#ਕਹਾਣੀ : ਪਰਾਇਆ ਕਰਜ
Paraya Karaj
ਸੱਚੀ ਘਟਨਾ ਤੇ ਆਧਾਰਿਤ
ਮੈਂ ਜਦੋਂ ਨਵਾਂ ਨਵਾਂ ਦੁਬਈ ਆਇਆ ਤਾਂ ਪਹਿਲਾਂ ਜਿਹੜੀ ਰਿਹਾਇਸ਼ ਸੀ ਉੱਥੇ ਬੜ੍ਹਾ ਰਾਮ-ਘਚੋਲਾ ਸੀ ਮੈਨੂੰ ਤਾਂ ਕਈ ਦਿਨ ਇਹ ਨਹੀਂ ਪਤਾ ਲੱਗਾ ਵੀ ਇੱਥੇ ਰਹਿੰਦੇ ਕਿੰਨੇ ਜਾਣੇ ਆ। ਇਸ ਕਰਕੇ ਮੈਂ ਰਿਹਾਇਸ਼ ਬਦਲੀ ਕਰ ਲਈ ਤੇ ਮੈਂ ਹੋਰ-ਅਲ-ਅੰਜ਼, ਦੇਰਾ ਆ ਗਿਆ। ਇੱਥੇ ਇੱਕ ਮੋਦੀ ਨਾਮ ਦਾ ਬੰਦਾ ਰਹਿੰਦਾ ਸੀ ਬਿਹਾਰ ਦਾ ਸੀ ਪੂਰਾ ਨਾਮ ਸ਼ਾਇਦ ਪ੍ਰਮੋਦ ਸੀ। ਇੱਥੇ ਅੰਮ੍ਰਿਤ, ਜੱਸੀ, ਬਰਜਿੰਦਰ ਤੇ ਇੱਕ ਜਾਕਿਰ ਅਲੀ ਰਹਿੰਦੇ ਸੀ ਇਹ ਸਾਰੇ ਏਤੀਸਲਾਤ ਟੈਲੀਕਾਮ ਕੰਪਨੀ ਵਿੱਚ ਕੰਮ ਕਰਦੇ ਸੀ।
800 ਦੀਰਾਮ ਤਨਖਾਹ ਤੇ ਲੇਬਰ ਵਿੱਚ 2015 ਵਿੱਚ ਮੋਦੀ ਦੁਬਈ ਆਇਆ ਸੀ ਕੰਮ ਧੰਦੇ ਨੂੰ ਚੰਗਾ ਸੀ ਛੇਤੀ ਹੀ ਟੈਕਨੀਸ਼ੀਅਨ ਬਣ ਗਿਆ ਤੇ ਤਨਖਾਹ 800 (ਬੇਸਿਕ) ਦੀਰਾਮ ਤੋਂ 3300 ਹੋ ਗਈ, ਮੋਦੀ ਨੂੰ ਏਦਾਂ ਲੱਗਾ ਕਿਸਮਤ ਜਾਗ ਗਈ ਕਿ ਹੁਣ ਤਾਂ ਸਾਲਾਂ-ਮਹੀਨਿਆਂ ਵਿੱਚ ਗੱਲ ਕਿੱਥੋਂ-ਕਿੱਥੇ ਪਹੁੰਚ ਜਾਊ। ਏਤੀਸਲਾਤ ਕੰਪਨੀ ਵਿੱਚ ਕੰਮ ਕਰਦੇ ਬੰਦਿਆਂ ਦਾ 3 ਸਾਲ ਦਾ ਵੀਜ਼ਾ ਹੁੰਦਾ ਸੀ, ਸਰਕਾਰੀ ਟੈਲੀਕੌਮ ਕੰਪਨੀ ਬੀਐਸਐਨਐਲ ਵਰਗੀ ਸੀ ਕੰਮ ਕਰਦੇ ਬੰਦਿਆਂ ਨੂੰ ਲੋਨ ਵੀ ਲੱਖ-ਲੱਖ ਦੋ-ਦੋ ਲੱਖ ਓਦਾਂ ਈ ਦੇ ਦਿੰਦੇ ਸੀ ਉਦੋਂ। ਵਿਚਾਰੇ ਮੋਦੀ ਨੇ ਵੀ ਲੈ ਲਿਆ ਲੋਨ 48000 ਦੀਰਾਮ ਦਾ ਭੇਜਤੇ ਪੈਸੇ ਪਿੰਡ ਵੀ ਘਰ ਬਾਰ ਬਣਾ ਲੈਣਗੇ ਕੁਝ ਹੋਜੂ ਇਕੱਠੇ ਪੈਸਿਆਂ ਨਾਲ। ਸਾਲ ਕੁ ਲੰਘਿਆ ਸਮੀਕਰਣ ਬਦਲੇ ਕੰਪਨੀ ਨੇ ਟੈਕਨੀਸ਼ੀਅਨਾਂ ਦੀ ਤਨਖਾਹ ਵਿੱਚ ਕਟੌਤੀ ਕਰਤੀ ਤਨਖਾਹ 3300 ਤੋਂ 1900 ਰਹਿ ਗਈ ਜਿਸ ਵਿਚੋਂ 1350 ਦੇ ਕਰੀਬ ਓਹਦੇ ਲੋਨ ਦੀ ਕਿਸ਼ਤ ਜਾਂਦੀ ਸੀ। ਓਧਰ ਭਰਾ ਜੀ ਹੋਣਾ ਨੇ ਵੀ ਮੋਦੀ ਸਾਹਬ ਦੇ ਪੱਲੇ ਕੱਖ ਨਹੀਂ ਪਾਇਆ ਕਹਿੰਦੇ ਦੁਬਈ ਹੀ ਰਹੋ। ਮੋਦੀ ਸਾਡੇ ਬਾਹਰ ਬੇਰੀ ਹੇਠ ਕੁਰਸੀਆਂ ਲੱਗੀਆਂ ਸੀ ਉੱਥੇ ਬੈਠਾ ਇੱਕ ਦਿਨ ਗਾਣਾ ਸੁਣੀ ਜਾਵੇ, "ਵੇ ਤੂੰ ਲੌਂਗ ਵੇ ਤੇ ਮੈਂ ਲਾਚੀ", ਮੈਂ ਮੋਦੀ ਨੂੰ ਪੁੱਛਿਆ ਵੀ ਪੱਕਾ ਫੈਸਲਾ ਕਰ ਲਿਆ ਜਾਣ ਦਾ ਕਹਿੰਦਾ, "ਭਾਜੀ ਅਬ ਕੁਛ ਬਚੇਗਾ ਤੋਹ ਹੈ ਨਹੀ ਤਨਖਵਾਹ ਮੇਂ ਸੇ ਖਰਚ ਪਾਨੀ ਬੀ ਕਰਨਾ ਹੈ ਬਾਈ ਪੂਰਾ ਪੈਸਾ ਉਡਾ ਦੀਆ ਹੈ ਕਿ ਦੁਬਈ ਸੇ ਕਮਾਈ ਆ ਰਹਾ ਹੈ"। ਮੋਦੀ ਕੋਲ ਸੱਚਮੁੱਚ ਕੋਈ ਰਾਹ ਨਹੀਂ ਸੀ ਬਚਿਆ ਮੈਂ ਵੀ ਨਵਾਂ ਹੀ ਦੁਬਈ ਗਿਆ ਸੀ ਹਜੇ ਤਾਂ ਵਿਹਲਾ ਹੀ ਬੈਠਾ ਕੰਮ ਕਾਰ ਤਾਂ ਹਜੇ ਦੂਰ ਦੀ ਕਹਾਣੀ ਸੀ ਸੋਚਾਂ ਵਿੱਚ ਗੱਲ ਤਾਂ ਆਉਂਦੀ ਮਨ ਤੇ ਵੀ ਸਾਲਾ ਪਤਾ ਨਹੀਂ ਕਦੋਂ ਕੀ ਬਣਜੇ ਜ਼ਿੰਦਗੀ ਵਿੱਚ ਇੱਕ ਦਿਨ ਉਹ ਸੀ ਉਹਦੇ ਭਾਗ ਜਾਗ ਗਏ ਸੀ ਅੱਜ ਬਾਟਾ ਮੂਧਾ ਹੀ ਵੱਜ ਗਿਆ ਸਾਰੇ ਕਾਸੇ ਤੇ। ਮੈਂ ਤੇ ਬਾਈ ਬਰਜਿੰਦਰ ਮੋਦੀ ਨੂੰ ਕੱਪੜੇ ਦਿਵਾਉਣ ਗਏ ਇੱਕ ਦਿਨ ਅਸੀਂ ਮੋਦੀ ਨੂੰ ਫੇਰ ਕਿਹਾ ਕਿ ਦੇਖ ਲਾ ਹਜੇ ਵੀ ਕੋਈ ਕੰਮ ਧੰਦਾ ਲੱਭ ਲੈ ਅੱਗੋ ਕਹਿੰਦਾ, "ਭਾਜੀ ਕਬ ਤੱਕ ਪਰਾਇਆ ਕਰਜ ਚੁਕਾਏਂਗੇ ਪੈਸਾ ਬੀ ਬਹੂਤ ਹੈ"।
ਫੇਰ 2019 ਵਿੱਚ ਉਹ ਦੁਬਈ ਛੱਡ ਸਦਾ ਲਈ ਚਲਾ ਗਿਆ ਕਹਿੰਦਾ ਸੀ ਦਿੱਲੀ ਜਾਕੇ ਕੋਈ ਕੰਮ ਧੰਦਾ ਕਰ ਲਵੇਗਾ। ਸਮਝਣ ਵਾਲੀ ਗੱਲ ਵਿੱਚ ਇਹ ਹੈ ਕਿ ਜੇ ਕੋਈ ਭੈਣ-ਭਰਾ ਜਾਂ ਪਰਿਵਾਰਕ ਮੈਂਬਰ ਪਰਿਵਾਰ ਲਈ ਕਮਾ ਰਿਹਾ ਉਸਦੀ ਮਿਹਨਤ ਅਤੇ ਉਸਦੇ ਪੈਸੇ ਦੀ ਕਦਰ ਕਰੋ ਪਰਿਵਾਰ ਦੇ ਸਿਰਤੇ ਹੀ ਸਰਦਾਰੀ ਹੁੰਦੀ ਐ, ਜਦੋਂ ਘੜ੍ਹਾ ਭੱਜ ਗਿਆ ਫੇਰ ਪਾਣੀ ਠੀਕਰਾਂ ਵਿੱਚ ਨਹੀਂ ਰੁਕਦੇ ਹੁੰਦੇ। ਇਹ ਕਹਾਣੀ ਘੱਟ ਹੈ ਸਿੱਖਿਆ ਵੱਧ ਹੈ ਕਿਉਕਿ ਹੱਢਬੀਤੀ ਏ।
ਧੰਨਵਾਦ ਸਹਿਤ
ਰਾਜਪਾਲ ਸਿੰਘ ਘੱਲ ਕਲਾਂ
02/05/2024