ਸੰਤ
ਰਾਜਨੀਤਿਕ ਦੁਨੀਆਂ ਵਿਚ ਵੱਖ ਵੱਖ ਅਹੁਦੇ ਹਨ ਤੇ ਵਿਦਿਅਕ ਸੰਸਾਰ ਵਿਚ ਭਿੰਨ ਭਿੰਨ ਉਧੀਆਂ ਹਨ। ਤਿਵੇਂ ਅਧਿਆਤਮ ਮੰਡਲ ਵਿਚ ਵੀ ਵੱਖ ਵੱਖ ਦਰਜੇ ਹਨ : ਗੁਰਮੁਖ, ਗਿਆਨੀ, ਸਾਧੂ, ਭਗਤ, ਰਿਸ਼ੀ-ਮੁਨੀ। ਤਿਵੇਂ ਸੰਤ ਇਕ ਐਸੀ ਅਵਸਥਾ ਹੈ ਜੋ ਅਧਿਆਤਮ ਜਗਤ ਦੀ ਸਿਖ਼ਰਤਾ ਹੈ । ਜੀਵਨ ਦਾ ਸਾਰ ਪ੍ਰਮਾਤਮ ਰਸ ਦੈਵੀ ਗੁਣਾਂ ਦੀ ਸਾਰੀ ਸੰਪਦਾ ਸੰਤ ਦੇ ਅੰਦਰ ਹੁੰਦੀ ਹੈ।
ਸਾਡੇ ਦੇਸ਼ ਦਾ ਰਾਜਨੀਤੀ ਵਿਚ ਸਭ ਤੋਂ ਵੱਡਾ ਰੁਤਬਾ ਰਾਸ਼ਟਰਪਤੀ ਦਾ ਹੈ।
ਧਾਰਮਿਕ ਦੁਨੀਆਂ ਵਿਚ ਸੰਤ ਸਰੇਸ਼ਟ ਹੈ। ਸੰਤ ਪੂਰਨ ਪਦ ਹੈ। ਪੂਰਨ ਅਨੰਦ ਤੇ ਪੂਰਨ ਪ੍ਰਕਾਸ਼ ਹੈ । ਬੂੰਦ ਸਾਗਰ ਵਿਚ ਲੀਨ ਹੋ, ਸਾਗਰ ਹੋ ਗਈ । ਪੂਰਨ ਪ੍ਰਮਾਤਮਾ ਵਿਚ ਲੀਨ ਹੋ, ਪੁਰਖ ਪੂਰਨ ਹੋ ਜਾਂਦਾ ਹੈ, ਤੇ ਪੂਰਨ ਪੁਰਖ ਨੂੰ ਹੀ ਸੰਤ ਕਹਿੰਦੇ ਹਨ।
ਸੰਤ ਪਦ ਕਿਵੇਂ ਪ੍ਰਾਪਤ ਹੋਵੇ ? ਸੰਤ ਕੌਣ ਹੈ ? ਇਸ ਲੇਖ ਵਿਚ ਇਸੇ ਹੀ ਵਿਸ਼ੇ ਨੂੰ ਗੁਰਬਾਣੀ ਦੀ ਵਿਚਾਰ ਨਾਲ ਖੋਲ੍ਹਣ ਦੀ ਤੁੱਛ ਜਿਹੀ ਕੋਸ਼ਿਸ਼ ਕੀਤੀ ਹੈ।
ਸੰਤ ਕਿਸੇ ਭੇਖ ਦਾ ਨਾਮ ਨਹੀਂ ਹੈ-ਬਲਕਿ ਜੀਵਨ ਦੀ ਇਕ ਕਲਾ ਹੈ । ਥੋੜ੍ਹੀ ਬਹੁਤ ਜੋ ਪ੍ਰਿਥਵੀ ਤੇ ਮਨੁੱਖੀ ਦੁਨੀਆਂ ਅੰਦਰ ਰਸ ਤੇ ਜੋ ਰੌਣਕ ਹੈ ਇਹ ਸੰਤਾਂ ਕਰ ਕੇ ਹੈ। ਸੰਤਾਂ ਤੋਂ ਬਿਨਾਂ ਪ੍ਰਿਥਵੀ ਇਕ ਡਰਾਉਣਾ ਜੰਗਲ ਹੈ। ਇਕ ਸ਼ਹਿਰ ਅੰਦਰ ਅਗਰ ਕੋਈ ਇਕ ਵੀ ਸੰਤ ਹੈ ਤਾਂ ਸਾਰੇ ਸ਼ਹਿਰ ਨੂੰ ਪ੍ਰਫੁਲਤਾ ਮਿਲਦੀ ਹੈ। ਸਕੂਨ, ਮਾਨਸਿਕ ਸ਼ਾਂਤੀ ਉਪਲਬਧ ਹੁੰਦੀ ਹੈ । ਸੰਤ ਦੀ ਰਸਨਾ ਰੱਬੀ ਗਿਆਨ ਦੇ ਰਤਨਾਂ ਨਾਲ ਜੜਤ ਹੁੰਦੀ ਹੈ । ਉਸ ਦੀ ਕਾਇਆ ਪਵਿੱਤ੍ਰਤਾ ਦਾ ਸੋਮਾਂ ਹੁੰਦੀ
ਹੈ। ਉਸ ਦੀ ਕਾਇਆ ਵਿਚੋਂ ਨਿਕਲਦੇ ਸੁਆਸ ਬੈਰੂਨੀ ਹਵਾ ਨੂੰ ਪਵਿੱਤ੍ਰ ਕਰਦੇ ਹਨ :
ਕੁੰਗੂ ਕੀ ਕਾਂਇਆ ਰਤਨਾ ਕੀ ਲਲਿਤਾ ਅਗਰਿ ਵਾਸੁ ਤਨਿ ਸਾਸੁ ॥
ਅਠਸਥਿ ਤੀਰਥ ਕਾ ਮੁਖਿ ਟਿਕਾ ਤਿਤੁ ਘਟਿ ਮਤਿ ਵਿਗਾਸੁ॥
(ਸਿਰੀ ਰਾਗ ਮ: ੧, ਪੰਨਾ ੧੭)
ਸੰਤ ਕੋਈ ਸਾਧਨਾ ਨਹੀਂ ਕਰਦਾ। ਉਸ ਦੀ ਸਾਧਨਾ ਸਫ਼ਲ ਹੋ ਗਈ ਹੈ । ਹੁਣ ਤਾਂ ਉਹ ਸਤ ਵਿਚ ਜੀਂਵਦਾ ਹੈ। ਉਸ ਦੇ ਬਚਨਾਂ ਵਿਚ ਸੱਤਿਆ, ਦ੍ਰਿਸ਼ਟੀ ਵਿਚ ਅੰਮ੍ਰਿਤ, ਕਦਮਾਂ ਵਿਚ ਕ੍ਰਾਂਤੀ ਤੇ ਹੱਥਾਂ ਵਿਚ ਬਰਕਤ ਹੁੰਦੀ ਹੈ। ਉਹ ਦਾਤੇ ਹੁੰਦੇ ਹਨ :
ਓਇ ਦਾਤੇ ਦੁਖ ਕਾਟਨਹਾਰ ॥
(ਗਉੜੀ ਸੁਖਮਨੀ ਪੰਨਾ ੨੮੫)
ਜੀਵਣਾ ਤਾਂ ਹੁੰਦਾ ਹੀ ਸੰਤਾਂ ਕੋਲ ਹੈ। ਬਾਕੀ ਤਾਂ ਅਧਿਆਤਮ ਜੀਵਨ ਵੱਲੋਂ ਮਰੇ ਹੋਏ ਹਨ:
ਸਾਕਤ ਮਰਹਿ ਸੰਤ ਸਭਿ ਜੀਵਹਿ ॥
(ਗਉੜੀ ਕਬੀਰ ਜੀ, ਪੰਨਾ ੩੨੬)
ਜੋ ਬਾਹਰੋਂ ਜਿਤਨੀ ਭਜ-ਦੌੜ ਕਰਦਾ ਹੈ ਤੇ ਦੂਜਿਆਂ ਨੂੰ ਜਿੱਤਣ ਦੀ ਕੋਸ਼ਿਸ਼ ਕਰਦਾ ਹੈ, ਉਹ ਰਾਜਾ ਹੋ ਜਾਂਦਾ ਹੈ। ਉਸ ਦਾ ਹੁਕਮ ਧਰਤੀ ਤੇ ਚਲਦਾ ਹੈ ਪਰ ਆਪਣੇ ਮਨ ਦੇ ਹੱਥੋਂ ਹਾਰਿਆ ਹੋਇਆ ਹੁੰਦਾ ਹੈ । ਸਾਰੀ ਦੁਨੀਆਂ ਨੂੰ ਜਿੱਤਣ ਵਾਲਾ ਆਖ਼ਿਰ ਆਪਣੇ ਮਨ ਦੇ ਹੱਥੋਂ ਹਾਰ ਜਾਂਦਾ ਹੈ । ਜੋ ਆਪਣੇ ਆਪ ਤੋਂ ਹਾਰਿਆ ਹੋਇਆ ਹੈ ਜਿਸ ਦਾ ਹੁਕਮ ਆਪਣੇ ਮਨ ਤੇ ਨਹੀਂ ਚਲਦਾ ਉਸ ਦੀ ਜਿੱਤ ਇਕ ਛਲਾਵਾ ਹੈ । ਜਗਤ-ਜੇਤੂ ਤਾਂ ਉਹ ਹੈ ਜੋ ਆਪਣੇ ਮਨ ਤੇ ਜਿੱਤ ਪ੍ਰਾਪਤ ਕਰ ਲੈਂਦਾ ਹੈ :
ਮਨਿ ਜੀਤੇ ਜਗੁ ਜੀਤੁ॥
(ਜਪੁਜੀ)
ਧਾਰਮਿਕ ਮੰਦਰ, ਧਰਮ ਗ੍ਰੰਥ ਮਨ ਜਿੱਤਣ ਦੇ ਸਾਧਨ ਦੱਸਦੇ ਹਨ। ਜੋ ਆਪਣੇ ਮਨ ਤੇ ਜਿੱਤ ਪ੍ਰਾਪਤ ਕਰ ਲੈਂਦਾ ਹੈ, ਉਹ ਜਗਤ ਜਿੱਤਣ ਦੀ ਮੂੜ੍ਹ ਕਿਰਿਆ ਤੋਂ ਬਚ ਜਾਂਦਾ ਹੈ। ਤੇ ਜੋ ਆਪਣੇ ਮਨ ਦੇ ਹੱਥੋਂ ਹਾਰੇ ਹੋਏ ਹਨ, ਉਹ ਜਗਤ ਨੂੰ ਜਿੱਤਣ ਦੀ ਕੋਸ਼ਿਸ਼ ਕਰਦੇ ਹਨ।
ਸੰਸਾਰ ਦੀ ਸਾਰੀ ਕਰੂਪਤਾ ਜਬਰ-ਜ਼ੁਲਮ, ਦੁਰਾਚਾਰ ਇਨ੍ਹਾਂ ਹੀ ਮਨੁੱਖਾਂ ਕਰਕੇ ਹੈ, ਜੋ ਆਪਣੇ ਮਨ ਦੇ ਹੱਥੋਂ ਹਾਰੇ ਹੋਏ ਹਨ। ਜਬਰ ਨਾਲ ਜਗਤ ਨੂੰ ਜਿੱਤਣ ਦੀ ਕੋਸ਼ਿਸ਼ ਕਰਦੇ ਹਨ ਤੇ ਇਨ੍ਹਾਂ ਦੇ ਜਬਰ ਨਾਲ ਕਈ ਘਰ ਉਜੜਦੇ ਹਨ। ਕਈਆਂ ਦੀ ਅਸਮਤ ਲੁੱਟੀ ਜਾਂਦੀ ਹੈ। ਕਈ ਯਤੀਮ ਹੋ ਜਾਂਦੇ ਹਨ। ਜਗਤ ਨੂੰ ਜਿੱਤਣ ਵਾਲਿਆਂ ਨੇ ਅੱਜ ਤਕ ਜਗਤ ਨੂੰ ਉਜਾੜਿਆ ਹੈ, ਬਰਬਾਦ ਕੀਤਾ ਹੈ-ਜੋ ਜਿਤਨਾ ਵੱਡਾ ਜੇਤੂ ਹੋਇਆ ਹੈ-ਉਸ ਨੇ ਉਤਨੀ ਧਰਤੀ ਵੀਰਾਨ ਕੀਤੀ ਹੈ। ਜਗਤ ਜਿੱਤਣ ਵਾਲੇ ਜਗਤ ਨੂੰ ਨਰਕ ਬਣਾ ਕੇ ਰੱਖ ਦਿੰਦੇ ਹਨ।
ਪਰ ਜੋ ਆਪਨਾ ਮਨ ਜਿੱਤ ਲੈਂਦੇ ਹਨ, ਉਹ ਜਗਤ ਦਾ ਸਹਾਰਾ ਬਣਦੇ ਹਨ। ਉਹ ਜਗਤ ਦਾ ਜੀਵਨ ਹੁੰਦੇ ਹਨ । ਉਨ੍ਹਾਂ ਦਾ ਜੀਵਨ ਧਰਤੀ ਦਾ ਸਵਰਗ ਹੁੰਦਾ ਹੈ । ਜਗਤ ਵਿਚ ਥੋੜ੍ਹਾ ਬਹੁਤ ਸਕੂਨ ਹੈ ਤਾਂ ਇਨ੍ਹਾਂ ਸੰਤਾਂ ਕਰ ਕੇ ਹੈ।
ਜਬਰ ਨਾਲ ਜਗਤ ਜਿੱਤੀਦਾ ਹੈ ਤੇ ਸਬਰ ਨਾਲ ਮਨ ਕਾਬੂ ਆਂਵਦਾ ਹੈ।
ਅੱਠੇ ਪਹਿਰ ਸਬਰ, ਸ਼ੁਕਰਾਨੇ ਵਿਚ ਜੀਵਨਾ, ਕੋਈ ਗਿਲਾ ਨਹੀਂ, ਕੋਈ ਸ਼ਿਕਾਇਤ ਨਹੀਂ, ਹਰ ਸਮੇਂ ਪ੍ਰਸੰਨ-ਚਿੱਤ ਰਹਿਣਾ ਹੀ ਸੰਤ ਦਾ
ਸੁਭਾਵ ਹੈ :
ਸਬਰ ਅੰਦਰਿ ਸਾਬਰੀ ਤਨੁ ਏਵੈ ਜਾਲੇਨਿ॥
ਹੋਨਿ ਨਜੀਕਿ ਖੁਦਾਇ ਦੇ ਭੇਤੁ ਨ ਕਿਸੈ ਦੇਨਿ॥
(ਸਲੋਕ ਫਰੀਦ ਜੀ, ਪੰਨਾ ੧੩੮੪)
ਹੰਕਾਰੀ ਸੰਸਾਰੀ ਹੁੰਦਾ ਹੈ। ਭੇਖ-ਧਾਰੀ ਸੰਤ ਜਿਵੇਂ ਆਪਣੀ ਹੋਂਦ ਦਾ ਪ੍ਰਗਟਾਵਾ ਕਰਦੇ ਹਨ ਤੇ ਲੋਕਾਂ ਨੂੰ ਗੁਮਰਾਹ ਕਰਦੇ ਹਨ ਇਹ ਅਸਲ ਵਿਚ ਸੰਸਾਰੀ ਹਨ, ਸੰਤ ਨਹੀਂ ਹਨ।
ਸਤ ਦਾ ਚਿੰਤਨ, ਸਤ ਦਾ ਹੀ ਅਧਿਐਨ, ਸਤ ਦੀ ਹੀ ਲੋਚਾ ਕਰਕੇ ਸਤ ਸਰੂਪ ਹੋ ਜਾਣਾ ਹੀ ਸੰਤ ਦਾ ਜੀਵਨ ਹੈ :
ਜਿਨਾ ਸਾਸਿ ਗਿਰਾਸ ਨ ਵਿਸਰੈ ਹਰਿ ਨਾਮਾ ਮਨਿ ਮੰਤੁ॥
ਧੰਨੁ ਸਿ ਸੇਈ ਨਾਨਕਾ ਪੂਰਨੁ ਸੋਈ ਸੰਤੁ॥
(ਸਲੋਕ ਮ: ੫, ਪੰਨਾ ੩੧੯)
ਇਸ ਤਰ੍ਹਾਂ ਦੇ ਪੂਰਨ ਸੰਤ ਜੋ ਸੁਭਾਵਕ ਆਪਣੀ ਲੋੜ ਅਨੁਸਾਰ ਜੋ ਬਾਣਾ ਪਹਿਨ ਲੈਂਦੇ ਹਨ ਉਹ ਹੀ ਬਾਣਾ ਭੇਖਧਾਰੀ ਸੰਤਾਂ ਦਾ ਬਾਣਾ ਬਣ ਜਾਂਦਾ ਹੈ।
ਇਸ ਦੇਸ਼ ਵਿਚ ਕੋਈ ਪੰਜਾਹ ਲੱਖ ਤੋਂ ਵੀ ਵੱਧ ਸੰਤ ਹਨ ਤੇ ਉਨ੍ਹਾਂ ਦੀ ਪਹਿਚਾਨ ਉਨ੍ਹਾਂ ਦੇ ਧਾਰਨ ਕੀਤੇ ਭੇਖ ਕਰਕੇ ਹੈ।
ਕੋਈ ਭਗਵਾ, ਕੋਈ ਨੀਲਧਾਰੀ, ਕੋਈ ਚਿੱਟੇ ਕਪੜੇ ਤੇ ਕੋਈ ਸਿਰਫ ਲੰਗੋਟੀ ਯਾ ਨਗਨ-ਦਿਗੰਬਰੀ ਹੈ।
ਸੰਤ ਭੇਖ ਨਹੀਂ ਹੈ । ਨਹੀਂ ਤਾਂ ਕੋਈ ਗੋਲ ਪੱਗ ਕਰਕੇ ਯਾ ਕਲਗੀ ਲਾ ਕੇ ਸੰਤ ਬਣ ਜਾਵੇ। ਮਾਂ ਬਾਪ ਦੇ ਸਰੀਰ ਦਾ ਜੋ ਤਤ ਹੈ ਓਹ ਸੁਤ (ਪੁਤ) ਹੈ ਔਰ ਸਤ ਦਾ ਜੋ ਤਤ ਹੈ ਉਹ ਸੰਤ ਹੈ । ਜੋ ਸਤ ਦਾ ਹੀ ਨਿਚੋੜ ਹੈ, ਤਤ ਹੈ। ਉਸ ਦੇ ਦਰਸ਼ਨ ਕੀਤੇ ਸਤ ਦੇ ਮਾਰਗ ਤੇ ਚਲਣ ਦਾ ਹਿਲੋਰਾ ਮਿਲ ਜਾਂਦਾ ਹੈ । ਸੰਤ ਦੀ ਹੋਂਦ ਸਤ ਦਾ ਪ੍ਰਤੱਖ ਰੂਪ ਹੈ। ਇਸ ਵਾਸਤੇ:
ਅਬ ਤਉ ਜਾਇ ਚਢੈ ਸਿੰਘਾਸਨਿ ਮਿਲੇ ਹੈ ਸਾਰਿੰਗ ਪਾਨੀ॥
ਰਾਮ ਕਬੀਰਾ ਏਕ ਭਏ ਹੈ ਕੋਇ ਨ ਸਕੈ ਪਛਾਨੀ॥
(ਸ੍ਰੀ ਕਬੀਰ ਜੀ, ਪੰਨਾ ੯੬੯)
ਨਾਮੇ ਨਾਰਾਇਨ ਨਾਹੀ ਭੇਦੁ॥
(ਭੈਰਉ ਨਾਮਦੇਵ ਜੀ ਪੰਨਾ ੧੧੬੬)
ਜੋ ਰਾਮ ਤੋਂ ਅਲੱਗ ਹੈ, ਭੇਦ ਵਿਚ ਹੈ। ਉਹ ਤਾਂ ਸੰਸਾਰੀ ਹੈ। ਸੰਸਾਰੀ ਕਹਿਣਾ ਵੀ ਠੀਕ ਨਹੀਂ । ਪ੍ਰਭੂ ਨਾਲ ਅੰਤਰ ਵਿਚ ਜੀਵਨ ਵਾਲਾ ਤਾਂ ਪਸ਼ੂ ਹੈ :
ਜਿਨਕੈ ਭੀਤਰਿ ਹੈ ਅੰਤਰਾ॥
ਜੈਸੇ ਪਸੁ ਤੈਸੇ ਓਇ ਨਰਾ॥
(ਭੈਰਉ ਨਾਮਦੇਵ ਜੀ, ਪੰਨਾ ੧੧੬੩)
ਧਰਤੀ ਤੇ ਹਰ ਸਮੇਂ ਕੋਈ ਨ ਕੋਈ ਸੰਤ ਹੁੰਦਾ ਹੈ ਪਰ ਅਸਲੀਅਤ ਇਹ ਹੈ ਕਿ ਸੰਤ ਦੀ ਪਹਿਚਾਨ ਵੀ ਸੰਤ ਕਰ ਸਕਦਾ ਹੈ। ਅਸੰਤ ਸੰਤ ਦੀ ਪਹਿਚਾਨ ਨਹੀਂ ਕਰ ਸਕੇਗਾ। ਅੰਧੇਰਾ ਕਿਸ ਤਰ੍ਹਾਂ ਚਾਨਣੇ ਦੀ ਪਰਖ ਕਰੇਗਾ।
ਅੰਧੇ ਨਾ-ਸਮਝ ਹੀ ਸੰਤ ਦੀ ਪਹਿਚਾਨ ਕਰਦੇ ਹਨ-ਇਸ ਵਾਸਤੇ ਬਹੁਤ ਅਸੰਤ ਜਗਤ ਵਿਚ ਸੰਤ ਕਰਕੇ ਪੂਜੇ ਜਾਂਦੇ ਹਨ। ਅੰਧ-ਵਿਸ਼ਵਾਸ਼ ਦੇ ਆਸਰੇ ਤੇ ਜੋ ਸੰਤ ਪੂਜੇ ਜਾਂਦੇ ਹਨ ਉਨ੍ਹਾਂ ਦੀ ਜ਼ਿੰਦਗੀ ਤਾਂ ਆਮ ਸੰਸਾਰੀਆਂ ਤੋਂ ਵੀ ਥਲੇ ਹੈ । ਸੰਤ ਹੋਏ ਬਿਨਾਂ ਸੰਤ ਪਦ ਨੂੰ ਅਨੁਭਵ ਕਰਨਾ ਬੜਾ ਕਠਿਨ ਹੈ।
ਅੰਧ-ਵਿਸ਼ਵਾਸ਼ੀ ਤਾਂ ਕਿਸੇ ਭੇਖ ਨੂੰ ਸੰਤ ਆਖੇਗਾ-ਉਥੇ ਕੋਈ ਦੈਵੀ ਗੁਣ ਸੰਤ ਨਹੀਂ ਹੈ । ਭੇਖ ਸੰਤ ਹੈ। ਕਿਸੇ ਨੇ ਘਰ ਬਾਰ ਛੱਡ ਦਿਤਾ ਹੈ ਯਾ ਘਰ ਬਾਰੀ ਬਣਿਆ ਹੀ ਨਹੀਂ, ਆਮ ਮਨੁੱਖ ਉਸ ਨੂੰ ਸੰਤ ਆਖੇਗਾ । ਕੋਈ ਇਕ ਵਕਤ ਪ੍ਰਸ਼ਾਦ ਛਕਦਾ ਹੈ । ਕੋਈ ਲੱਕੜ ਦੀਆਂ ਖੜਾਵਾਂ ਪਹਿਣਦਾ ਹੈ । ਕੋਈ ਮੋਨ ਧਾਰਨ ਕੀਤੀ ਬੈਠਾ ਹੈ। ਇਹ ਸਭ ਕੁਝ ਸੰਤ ਹੋਣ ਦੇ ਲੱਛਣ ਨਹੀਂ ਹਨ।
ਸੰਤ ਦੇ ਲੱਛਣ ਰਹੁ-ਰੀਤੀ ਗੁਰੂ ਅਰਜਨ ਦੇਵ ਜੀ ਨੇ ਇਸ ਤਰ੍ਹਾਂ ਵਰਨਣ ਕੀਤੀ ਹੈ :
ਸਸਤ੍ਰਿ ਤੀਖਣਿ ਕਾਟਿ ਡਾਰਿਓ ਮਨਿ ਨ ਕੀਨੋ ਰੋਸੁ॥
ਕਾਜੁ ਉਆ ਕੋ ਲੇ ਸਵਾਰਿਓ ਤਿਲੁ ਨ ਦੀਨੋ ਦੋਸੁ॥
ਮਨ ਮੇਰੇ ਰਉ ਰਾਮ ਨਿਤ ਨੀਤਿ॥
ਦਇਆਲ ਦੇਵ ਕ੍ਰਿਪਾਲ ਗੋਬਿੰਦ ਸੁਨਿ ਸੰਤਨਾ ਦੀ ਰੀਤਿ॥
ਚਰਣ ਤਲੈ ਉਗਾਹਿ ਬੈਸਿਓ ਸ੍ਰਮੁ ਨ ਰਹਿਓ ਸਰੀਰਿ॥
ਮਹਾ ਸਾਗਰੁ ਨਹ ਵਿਆਪੈ ਖਿਨਹਿ ਉਤਰਿਓ ਤੀਰਿ॥
(ਮਾਰੂ ਮ: ੫, ਪੰਨਾ ੧੦੧੭)
ਤਿੱਖੇ ਜਿਹੇ ਸ਼ਸਤਰ ਨਾਲ ਦਰਖ਼ਤ ਨੂੰ ਕੱਟ ਕੇ ਉਸ ਦੀ ਬੇੜੀ ਬਣਾਈ ਗਈ । ਜਿਸ ਨੇ ਕੱਟਿਆ ਉਸ ਨੂੰ ਪਾਰ ਕਰ ਰਹੀ ਹੈ। ਦਰਖ਼ਤ ਜਦ ਸਹੀ ਸਲਾਮਤ ਖੜਾ ਸੀ, ਛਾਂ ਦੇ ਰਿਹਾ ਸੀ, ਫਲ ਫੁਲ ਦੇ ਰਿਹਾ ਸੀ। ਪਰ ਹੁਣ ਜਦ ਕੱਟਿਆ ਗਿਆ ਤਾਂ ਦਰਿਆ ਤੋਂ ਲੋਕਾਂ ਨੂੰ ਪਾਰ ਕਰ ਰਿਹਾ ਹੈ।
ਸੰਤ ਦੀ ਹੋਂਦ ਜਗਤ ਨੂੰ ਸੁਖ ਸ਼ਾਂਤੀ ਦੇਂਦੀ ਹੈ। ਸੰਤ ਜਗਤ ਤੋਂ ਵਿਦਾ ਹੁੰਦਾ ਹੈ ਤਾਂ ਵੀ ਉਸ ਦੀ ਯਾਦ ਜੀਵਾਂ ਨੂੰ ਪ੍ਰਭੂ-ਮਾਰਗ ਦੀ ਪ੍ਰੇਰਨਾ ਦੇਂਦੀ ਰਹਿੰਦੀ ਹੈ। ਸੰਤ ਉਨ੍ਹਾਂ ਦਾ ਵੀ ਭਲਾ ਮੰਗਦਾ ਹੈ, ਜਿਹੜੇ ਉਸ ਦੇ ਦੋਖੀ ਹੁੰਦੇ ਹਨ। ਸੰਤ ਦਾ ਜਿਗਰਾ ਦਰਖ਼ਤਾਂ ਵਰਗਾ ਹੁੰਦਾ ਹੈ:
ਦਰਵੇਸ਼ਾਂ ਨੂੰ ਲੋੜੀਐ ਰੁਖਾਂ ਦੀ ਜੀਰਾਂਦੁ॥
(ਸਲੋਕ ਫਰੀਦ ਜੀ ਪੰਨਾ ੧੩੮੧)
ਸ਼ੇਖ਼ ਸ਼ਰਫ ਦੇ ਪੁੱਤਰ ਨੇ ਜਦ ਗੁਰੂ ਨਾਨਕ ਦੇਵ ਜੀ ਤੇ ਇਹ ਪ੍ਰਸ਼ਨ ਕੀਤਾ ਸੀ ਕਿ ਫ਼ਕੀਰੀ ਕਿਸ ਨੂੰ ਕਹਿੰਦੇ ਹਨ। 'ਫ਼ਕੀਰੀ ਚੀਸਤ' ਤਾਂ ਸਤਿਗੁਰੂ ਜੀ ਨੇ ਇਹ ਉੱਤਰ ਦਿੱਤਾ ਸੀ:
ਇਬਤਿਦਾਇ ਫ਼ਕੀਰੀ ਫ਼ਨਾਹ।
ਅਸਤ ਇੰਤਿਹਾਇ ਬਕਾਸਤ।
ਕਿਸੇ ਉੱਚੇ ਆਦਰਜ਼ ਲਈ ਆਪਣੇ ਆਪ ਨੂੰ ਕੁਰਬਾਨ ਕਰ ਦੇਣਾ ਤੇ ਹਮੇਸ਼ਾ ਲਈ ਅਮਰ ਤਤ ਵਿਚ ਲੀਨ ਹੋ ਜਾਣਾ ਇਹ ਫ਼ਕੀਰੀ ਹੈ। ਸੰਸਾਰ ਵਿਚ ਥੋੜ੍ਹੀ ਬਹੁਤ ਜੋ ਸ਼ਾਂਤੀ ਤੇ ਅਮਨ ਹੈ, ਉਹ ਇਹੋ ਜਿਹੇ ਸੰਤਾਂ ਕਰਕੇ ਹੈ । ਅਗਰ ਐਸੇ ਸੰਤ ਨ ਹੋਵਨ ਤਾਂ ਜਗਤ ਬੜਾ ਬੇ-ਰੌਣਕ ਹੋ ਜਾਵੇ।
ਗਿਆਨੀ ਸੰਤ ਸਿੰਘ ਮਸਕੀਨ ਜੀ ਦੀ ਕਿਤਾਬ ਤੀਜਾ ਨੇਤਰ ਵਿੱਚੋਂ