ਮਾਤਾ ਦਮੋਦਰੀ ਜੀ
Mata Damodari Ji
ਮਾਤਾ ਦਮੋਦਰੀ ਜੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮਹਿਲ (ਪਤਨੀ) ਸਨ। ਇਨ੍ਹਾਂ ਦਾ ਜਨਮ ਭਾਈ ਨਰਾਇਣ ਦਾਸ ਜੁਲਕੇ (ਸੁਹੜੀ) ਦੇ ਘਰ ਮਾਤਾ ਭਾਗਭਰੀ ਦੀ ਕੁਖੋਂ ਪਿੰਡ ਡੱਲਾ (ਜ਼ਿਲ੍ਹਾ ਕਪੂਰਥਲਾ) ਵਿਖੇ ਹੋਇਆ ਸੀ ਮਾਤਾ ਦਮੋਦਰੀ ਜੀ ਦੀ ਜਨਮ ਤਾਰੀਖ ਕਿਸੇ ਵੀ ਸਰੋਤ ਵਿੱਚੋਂ ਸਪੱਸ਼ਟ ਨਹੀ ਮਿਲਦੀ। ਮਾਤਾ ਦਮੋਦਰੀ ਜੀ ਦਾ ਪਰਿਵਾਰ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਹੀ ਗੁਰੂ ਘਰ ਨਾਲ ਜੁੜਿਆ ਹੋਇਆ ਪਰਿਵਾਰ ਸੀ। ਬੀਬੀ ਦਮੋਦਰੀ ਦਾ ਵਿਆਹ ਗੁਰੂ ਹਰਿਗੋਬਿੰਦ ਸਾਹਿਬ ਜੀ ਨਾਲ 23 ਅਗਸਤ 1603 (23 ਭਾਦਰੋਂ 1661 ਬਿਕਰਮੀ) ਦੇ ਦਿਨ ਹੋਇਆ ਸੀ। ਮਾਤਾ ਦਮੋਦਰੀ ਜੀ ਦੀ ਕੁਖੋਂ ਬਾਬਾ ਗੁਰਦਿੱਤਾ ਜੀ (8 ਕਤਕ 1665 ਬਿਕਰਮੀ, ਅਗਸਤ 1608) ਤੇ ਬੀਬੀ ਅਣੀ ਰਾਇ (23 ਕਤਕ 1680 ਬਿਕਰਮੀ, 24 ਅਕਤੂਬਰ 1626) ਪੈਦਾ ਹੋਏ। ਗੁਰੂ ਹਰਿਗੋਬਿੰਦ ਸਾਹਿਬ ਜੀ ਕਾਫੀ ਸਮਾਂ ਡਰੋਲੀ ਭਾਈ ਵਿਖੇ ਰਹੇ ਸਨ ਬਾਬਾ ਗੁਰਦਿੱਤਾ ਜੀ ਦਾ ਜਨਮ ਵੀ ਇੱਥੇ ਹੀ ਹੋਇਆ ਸੀ।
ਮਾਤਾ ਦਮੋਦਰੀ ਜੀ ਵਧੇਰੇ ਸਮਾਂ ਅੰਮ੍ਰਿਤਸਰ ਤੇ ਕਰਤਾਰਪੁਰ ਰਹੇ। ਮਾਤਾ ਦਮੋਦਰੀ ਜੀ ਦਾ ਆਪਣੀ ਵੱਡੀ ਭੈਣ ਬੀਬੀ ਰਾਮੋ (ਪਤਨੀ ਭਾਈ ਸਾਂਈ ਦਾਸ) ਨਾਲ ਬਹੁਤ ਪਿਆਰ ਸੀ ਤੇ ਉਹ ਅਕਸਰ ਡਰੌਲੀ ਆ ਕੇ ਰਹਿੰਦੇ ਹੁੰਦੇ ਸਨ। 1631 ਵਿਚ ਜਦੋਂ ਗੁਰੂ ਹਰਿਗੋਬਿੰਦ ਸਾਹਿਬ ਜੀ ਡਰੌਲੀ ਭਾਈ ਵਿਖੇ ਆਪਣੀ ਸਾਲੀ ਤੇ ਸਾਂਢੂ ਪਾਸ ਆ ਕੇ ਰਹੇ। ਇਥੇ ਹੀ ਮਾਤਾ ਦਮੋਦਰੀ ਜੀ ਬਿਮਾਰ ਹੋ ਗਏ ਤੇ 13 ਜੁਲਾਈ 1631 ਵਿਚ ਚੜ੍ਹਾਈ ਕਰ ਗਏ। ਕੁਝ ਇਤਿਹਾਸਕ ਸ੍ਰੋਤਾਂ ਮੁਤਾਬਿਕ ਗੁਰੂ ਹਰਿਗੋਬਿੰਦ ਸਾਹਿਬ ਜੀ ਮਾਤਾ ਦਮੋਦਰੀ ਜੀ, ਭੈਣ ਰਾਮੋ ਅਤੇ ਭਾਈ ਸਾਈਂ ਦਾਸ ਜੀ ਦੇ ਅਕਾਲ ਚਲਾਣੇ ਦੀ ਖਬਰ ਲੱਗਣ ਤੋਂ ਬਾਅਦ ਇੱਥੇ ਆਏ। ਗੁਰੂ ਜੀ ਨੇ ਸਭ ਦਾ ਸੰਸਕਾਰ ਕੀਤਾ। ਜਿਥੇ ਮਾਤਾ ਦਮੋਦਰੀ ਜੀ, ਉਨ੍ਹਾਂ ਦੀ ਵੱਡੀ ਭੈਣ ਰਾਮੋ ਅਤੇ ਭਾਈ ਸਾਈਂ ਦਾਸ ਤੋਂ ਇਲਾਵਾ ਮਾਤਾ ਦਮੋਦਰੀ ਜੀ ਦੇ ਮਾਤਾ-ਪਿਤਾ ਦਾ ਵੀ ਸੰਸਕਾਰ ਕੀਤਾ ਗਿਆ ਸੀ, ਉਸ ਥਾਂ ਤੇ ਅੱਜ ਗੁਰਦੁਵਾਰਾ ਸ਼੍ਰੀ ਅੰਗੀਠਾ ਸਾਹਿਬ ਮਾਤਾ ਦਮੋਦਰੀ ਜੀ ਦੇ ਨਾਮ ਤੇ ਡਰੋਲੀ ਭਾਈ ਕੀ, ਜ਼ਿਲ੍ਹਾ ਮੋਗਾ ਵਿਖੇ ਸ਼ਸ਼ੋਭਿਤ ਹੈ।
ਰਾਜਪਾਲ ਸਿੰਘ ਘੱਲ ਕਲਾਂ
Rajpal Singh Ghal Kalan