#ਪਾਪ_ਪੁੰਨ #Virtue_Sins
ਬੜ੍ਹੀ ਚਰਚਾ ਕਰਦੇ ਨੇ ਲੋਕ ਜਦੋਂ ਤੁਸੀਂ ਕਿਸੇ ਦੀਆਂ ਪੋਸਟਾਂ ਦੇਖਦੇ ਹੋ ਜਾਂ ਸਟੇਟਸ ਦੇਖਦੇ ਹੋ ਤਾਂ ਮੇਰੇ ਵਰਗੇ ਸਾਰੇ ਹੀ ਬੜ੍ਹੇ ਧਰਮੀ ਤੇ ਪੁੰਨ ਕਰਮ ਵਾਲੇ ਜਾਪਦੇ ਨੇ ਪਰ ਅਸਲ ਸੱਚਾਈ ਬੰਦੇ ਦੇ ਦਿਖਾਵਿਆਂ ਤੋਂ ਨਹੀਂ ਉਸ ਦੇ ਨਾਲ ਵਰਤਣ ਵਾਲੇ ਨੂੰ ਹੀ ਪਤਾ ਹੁੰਦਾ ਬੰਦੇ ਦੇ ਅਸਲ ਕਿਰਦਾਰ ਦਾ।
ਹਰ ਰੋਜ਼ ਸੈਕੜਿਆਂ ਦੀਆਂ ਠੱਗੀਆਂ ਮਾਰਨ ਵਾਲੇ ਰੋਜ ਗੁਰੂ ਘਰ ਜਾਂਦੇ ਨੇ ਤੇ ਸਵੇਰੇ ਨਿੱਤਨੇਮ ਵੀ ਕਰਦੇ ਨੇ ਬਹੁਤੇ ਅਕਾਲੀ ਦਲ ਦੇ ਜੁਝਾਰੂ ਐਸੀਆਂ ਕਰਤੂਤਾਂ ਦੇ ਮਾਲਕ ਨੇ ਕਈ ਅੰਮ੍ਰਿਤਧਾਰੀ ਰਹਿਤ ਦੇ ਪੱਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਜਾਂ ਬਾਦਲ ਭਗਤ ਜਿੰਨ੍ਹਾਂ ਨੇ ਅੰਮ੍ਰਿਤ ਕੇਵਲ ਇਸ ਲਈ ਹੀ ਛਕਿਆ ਸੀ ਕਿ ਸ਼੍ਰੋਮਣੀ ਕਮੇਟੀ ਦੀ ਚੋਣ ਲੜ੍ਹਕੇ ਮੈਂਬਰ ਬਣਨਾ।
ਗਰੀਬ ਬੰਦਾ ਕੀੜਾ ਮਾਰ ਕੇ ਵੀ ਡਰਦਾ ਹੈ ਕਿਉਂਕਿ ਉਹ ਅੰਦਰੋਂ ਧਾਰਮਿਕ ਹੁੰਦਾ ਹਾਲਾਂਕਿ ਕਿਸੇ ਜੀਵ ਨੂੰ ਮਾਰਨ ਦਾ ਕੋਈ ਪੁੰਨ ਪਾਪ ਨਹੀਂ ਹੈ। ਪਾਪ-ਪੁੰਨ ਅਸੀਂ ਆਪਣੇ ਹਿਸਾਬ ਨਾਲ ਹੀ ਬਣਾਏ ਹੋਏ ਨੇ ਗਾਂ ਮਾਰਨ ਦਾ ਤਾਂ ਪਾਪ ਲੱਗਦਾ ਹੈ ਪਰ ਇੱਕ ਵਿਆਹ ਲਈ 100 ਮੁਰਗਾ, 20 ਬੱਕਰੇ, 40-50 ਮੱਛੀਆਂ ਤੇ ਹੋਰ ਪਤਾ ਨਹੀਂ ਕੀ ਕੁਝ ਕੁਰਬਾਨ ਹੁੰਦਾ ਓਸੇ ਵਿਆਹ ਵਿੱਚ ਜਦੋਂ ਇੱਕ ਗਰੀਬ ਨੂੰ ਰੋਟੀ ਨਹੀਂ ਖਾਣ ਦਿੱਤੀ ਜਾਂਦੀ ਤੇ ਧੱਕੇ ਮਾਰਕੇ ਬਾਹਰ ਕੱਢਦੇ ਨੇ ਮੈਨੂੰ ਤਾਂ ਉਸਤੋਂ ਵੱਡਾ ਪਾਪ ਕੋਈ ਨਹੀਂ ਲੱਗਦਾ। ਕਿਸੇ ਦਾ ਦਿਲ ਦੁਖਾਉਣਾ ਸਭ ਤੋਂ ਵੱਡਾ ਪਾਪ ਹੈ। ਸਾਡੇ ਅਖੌਤੀ ਧਾਰਮਿਕ ਲੋਕ ਸਮਾਨ, ਦੁਕਾਨਾਂ, ਸਾਧਨਾਂ, ਜਮੀਨਾਂ ਵਿੱਚੋਂ ਕਮਿਸ਼ਨ ਖਾਣ ਨੂੰ ਵੀ ਦਸਾਂ ਨਹੁੰਆਂ ਦੀ ਕਿਰਤ ਈ ਸਮਝਦੇ ਨੇ। ਜਦੋਂ ਬੰਦਾ ਅੰਦਰੋਂ ਧਾਰਮਿਕ ਹੁੰਦਾ ਨਾ ਫੇਰ ਉਸਦੇ ਆਮ ਕੀਤੇ ਕੰਮਾਂ ਵਿੱਚ ਵੀ ਗੁਨਾਹ ਨਜਰ ਆਉਂਦੇ ਨੇ, ਗੁਰਬਾਣੀ ਵਿੱਚ ਪੁੰਨ ਨਾਮ ਜਪਣਾ ਹੀ ਹੈ ਤੇ ਪਾਪ ਪੰਜ ਵਿਕਾਰਾਂ (ਕਾਮ, ਕਰੋਧ, ਲੋਭ, ਮੋਹ, ਹੰਕਾਰ) ਦੇ ਵੱਸ ਪੈ ਕੇ ਕੋਈ ਕੰਮ ਕਰਨਾ। ਵੈਸੇ ਪਾਪ ਇਹ ਹੁੰਦਾ ਹੈ ਕਿ ਤੁਸੀਂ ਕਿਸੇ ਦੇ ਬਾਰੇ ਮਨ ਵਿੱਚ ਮਾੜਾ ਸੋਚ ਲਿਆ ਉਹ ਪਾਪ ਨੂੰ ਜਨਮ ਦਿੰਦਾ ਹੈ ਪਾਪ ਸਿਰਫ ਮਾੜਾ ਸੋਚਣ ਨਾਲ ਹੀ ਜਨਮ ਲੈ ਲੈਂਦਾ ਹੈ ਤੇ ਉਸਨੂੰ ਅਮਲ ਵਿੱਚ ਲਿਆਉਣ ਨਾਲ ਗੁਨਾਹ ਪੈਦਾ ਹੁੰਦੇ ਨੇ। ਪਾਪ ਇਸ ਕਰਕੇ ਬੁਰਾ ਹੈ ਕਿ ਇਹ ਸਾਡੇ ਅੰਦਰ ਦੀ ਚੰਗਿਆਈ ਨੂੰ ਦਬਾ ਲੈਂਦਾ ਹੈ ਤੇ ਜਿਵੇਂ ਜਿਵੇਂ ਸਾਡੇ ਮਨ ਵਿੱਚ ਪਾਪ ਵਧਦਾ ਚੰਗਿਆਈ ਘਟਦੀ ਜਾਂਦੀ ਹੈ।
ਅਸੀਂ ਗੁਰਬਾਣੀ ਦਾ ਸ਼ਬਦ ਸਭ ਨੇ ਸੁਣਿਆ ਹੋਵੇਗਾ ਗੁਰਬਾਣੀ ਧਰਤੀ ਤੇ ਅੰਤਿਮ ਸਤ ਹੈ ਇਸ ਤੋਂ ਅੱਗੇ ਕੋਈ ਖੋਜ ਕਰਕੇ ਇਸਨੂੰ ਚੈਲੈਂਜ ਨਹੀਂ ਕੀਤਾ ਜਾ ਸਕਦਾ:
ਪਾਪ ਕਮਾਵਦਿਆ ਤੇਰਾ ਕੋਇ ਨ ਬੇਲੀ ਰਾਮ॥
ਸੁਣਿਆ ਸਭਨੇ ਹੈ ਸਮਝਿਆ ਨਹੀਂ
ਪਾਪ ਕਮਾਉਣ ਵਾਲੇ ਦਾ ਕੋਈ ਬੇਲੀ ਇਸ ਲਈ ਨਹੀਂ ਹੁੰਦਾ ਕਿਉਂਕਿ ਉਹ ਪਾਪ ਬਾਰੇ ਸੋਚਦਾ ਇਕੱਲਾ ਹੀ ਹੈ ਪਾਪ ਮਨ ਦੇ ਅੰਦਰ ਹੀ ਪੈਦਾ ਹੁੰਦਾ। ਜਰੂਰੀ ਨਹੀਂ ਸਭ ਨੂੰ ਪਾਪ-ਪੁੰਨ ਦੀ ਸਮਝ ਆਵੇ ਜਾਂ ਇਸਦੇ ਉੱਪਰ ਖੋਜ ਕਰਦੇ ਰਹੀਏ ਲੋੜ ਤਾਂ ਇਹ ਹੈ ਕਿ ਵਾਹਿਗੁਰੂ ਨੂੰ ਯਾਦ ਕਰਦੇ ਰਹੀਏ ਤਾਂ ਕਿ ਮਾੜਾ ਖਿਆਲ ਪੈਦਾ ਹੀ ਨਾ ਹੋਵੇ ਸਾਡੇ ਅੰਦਰ ਚੰਗਿਆਈ ਵਧੇ ਹੋਰ ਗੁਣ ਪ੍ਰਫੁੱਲਤ ਹੋਣ।
ਸੋਰਠਿ ਮਹਲਾ ੧ ਤਿਤੁਕੀ
ਆਸਾ ਮਨਸਾ ਬੰਧਨੀ ਭਾਈ ਕਰਮ ਧਰਮ ਬੰਧਕਾਰੀ॥
ਪਾਪਿ ਪੁੰਨਿ ਜਗੁ ਜਾਇਆ ਭਾਈ ਬਿਨਸੈ ਨਾਮੁ ਵਿਸਾਰੀ॥
ਇਹ ਮਾਇਆ ਜਗਿ ਮੋਹਣੀ ਭਾਈ ਕਰਮ ਸਭੇ ਵੇਕਾਰੀ॥੧॥
ਸੁਣਿ ਪੰਡਿਤ ਕਰਮਾ ਕਾਰੀ॥
ਜਿਤੁ ਕਰਮਿ ਸੁਖੁ ਊਪਜੈ ਭਾਈ ਸੁ ਆਤਮ ਤਤੁ ਬੀਚਾਰੀ॥ਰਹਾਉ॥
੬੩੫
ਆਸ਼ਾਵਾਂ-ਮਨਸ਼ਾਵਾਂ ਦੇ ਵਿੱਚ ਬੱਝ ਕੀਤੇ ਕਰਮ ਮਾਇਆ ਦੀ ਗਕਲਾਮੀ ਪੈਦਾ ਕਰਦੇ ਹਨ।
ਕੀਤੇ ਹੋਏ ਪੁੰਨ ਅਤੇ ਪਾਪ ਮੁਤਾਬਿਕ ਬੰਦਾ ਜਗਤ ਵਿੱਚ ਜੰਮਦਾ ਹੈ ਤੇ ਨਾਮ ਵਿਸਾਰ ਕੇ ਮਰਦਾ ਹੈ ਇਸ ਕਰਕੇ ਪਾਪ ਤੇ ਪੁੰਨ ਦੇ ਗੇੜ ਵਿੱਚ ਹੀ ਘੁੰਮਦਾ।
ਇਹ ਜੋ ਮਾਇਆ ਹੈ (ਕਿਸੇ ਵੀ ਪਰਕਾਰ ਦਾ ਸੰਸਾਰੀ ਲਾਲਚ) ਇਹ ਲੋਕਾਂ ਨੂੰ ਆਪਣੇ ਪ੍ਰਤੀ ਆਕਰਸ਼ਿਤ ਕਰਨ ਦਾ ਹੀ ਕੰਮ ਕਰਦੀ ਹੈ ਇਸ ਵਿੱਚ ਫਸ ਕੇ ਕੀਤੇ ਕਰਮ ਚਾਹੇ ਧਾਰਮਿਕ ਹੋਣ ਜਾਂ ਸਮਾਜਿਕ ਉਹ ਸਾਰੇ ਵਿਆਰਥ ਹਨ।
ਹੇ ਕਰਮਾਂ ਕਾਂਡਾ ਵਿੱਚ ਉਲਝੇ ਪੰਡਿਤ:
ਉਹ ਕੰਮ ਕਰ ਜਿਸ ਨਾ ਆਤਮਿਕ ਸੁਖ* ਬਣੇ ਉਹ ਅੰਦਰਲਾ ਸੂਖਮ ਤਤੁ ਵਿਚਾਰ ਜੋ ਅਨੰਦ ਦੀ ਅਵਸਥਾ ਬਣਾਵੇ।
*ਨੋਟ: ਗੁਰਬਾਣੀ ਕਿਤੇ ਵੀ ਬਾਹਰੀ ਸੁਖ ਅਰਾਮ ਦੀ ਗੱਲ ਨਹੀਂ ਕਰਦੀ ਉਦਾਹਰਣ ਜਰੂਰ ਦਿੰਦੀ ਹੈ।
ਬਾਕੀ ਮੈਂ ਕੋਈ ਬਹੁਤਾ ਸਿਆਣਾ ਨਹੀਂ ਜਿੰਨੀ ਮੈਨੂੰ ਸਮਝ ਆਈ ਲਿਖ ਛੱਡਿਆ।
ਹਮ ਅਪਰਾਧੀ ਸਦ ਭੂਲਤੇ ਤੁਮ੍ ਬਖਸਨਹਾਰੇ॥੧॥ਰਹਾਉ॥ ਅੰਗ ੮੦੯
ਜੁਲਾਈ 2021
ਅਨੇਕਾਂ ਭੁੱਲਾਂ ਦੀ ਖਿਮਾਂ ਸਹਿਤ
ਰਾਜਪਾਲ ਸਿੰਘ ਘੱਲ ਕਲਾਂ