ਕਹਾਣੀ: ਸਬਰ ਦੇ ਬੰਨ੍ਹ ਤੇ
ਸੱਚੀ ਘਟਨਾ ਤੇ ਆਧਾਰਿਤ
ਇੱਕ ਪਿੰਡ ਦੋ ਭਰਾ ਨੇ ਕਰਨੈਲ ਸਿੰਘ ਤੇ ਜਰਨੈਲ ਸਿੰਘ (ਨਾਮ ਕਾਲਪਨਿਕ) ਕਰਨੈਲ ਛੋਟਾ ਤੇ ਜਰਨੈਲ ਸਿੰਘ ਵੱਡਾ ਭਰਾ ਹੈ। ਦੋਵੇਂ ਭਰਾ ਇਕੱਠੇ ਰਹਿੰਦੇ ਸੀ ਇੱਕ ਘਰ ਵਿੱਚ ਵਿਆਹ ਤੋਂ ਬਾਅਦ ਵੀ ਕਰਨੈਲ 2001 ਵਿੱਚ ਬਾਹਰ ਚਲਿਆ ਗਿਆ, ਪਿੱਛੇ ਪੂਰੇ ਪਰਿਵਾਰ ਦੀ ਜਿੰਮੇਵਾਰੀ ਜਰਨੈਲ ਕੋਲ ਸੀ ਦੋਹਾਂ ਦੇ ਜਵਾਕ ਸਰਕਾਰੀ ਸਕੂਲਾਂ ਵਿੱਚ ਹੀ ਪੜ੍ਹਦੇ ਸੀ ਇਸ ਲਈ ਘਰਦਾ ਖਰਚਾ ਬਹੁਤ ਘੱਟ ਸੀ।
ਸਮਾਂ ਤੇਜੀ ਨਾਲ ਬੀਤਿਆ, ਕਰਨੈਲ ਨੇ ਵੀ ਬਹੁਤ ਮਿਹਨਤ ਨਾਲ ਪੈਸਾ ਕਮਾਇਆ ਘਰ ਵੀ ਖੁੱਲ੍ਹਾ ਭੇਜਿਆ ਘਰ ਨਾਲ ਲਗਦਾ ਥਾਂ ਲੈ ਲਿਆ, ਵੱਡੀ ਕੋਠੀ ਪੈ ਗਈ ਦੋ ਕਿੱਲ੍ਹੇ ਜਮੀਨ ਹੋਰ ਲੈ ਲਈ ਪਹਿਲਾਂ ਚਾਰ ਕਿੱਲ੍ਹੇ ਜਮੀਨ ਸੀ ਹੁਣ ਛੇ ਹੋ ਗਈ। ਪਿੰਡ ਜੋ ਕੁਝ ਖਰੀਦਿਆ ਜਰਨੈਲ ਸਿਆਂ ਆਪਣੇ ਨਾਮ ਲਵਾਈ ਗਿਆ ਕਰਨੈਲ ਨੂੰ ਆਪਣੇ ਵੱਡੇ ਭਾਈ ਤੇ ਮਾਣ ਬੜ੍ਹਾ ਸੀ ਉਹਨੇ ਕਦੇ ਇਸ ਤਰ੍ਹਾਂ ਸੋਚਿਆ ਹੀ ਨਾ। ਰੱਬ ਦੀ ਕਰਨੀ ਪੱਕੇ ਹੋਣ ਵਾਲਾ ਕੇਸ ਕਰਨੈਲ ਦਾ ਅਦਾਲਤ ਨੇ ਨਾਮਨਜੂਰ ਕਰਤਾ ਤੇ 2014 ਵਿੱਚ ਉਸਨੂੰ ਪਿੰਡ ਆਉਣਾ ਪੈ ਗਿਆ ਪੱਕੇ ਤੌਰ ਤੇ।
13 ਸਾਲਾਂ ਬਾਅਦ ਪਿੰਡ ਆਉਣਾ ਸੀ ਪਰਿਵਾਰ ਬੜ੍ਹਾ ਖੁਸ਼ ਕਰਨੈਲ ਸਿੰਘ ਹੋਣੀ ਪਹੁੰਚ ਗਏ ਜੀ ਪਿੰਡ ਪਰ ਹਜੇ ਕਿਸੇ ਨੂੰ ਇਹ ਨਹੀਂ ਸੀ ਪਤਾ ਕਿ ਉਹ ਪੱਕਾ ਮੁੜ ਆਇਆ। ਕੁਝ ਕੁ ਮਹੀਨੇ ਲੰਘੇ ਪਹਿਲਾਂ ਵਾਲੀ ਗੱਲ ਨਾ ਰਹੀ ਦੋਹਾਂ ਭਰਾਵਾਂ ਵਿੱਚ ਤਕਰਾਰ ਪੈਦਾ ਹੋਣ ਲੱਗ ਗਿਆ, ਕਰਨੈਲ ਬੇਸ਼ੱਕ ਪੜ੍ਹਿਆ ਤਾਂ ਘੱਟ ਸੀ ਪਰ 13 ਸਾਲ ਬਾਹਰ ਲਾ ਕੇ ਦੁਨੀਆਦਾਰੀ ਦਾ ਭੇਤ ਪਾ ਗਿਆ ਸੀ ਹਰ ਕੰਮ ਨਫਾ ਨੁਕਸਾਨ ਵੇਖ ਕੇ ਕਰਦਾ ਸੀ ਬੇਸ਼ੱਕ ਕੰਜੂਸ ਨਹੀਂ ਸੀ, ਨਾਲੇ ਪਿੰਡੋਂ ਬਾਹਰ ਰਹਿਕੇ ਪਿੰਡ ਤੇ ਲੋਕਾਂ ਦਾ ਮੋਹ ਜਿਹਾ ਬੜ੍ਹਾ ਕਰਨ ਲੱਗ ਗਿਆ ਸੀ, ਪਰ ਏਧਰ ਜਰਨੈਲ ਸਿਆਂ ਹੋਣੀ ਫੱਕੀਆਂ ਉਡਾਉਣ ਵਾਲੇ ਹੋ ਗਏ ਸੀ ਸੀਰੀ ਰੱਖ ਕੇ ਆਪ ਚਿੱਟੇ ਪਾ ਕੇ ਘੁੰਮਦੇ ਸੀ ਨਾਲ ਲੱਗਦੀ ਜਮੀਨ ਠੇਕੇ ਤੇ ਰੱਖੀ ਸੀ ਹੁਣ ਜਦੋਂ ਹਿਸਾਬ ਕਿਤਾਬ ਹੋਇਆ ਤਾਂ ਕਰਨੈਲ ਨੇ ਸੋਚਿਆ ਵੀ ਇਹ ਤਾਂ ਘਾਟੇ ਦਾ ਸੌਦਾ ਹੋ ਰਿਹਾ, ਉਸਨੇ ਜਰਨੈਲ ਨੂੰ ਬਿਠਾਇਆ ਖਰਚੇ ਘੱਟ ਕਰਨ ਲਈ ਕਿਹਾ ਤੇ ਇਸ ਗੱਲ ਤੇ ਜਰਨੈਲ ਸਿਆ ਤੂੰ ਤੜਾਕ ਹੋ ਗਿਆ ਰੌਲਾ ਵਧਿਆ, ਘਰੇ ਕੋਈ ਗੱਲ ਨਾ ਨਿੱਬੜੀ ਤੇ ਕੰਮ ਪੰਚਾਇਤ ਤੇ ਪਹੁੰਚ ਗਿਆ ਕਰਨੈਲ ਰਿਹਾ ਸੀ ਬਾਹਰ ਪਿੰਡ ਵਾਲੇ ਗੱਲ ਕਰਨ ਜਰਨੈਲ ਵੱਲ ਦੀ ਕਰ ਕਰਾ ਕੇ ਗੱਲ ਇੱਥੇ ਮੁੱਕੀ ਕਿ ਖਰੀਦੀ ਜਮੀਨ ਵੀ ਜਰਨੈਲ ਸਿੰਘ ਹੋਣੀ ਹੜੱਪ ਗਏ ਤੇ ਕੋਠੀ ਵੀ ਕਿਉਂਕਿ ਨਾਮ ਹੀ ਉਸਦੇ ਸੀ। ਰਿਸ਼ਤੇਦਾਰ ਵੀ ਜਰਨੈਲ ਵੱਲ ਭੁਗਤ ਗਏ ਕਰਨੈਲ ਨੂੰ ਕੈਨੇਡਾ ਆਲੇ 13 ਸਾਲ ਭੰਗ ਦੇ ਭਾਣੇ ਜਾਂਦੇ ਜਾਪੇ ਪਰ ਉਸਨੇ ਸਬਰ ਦਾ ਘੁੱਟ ਭਰ ਲਿਆ ਤੇ ਕੋਠੀ ਵਿਚੋਂ ਸਮਾਨ ਚੁੱਕ ਬਾਪੂ ਵਾਲੇ ਪੁਰਾਣੇ ਘਰ ਆ ਗਿਆ।
ਜਰਨੈਲ ਦਾ ਮੁੰਡਾ ਪੜ੍ਹਦਾ ਸੀ ਕਾਲਜ ਵਿੱਚ ਘਰੋਂ ਖੁੱਲ੍ਹਾ ਖਰਚ ਮਿਲਣ ਕਰਕੇ ਗਲਤ ਸੰਗਤ ਵਿੱਚ ਪੈ ਗਿਆ, ਕਰਨੈਲ ਦਾ ਮੁੰਡਾ ਛੋਟਾ ਸੀ ਹਜੇ 10ਵੀਂ ਵਿੱਚ ਹੀ ਸੀ ਪਰ ਸੀ ਹੁਸ਼ਿਆਰ ਪੜ੍ਹਨ ਨੂੰ।
ਹੁਣ ਕਰਨੈਲ ਦੇ ਖੇਤ ਬੈਠੇ ਦੇ ਮਨ ਤੇ ਇੱਕ ਚੜ੍ਹਦੀ ਇੱਕ ਉੱਤਰਦੀ ਕਦੇ ਉਹ ਸੋਚਦਾ ਵੀ ਜਮੀਨ ਉਹਦੇ ਨਾਮ ਕਾਹਨੂੰ ਕਰਵਾਉਣੀ ਸੀ, ਕਦੇ ਸੋਚਦਾ ਵੀ ਸਾਰਾ ਪੈਸਾ ਪਿੰਡ ਹੀ ਕਿਉਂ ਭੇਜਣਾ ਸੀ ਆਪਣੇ ਹੱਥ ਕੁਝ ਕਿਉਂ ਨਾ ਰੱਖਿਆ, ਕਦੇ ਸੋਚਦਾ ਕਮਾਈ ਵੀ ਹੱਕ ਦੀ ਹੀ ਸੀ ਪਰ ਹੁਣ ਤਾਂ ਲੰਘਿਆ ਵੇਲਾ ਆ.... ਹੁਣ ਕੀ ਹੋ ਸਕਦਾ। ਕਰਨੈਲ ਨੇ ਜਮੀਨ ਠੇਕੇ ਤੇ ਰੱਖਣੀ ਸ਼ੁਰੂ ਕੀਤੀ ਇੱਕ ਸਾਲ ਘਾਟਾ ਪੈ ਗਿਆ ਸਮਾਂ ਬਦ ਤੋਂ ਬਦਤਰ ਹੋ ਗਿਆ ਜਾਪਦਾ। ਦੂਜੇ ਪਾਸੇ ਜਰਨੈਲ ਲੋਕਾਂ ਕੋਲ ਆਖਦਾ, "ਕਿਉਂ ਹੁਣ ਪਤਾ ਲਗਦਾ ਨਾ ਕਮਾਈ ਕਿਵੇਂ ਹੁੰਦੀ ਏ, ਮੇਰੇ ਨਾਲ ਲਾ ਕੇ ਖਾਂਦਾ ਤਾਂ ਚੰਗਾ ਨਾ ਰਹਿੰਦਾ।"
ਓਧਰ ਕਰਨੈਲ ਦੁ ਕੁੜੀ ਵਿਆਉਣ ਵਾਲੀ ਹੋ ਗਈ ਚਿੰਤਾ ਦੇ ਸਾਗਰ ਗਹਿਰੇ ਹੋਣ ਲੱਗ ਪਏ। ਕੁੜੀ ਨੇ ਆਇਲੈਟਸ ਵਿਚੋਂ 6.5 ਨੰਬਰ ਲੈ ਲਏ। ਕਰਨੈਲ ਦੇ ਇੱਕ ਬਾਹਰਲੇ ਮਿੱਤਰ ਨੇ ਰਿਸ਼ਤਾ ਆਪਣੇ ਭਾਣਜੇ ਨੂੰ ਕਰਵਾ ਦਿੱਤਾ ਕੁੜੀ ਬਾਹਰ ਚਲੀ ਗਈ। ਆਉਂਦੇ ਸਾਲ ਨੂੰ ਮੁੰਡਾ ਵੀ ਜਹਾਜ਼ ਦੀ ਬਾਰੀ ਨੂੰ ਹੱਥ ਪਾ ਗਿਆ। 2022 ਆਉਂਦੇ-ਆਉਂਦੇ ਕਰਨੈਲ ਸਿੰਘ ਦੀ ਵੀ ਕੋਠੀ ਪੈਣ ਲੱਗ ਗਈ। ਓਧਰ ਜਰਨੈਲ ਹੁਰਾਂ ਦਾ ਹੋਣਹਾਰ ਕਾਕਾ ਚਿੱਟੇ ਦੇ ਨਸ਼ੇ ਵਿੱਚ ਐਕਸੀਡੈਂਟ ਕਰਾ ਕੇ ਬੈੱਡ ਤੇ ਪੈ ਗਿਆ। ਕਰਨੈਲ ਤਾਂ ਹੁਣ ਵੀ ਸੋਚਦਾ ਭਰਾ ਦੇ ਪਰਿਵਾਰ ਬਾਰੇ ਪਰ ਜਰਨੈਲ ਹੋਣਾ ਵਿੱਚੋਂ ਹੁਣ ਸਾੜਾ ਜਿਹਾ ਹੀ ਨਹੀਂ ਜਾਂਦਾ ਸਾਰਾ ਟੱਬਰ ਅੰਦਰੋਂ ਅੰਦਰੀ ਔਖੇ ਜਿਹੇ ਹੀ ਰਹਿੰਦੇ ਨੇ। ਇੱਕ ਦੋਸਤ ਨੇ ਪੁੱਛਿਆ ਕਿ ਕਦੇ ਗੁੱਸਾ ਨਹੀਂ ਆਇਆ ਤਾਂ ਕਰਨੈਲ ਸਿੰਘ ਗੱਲਾਂ ਕਰਦੇ ਕਹਿੰਦਾ ਹੈ ਕਿ ਨਹੀਂ ਗੁੱਸਾ ਤਾਂ ਨਹੀਂ ਆਉਂਦਾ ਸੋਚਾਂ ਤਾਂ ਬਹੁਤ ਆਉਂਦੀਆਂ ਸੀ ਤੇ ਜੋ ਕੁਝ ਗਵਾਇਆ ਉਹਦਾ ਕੋਈ ਅਫਸੋਸ ਨਹੀਂ ਪਰ ਜਿੱਥੇ ਉਹ ਆਪਣੇ ਪਰਿਵਾਰ ਨਾਲ ਖੜ੍ਹ ਸਕਦਾ ਸੀ ਉੱਥੇ ਖੜ੍ਹ ਨਹੀਂ ਸਕਿਆ ਪੈਸਾ ਕਮਾਉਂਦੇ ਹੋਏ ਤੇ ਪੈਸੇ ਨੇ ਸਾਥ ਵੀ ਨਹੀਂ ਦਿੱਤਾ। ਪਿੰਡ ਵਾਲੇ ਕਰਨੈਲ ਸਿੰਘ ਨੂੰ ਹੁਣ ਬਾਈ ਜੀ-ਬਾਈ ਜੀ ਤਾਂ ਕਰਦੇ ਨੇ ਜਦੋਂ ਲੋੜ੍ਹ ਸੀ ਉਹਦੇ ਨਾਲ ਕੋਈ ਨਹੀਂ ਖੜ੍ਹਿਆ ਪਰ ਹੁਣ ਰੱਬ ਆਪ ਆ ਖੜ੍ਹਿਆ ਸੀ ਸਬਰ ਦੇ ਬੰਨ੍ਹ ਤੇ।
ਧੰਨਵਾਦ ਸਹਿਤ
ਰਾਜਪਾਲ ਸਿੰਘ ਘੱਲ ਕਲਾਂ
Rajpal Singh Ghal Kalan
01/05/2024