਕੀਰ ਨੂੰ ਵੀ ਕੂਚ ਕਰਨਾ ਪਵੇਗਾ।
ਸਿਰਫ਼ ਬੁੱਲੇ ਸ਼ਾਹ ਫ਼ਕੀਰ ਹੀ ਨਹੀਂ 'ਵਾਰਿਸ ਸ਼ਾਹ' ਜਿਹੇ ਸੂਫ਼ੀ ਲੇਖਕ ਮੰਨੇ ਜਾਂਦੇ ਕਵੀਆਂ ਦੇ ਮਨਾਂ ਵਿਚੋਂ ਜ਼ਹਿਰ ਰੂਪੀ ਅੱਖਰ ਨਿੱਕਲੇ ਸਨ:
ਜਦੋਂ ਦੇਸ ਤੇ ਜੱਟ ਸਰਦਾਰ ਹੋਏ,
ਘਰੋ ਘਰੀਂ ਜਾਂ ਨਵੀਂ ਸਰਕਾਰ ਹੋਈ।
ਅਸ਼ਰਾਫ਼ ਖ਼ਰਾਬ ਕਮੀਨ ਤਾਜ਼ੇ,
ਜ਼ਿਮੀਂਦਾਰਾਂ ਨੂੰ ਵੱਡੀ ਬਹਾਰ ਹੋਈ।
(ਹੀਰ ਵਾਰਿਸ ਸ਼ਾਹ ਦਾ ਬੰਦ 624)
ਉਹ ਕਹਿੰਦਾ ਹੈ ਜਦੋਂ ਜੱਟ ਸਰਦਾਰ ਦੇਸ਼ ਦੇ ਸਰਦਾਰ ਬਣ ਗਏ ਹਨ ਹਰ ਘਰ ਹੀ ਸਮਝਦਾ ਹੈ ਉਨ੍ਹਾਂ ਦੀ ਸਰਕਾਰ ਬਣ ਗਈ ਹੈ। ਜ਼ਿਮੀਂਦਾਰਾਂ ਦੀਆਂ ਮੌਜਾਂ ਹਨ। ਇਹ ਸਨ ਜੱਟਾਂ ਦੀਆਂ ਕੁਰਬਾਨੀਆਂ! ਜਿਹੜੇ ਕਹਿੰਦੇ ਹਨ ਜੱਟਾਂ ਨੇ ਸਿੱਖੀ ਤੇ ਕਬਜ਼ਾ ਕੀਤਾ ਹੋਇਆ ਹੈ ਉਹ ਜੱਟਾਂ ਦੀਆਂ ਘਾਲਣਾਂ ਦੀ ਧਿਆਨ ਵਿਚ ਰੱਖਿਆ ਕਰਨ।
-ਗੁਰਸੇਵਕ ਸਿੰਘ ਧੌਲਾ
(ਇਹ ਲੜੀ ਅਜੇ ਚਲਦੀ ਹੈ ਅਗਲਾ ਭਾਗ ਛੇਤੀ ਆਵੇਗਾ)