ਗਿਆਨੀ ਦਿੱਤ ਸਿੰਘ ਜੀ
Giani Ditt Singh Ji
(21 ਅਪ੍ਰੈਲ 1853- 6 ਸਤੰਬਰ 1901 ਈ.):
ਜਰੂਰ ਪੜ੍ਹੋ
ਪੰਜਾਬੀ ਦੇ ਪਹਿਲੇ ਪ੍ਰੋਫੈਸਰ, ਸਿੱਖ ਧਰਮ/ਇਤਿਹਾਸ ਦੇ ਮਹਾਨ ਵਿਦਵਾਨ, ਉੱਚ-ਕੋਟੀ ਦੇ ਕਵੀ, ਪ੍ਰਸਿੱਧ ਲੇਖਕ, ਉੱਤਮ ਵਿਆਖਿਆਕਾਰ, ਸ੍ਰੇਸ਼ਟ ਟੀਕਾਕਾਰ, ਸਮਾਜ ਸੁਧਾਰਕ ਅਤੇ ਸਰਬੋਤਮ ਉਪਦੇਸ਼ਕ, ਪੰਜਾਬੀ ਪੱਤਰਕਾਰੀ ਦੇ ਪਿਤਾਮਾ, ਖਾਲਸਾ ਅਖ਼ਬਾਰ ਦੇ ਬਾਨੀ ਸੰਪਾਦਕ 1886 ਤੋਂ, ਸ੍ਰੀ ਗੁਰੂ ਸਿੰਘ ਸਭਾ, ਅੰਮ੍ਰਿਤਸਰ ਅਤੇ ਲਾਹੌਰ ਦੇ ਬਾਨੀ, ਖਾਲਸਾ ਦੀਵਾਨ ਲਾਹੌਰ ਅਤੇ ਖਾਲਸਾ ਕਾਲਜ, ਅੰਮ੍ਰਿਤਸਰ ਦੇ ਮੋਢੀ ਸਨ ਗਿਆਨੀ ਦਿੱਤ ਸਿੰਘ ਜੀ ਦਾ ਜਨਮ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਨੰਦਪੁਰ ਕਲੌੜ ਦੇ ਸ. ਦੀਵਾਨ ਸਿੰਘ (ਬਾਬਾ ਦੀਵਾਨਾ) ਦੇ ਘਰ ਮਾਈ ਰਾਮ ਕੌਰ ਦੀ ਕੁੱਖੋਂ 21 ਅਪ੍ਰੈਲ 1853 ਈ. (ਦੂਜਾ ਸਰੋਤ 1850 ਈ.) ਵਿਚ ਹੋਇਆ। ਉਹਨਾਂ ਦੇ ਬਚਪਨ ਦਾ ਨਾਂ ਦਿੱਤਾ ਰਾਮ ਸੀ ਅਤੇ ਉਹਨਾਂ ਦੇ ਪਿਤਾ ਗੁਲਾਬਦਾਸੀਏ ਮਤ ਪ੍ਰਤਿ ਵਿਸ਼ੇਸ਼ ਝੁਕਾਓ ਰਖਦੇ ਸਨ ਫਲਸਰੂਪ ਉਹਨਾਂ ਨੇ ਦਿੱਤਾ ਰਾਮ ਜਾਨਿ ਕਿ ਗਿਆਨੀ ਦਿੱਤ ਸਿੰਘ ਜੀ ਨੂੰ ਪਹਿਲਾਂ ਅੰਬਾਲਾ ਜ਼ਿਲ੍ਹਾ ਦੇ ਪਿੰਡੇ ਤਿਉੜ ਵਿਚ ਸੰਤ ਗੁਰਬਖ਼ਸ਼ ਸਿੰਘ ਗੁਲਾਬਦਾਸੀਏ ਪਾਸ ਭੇਜਿਆ ਗਿਆ। ਕੁਝ ਜਗ੍ਹਾ ਇਹ ਵੀ ਜਿਕਰ ਮਿਲਦਾ ਹੈ ਕਿ ਉਹਨਾਂ ਦੇ ਪਿਤਾ ਨੇ 9 ਸਾਲ ਦੀ ਉਮਰ ਵਿੱਚ ਉਹਨਾਂ ਨੂੰ ਘਰੋਂ ਕੱਢ ਦਿੱਤਾ ਉਸ ਵੇਲੇ ਉਹਨਾਂ ਦੀ ਉਮਰ ਨੌ ਸਾਲ ਦੀ ਸੀ ਜਾਕੇ ਬ੍ਰਹਮ ਦੀ ਖੋਜ ਕਰ। ਸੰਤ ਗੁਲਾਬਦਾਸੀਏ ਕੋਲ ਉਹਨਾ ਨੇ ਪੰਜ ਗ੍ਰੰਥੀ, ਦਸ ਗ੍ਰੰਥੀ, ਬਾਈ ਵਾਰਾਂ, ਭਗਤ ਬਾਈ, ਭਾਈ ਗੁਰਦਾਸ ਦੀ ਬਾਣੀ ਆਦਿ ਦਾ ਉਚਾਰਣ ਅਤੇ ਅਰਥ ਬੋਧ ਨੂੰ ਡੂੰਗੇ ਅਰਥਾਂ ਵਿੱਚ ਸਮਝਿਆ, ਇਸਦੇ ਨਾਲ ਪੰਜਾਬੀ ਅਤੇ ਉਰਦੂ ਭਾਸ਼ਾਵਾਂ ਸਿੱਖੀਆਂ ਨਾਲ ਪਿੰਗਲ, ਵਿਆਕਰਣ ਤੇ ਵਿਦਾਂਤ ਬਾਰੇ ਡੂੰਘਾ ਅਧਿਐਨ ਵੀ ਕਰ ਲਿਆ। ਆਪ ਕਰੀਬ ਛੇ ਸਾਲ ਉੱਥੇ ਰਹੇ। ਇਸ ਸਮੇਂ ਦੌਰਾਨ ਸਿੱਖਾਂ ਵਿੱਚ ਇਸਾਈਅਤ ਦਾ ਪ੍ਰਚਾਰ ਜੋਰਾ ਤੇ ਸੀ ਅਤੇ ਆਰੀਆ ਸਮਾਜੀਆਂ ਨੇ ਆਪਣਾ ਪ੍ਰਚਾਰ ਕਰਕੇ ਸਿੱਖੀ ਨੂੰ ਢਾਹ ਲਾਉਣ ਦੀ ਹਰ ਕੋਸ਼ਿਸ਼ ਆਰੰਭੀ ਹੋਈ ਸੀ।
19 ਕੁ ਸਾਲ ਦੀ ਉਮਰ ਵਿੱਚ ਭਾਈ ਦਿੱਤ ਸਿੰਘ ਜੀ, ਵੱਖ-ਵੱਖ ਨਿਰਮਲੇ ਸਾਧੂ-ਸੰਤਾਂ ਕੋਲੋ ਅਤੇ ਹੋਰਨਾਂ ਪਾਸੋਂ ਗੁਰਮੁਖੀ, ਉਰਦੂ, ਬ੍ਰਿਜ, ਫਾਰਸੀ, ਸੰਸਕ੍ਰਿਤ, ਆਦਿ ਭਾਸ਼ਾਵਾਂ ਦੇ ਗਿਆਨ ਤੋਂ ਅਤੇ ਅਧਿਐਨ ਨਾਲ ਨੀਤੀ ਸ਼ਾਸਤਰ ਦਾ ਬੋਧ ਹਾਸਲ ਕੀਤਾ ਅਤੇ ਗਿਆਨੀ ਦਿੱਤ ਸਿੰਘ ਜੀ ਹਰ ਤਰਾਂ ਦੀਆਂ ਬਹਿਸਾਂ ਵਿਚ ਖੁੱਲਕੇ ਹਿੱਸਾ ਲੈਣ ਲੱਗ ਪਏ ਸਨ। ਉਹਨਾਂ ਦੀ ਬੁੱਧੀ ਬੜੀ ਤੇਜ਼ ਅਤੇ ਬੋਲਾਂ ਵਿਚ ਬਹੁਤ ਜ਼ੋਰ ਸੀ। ਇਸ ਤਰ੍ਹਾਂ ਉਹ ਇਕ ਸਫਲ ਗੁਲਾਬਦਾਸੀਏ ਪ੍ਰਚਾਰਕ ਬਣ ਗਏ। ਉਧਰ ਗੁਲਾਬਦਾਸੀ ਮਤ ਵਾਲਿਆਂ ਦਾ ਆਰਯ ਸਮਾਜੀਆਂ ਨਾਲ ਸੰਪਰਕ ਸੀ। ਇਸ ਲਈ ਇਹਨਾ ਨੂੰ ਵੀ ਆਰਯ ਸਮਾਜ ਦਾ ਪ੍ਰਚਾਰ ਕਰਨਾ ਪਿਆ। ਪਰ ਲਾਹੌਰ ਨਿਵਾਸ ਵੇਲੇ ਉਹ ਪ੍ਰੋ. ਗੁਰਮੁਖ ਸਿੰਘ ਦੇ ਸੰਪਰਕ ਵਿਚ ਆਏ ਅਤੇ ਉਨ੍ਹਾਂ ਦੀ ਸੰਗਤ ਅਤੇ ਪ੍ਰੇਰਣਾ ਨਾਲ ਸਿੰਘ ਸਭਾ ਲਾਹੌਰ ਵਿਚ ਸ਼ਾਮਲ ਹੋ ਕੇ ਅੰਮ੍ਰਿਤ ਧਾਰੀ ਹੋ ਗਏ। ਉਹਨਾਂ ਦੇ ਕਹਿਣ ਤੇ ਗਿਆਨੀ ਦੀ ਪੜ੍ਹਾਈ ਕਰਕੇ ਕਾਲਜ ਵਿੱਚ ਲੈਕਚਰ ਦੇਣ ਲੱਗ ਪਏ ਉਸ ਨਾਲ ਉਹਨਾਂ ਦੇ ਗੁਣਾ ਵਿੱਚ ਹੋਰ ਵਾਧਾ ਹੋ ਗਿਆ। ਦੋ ਕੁ ਸਾਲਾਂ ਵਿੱਚ ਵਿਲਵਤਾ ਦੀਆਂ ਧੁੰਮਾਂ ਚਾਰੇ ਪਾਸੇ ਫੈਲ ਗਈਆਂ। ਉਹਨਾਂ ਦੇ ਜੀਵਨ ਦਾ ਮੁੱਖ ਉਦੇਸ਼ ਸੀ ਸਿੱਖ ਧਰਮ ਦੇ ਸ਼ੁੱਧ ਸਰੂਪ ਨੂੰ ਨਿਤਾਰ ਕੇ ਪੇਸ਼ ਕਰਨਾ ਅਤੇ ਸਿੱਖ ਇਤਿਹਾਸ ਦੀਆਂ ਸ਼ਾਨਦਾਰ ਪਰੰਪਰਾਵਾਂ ਨੂੰ ਇਸ ਢੰਗ ਨਾਲ ਚਿਤਰਨਾ ਕਿ ਉਨ੍ਹਾਂ ਵਿਚੋਂ ਵਰਤਮਾਨ ਦੀਆਂ ਸਮਸਿਆਵਾਂ ਦਾ ਹਲ ਲਭਿਆ ਜਾ ਸਕੇ। ਆਪਣੇ ਉਦੇਸ਼ਾਂ ਦੀ ਪੂਰਤੀ ਲਈ ਉਹਨਾਂ ਨੇ ਪੱਤਰਕਾਰੀ ਨੂੰ ਮਾਧਿਅਮ ਬਣਾਇਆ ਅਤੇ ਪ੍ਰੋ. ਗੁਰਮੁਖ ਸਿੰਘ ਨਾਲ ਮਿਲ ਕੇ ਸੰਨ 1886 ਈ. ‘ਖ਼ਾਲਸਾ ਅਖਬਾਰ’ ਸ਼ੁਰੂ ਕੀਤੀ। ਉਹਨਾਂ ਦੀਆਂ ਬਹੁਤੀਆਂ ਰਚਨਾਵਾਂ ਪਹਿਲਾਂ ‘ਖ਼ਾਲਸਾ ਅਖ਼ਬਾਰ' ਵਿਚ ਹੀ ਛਪਦੀਆਂ ਸਨ।
ਗਿਆਨੀ ਦਿੱਤ ਸਿੰਘ ਇਕ ਪ੍ਰਭਾਵਸ਼ਾਲੀ ਵਕਤਾ ਸਨ। ਉਹਨਾਂ ਦੇ ਭਾਸ਼ਣ ਅਨੇਕ ਸਰੋਤਿਆਂ ਨੂੰ ਸ਼ਰਧਾਲੂ ਬਣਾ ਦਿੰਦੇ ਸਨ। ਸ਼ਾਸਤਾਰਥ ਵਿਚ ਵੀ ਬਹੁਤ ਪ੍ਰਬੀਨ ਸੀ। ਗੱਲ ਨੂੰ ਦਲੀਲ ਨਾਲ ਪੁਸ਼ਟ ਕਰਕੇ ਇਤਨੇ ਢੰਗ ਨਾਲ ਕਹਿੰਦੇ ਸਨ ਕਿ ਵਿਰੋਧੀ ਲੋਕ ਨਿਰੁੱਤਰ ਹੋ ਜਾਂਦੇ ਸਨ। ਉਹਨਾਂ ਨੇ ਸੁਆਮੀ ਦਯਾ ਨੰਦ ਨਾਲ ਤਿੰਨ ਵਾਰੀ ਸ਼ਾਸਤ੍ਰਾਰਥ ਕਰਕੇ ਉਸ ਨੂੰ ਪਛਾੜਿਆ ਸੀ ਦਯਾ ਨੰਦ ਸਿੱਖਾਂ ਨੂੰ ਹੀ ਨਾਲ ਲੈ ਕੇ ਪ੍ਰਚਾਰ ਕਰਦਾ ਸੀ ਤੇ ਸਿੱਖ ਗੁਰੂ ਸਾਹਿਬਾਨ ਬਾਰੇ ਆਪਣੇ ਲਿਖੇ ਗ੍ਰੰਥ ਵਿੱਚ ਬਹੁਤ ਊਲ ਜਲੂਲ ਲਿਖਿਆ ਇਹਨਾਂ ਗੱਲਾਂ ਕਰਕੇ ਵੀ ਸੰਵਾਦ ਕਰਕੇ ਉਸਨੂੰ ਚਿੱਤ ਕਰਨਾ ਬਹੁਤ ਜਰੂਰੀ ਸੀ।
ਮੂਲ ਰੂਪ ਵਿਚ ਗਿਆਨੀ ਦਿੱਤ ਸਿੰਘ ਜੀ ਕਵੀ ਸਨ ਅਤੇ ਕਵਿਤਾ ਵਿਚ ਉਹਨਾਂ ਨੇ ਭਾਈ ਸੁਬੇਗ ਸਿੰਘ, ਭਾਈ ਮਹਿਤਾਬ ਸਿੰਘ ਮੀਰਾਕੋਟੀਆ, ਭਾਈ ਤਾਰੂ ਸਿੰਘ, ਭਾਈ ਬੋਤਾ ਸਿੰਘ, ਭਾਈ ਤਾਰਾ ਸਿੰਘ ਵਾਂ ਆਦਿ ਦੇ ਸ਼ਹੀਦੀ ਪ੍ਰਸੰਗ ਲਿਖੇ। ਇਸ ਤੋਂ ਇਲਾਵਾ ਉਹਨਾਂ ਨੇ ਗੁਰੂ ਨਾਨਕ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਅਰਜਨ ਦੇਵ ਜੀ, ਗੁਰੂ ਹਰਰਾਇ ਜੀ, ਗੁਰੂ ਹਰਿਕ੍ਰਿਸ਼ਨ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ-ਚਰਿਤਾਂ ਉਤੇ ਕਲਮ ਅਜਮਾਈ। ਪਰ ਉਹਨਾਂ ਦੀ ਵਿਸ਼ੇਸ਼ ਦੇਣ ਉਹ ਵਾਰਤਕ ਰਚਨਾ ਹੈ ਜੋ ਸਮਕਾਲੀ ਅਤੇ ਧਾਰਮਿਕ ਵਾਦ-ਵਿਵਾਦ ਤੋਂ ਪੈਦਾ ਹੋਈਆਂ ਸਮੱਸਿਆਵਾ ਦੇ ਸਮਾਧਾਨ ਲਈ ਲਿਖੀ ਗਈ ਸੀ। ਇਸ ਪ੍ਰਕਾਰ ਦੀਆਂ ਲਗਭਗ ਡੇਢ ਦਰਜਨ ਪੁਸਤਕਾਂ ਉਪਲਬਧ ਹਨ। ਉਹਨਾਂ ਦੀਆਂ ਕੁਝ ਉਲੇਖਯੋਗ ਪੁਸਤਕਾਂ ਹਨ—ਦੰਭ ਬਿਦਾਰਨ, ਦੁਰਗਾ ਪ੍ਰਬੋਧ, ਪੰਥ ਪ੍ਰਬੋਧ, ਰਾਜ ਪ੍ਰਬੋਧ, ਮੇਰਾ ਤੇ ਸਾਧੂ ਦਯਾਨੰਦ ਦਾ ਸੰਬਾਦ, ਨਕਲੀ ਸਿੱਖ ਪ੍ਰਬੋਧ, ਪੰਥ ਸੁਧਾਰ ਬਿਨੈ ਪੱਤਰ ਆਦਿ ਉਹਨਾਂ ਨੇ ਕਰੀਬ 72 ਪੁਸਤਕਾਂ ਲਿਖੀਆਂ ਨੇ।
ਉਹਨਾਂ ਦੀ ਸਸ਼ਕਤ ਪ੍ਰਚਾਰ ਮੁਹਿੰਮ ਨੇ ਅੰਮ੍ਰਿਤਸਰ ਸਿੰਘ ਸਭਾ ਦੇ ਸਨਾਤਨੀ ਧੜੇ ਨੂੰ ਹਲੂਣ ਦਿੱਤਾ। ਉਹਨਾਂ ਨੇ ਸਵਪਨ ਨਾਟਕ ' ਨਾਂ ਦੀ ਪੁਸਤਕ ਲਿਖ ਕੇ ਸਿੰਘ ਸਭਾ ਅੰਮ੍ਰਿਤਸਰ ਦੇ ਮੁਖੀਆਂ ਦੀ ਖੂਬ ਖਿਲੀ ਉਡਾਈ। ਫਲਸਰੂਪ, ਸੰਨ 1887 ਈ. ਵਿਚ ਇਸ ਨੂੰ ਉਸ ਧੜੇ ਨੇ ਅਕਾਲ ਤਖ਼ਤ, ਦਰਬਾਰ ਸਾਹਿਬ, ਬਾਬਾ ਅੱਟਲ, ਝੰਡਾ ਬੁੰਗਾ ਅਤੇ ਸ਼ਹੀਦਗੰਜ ਦੇ ਪੁਜਾਰੀਆਂ ਦੁਆਰਾ ਹੁਕਮਨਾਮਾ ਜਾਰੀ ਕਰਵਾ ਕੇ ਪੰਥ ਤੋਂ ਛੇਕ ਦਿੱਤਾ। ਉਹਨਾਂ ਦੇ ਉਪਰ ਬਾਬਾ ਉਦੈ ਸਿੰਘ ਬੇਦੀ ਨੇ ਮਾਨਹਾਨੀ ਦਾ ਮੁਕੱਦਮਾ ਚਲਾਇਆ। ਲਗਭਗ ਇਕ ਸਾਲ ਮੁਕੱਦਮਾ ਦਲਿਆ ਅਤੇ ਅੰਤ ਵਿਚ ਹਰ ਪ੍ਰਕਾਰ ਦੀ ਸਜ਼ਾ ਤੋਂ ਮੁਕਤ ਕਰ ਦਿੱਤਾ ਗਿਆ। ਪਰ ਇਸ ਦੌਰਾਨ ‘ਖਾਲਸਾ ਅਖ਼ਬਾਰ' ਬੰਦ ਹੋ ਗਿਆ। ਕਾਫ਼ੀ ਮਾਲੀ ਸੰਕਟ ਵਿਚੋਂ ਲੰਘਣਾ ਪਿਆ। ਮਹਾਰਾਜਾ ਨਾਭਾ ਦੀ ਮਾਇਕ ਸਹਾਇਤਾ ਨਾਲ ਅਖ਼ਬਾਰ ਫਿਰ ਜਾਰੀ ਕੀਤਾ ਗਿਆ ਅਤੇ ਗਿਆਨ ਦਿੱਤ ਸਿੰਘ ਜੀ ਨੇ ਬੜੀ ਦਲੇਰੀ ਨਾਲ ਵਿਰੋਧੀਆ ਦੇ ਪ੍ਰਚਾਰ ਦਾ ਖੰਡਨ ਕੀਤਾ।
ਸੰਨ 1887 ਈ. ਵਿਚ ਕਪੂਰਥਲਾ ਦੇ ਕੰਵਰ ਬਿਕ੍ਰਮਾ ਸਿੰਘ ਦੇ ਦੇਹਾਂਤ ਨਾਲ ਲਾਹੌਰ ਸਿੰਘ ਸਭਾ ਨੂੰ ਕਾਫ਼ੀ ਧੱਕਾ ਲਗਾ, ਪਰ ਫਿਰ ਵੀ ਇਸ ਦੇ ਆਗੂ ਸੰਭਲ ਗਏ। ਇਸ ਤੋਂ ਬਾਦ ਸੰਨ 1895 ਈ. ਵਿਚ ਸਰ ਅਤਰ ਸਿੰਘ ਭਦੌੜ ਅਤੇ ਸੰਨ 1896 ਈ. ਵਿਚ ਪ੍ਰੋਫੈਸਰ ਗੁਰਮੁਖ ਸਿੰਘ ਦੇ ਗੁਜ਼ਰਨ ਨਾਲ ਇਸ ਸਭਾ ਦੇ ਹਾਲਾਤ ਨਿਘਰਦੇ ਗਏ ਅਤੇ 6 ਸਤੰਬਰ 1901 ਈ. ਨੂੰ ਧਰਮ-ਸੁਧਾਰ ਲਈ ਜੂਝਦਿਆਂ ਗਿਆਨੀ ਦਿੱਤ ਸਿੰਘ ਦਾ ਜਿਗਰ ਦੀ ਬੀਮਾਰੀ ਕਾਰਣ ਦੇਹਾਂਤ ਹੋ ਗਿਆ। ਉਹਨਾਂ ਦੇ ਚਲਾਣੇ ਨਾਲ ਪੰਥ ਦਾ ਇਕ ਸਿਰਮੌਰ ਪ੍ਰਚਾਰਕ ਅਤੇ ਪ੍ਰਵਕਤਾ ਪਿਛੋਂ ਨਿਕਲ ਗਿਆ ਅਤੇ ਇਸ ਨਾਲ ਲਾਹੌਰ ਸਿੰਘ ਸਭਾ ਲਗਭਗ ਖਤਮ ਹੋ ਗਈ। ਗਿਆਨੀ ਦਿੱਤ ਸਿੰਘ ਦੀ ਮੌਤ ਤੋਂ ਬਾਅਦ ਭਾਈ ਵੀਰ ਸਿੰਘ ਨੇ ਉਹਨਾਂ ਦੇ ਸਨਮਾਨ ਵਿੱਚ ਇੱਕ ਕਵਿਤਾ ਲਿਖੀ ਜੋ ਖਾਲਸਾ ਸਮਾਚਾਰ ਵਿੱਚ ਛਪੀ। ਗਿਆਨੀ ਦਿੱਤ ਸਿੰਘ ਯਾਦਗਾਰੀ ਅੰਤਰਰਾਸ਼ਟਰੀ ਸੰਮਤੀ ਉਹਨਾਂ ਦੀ ਯਾਦ ਵਿੱਚ ਹਰ ਸਾਲ ਸਮਾਗਮ ਕਰਵਾਉਂਦੀ ਹੈ।
ਗਿਆਨੀ ਜੀ ਨੂੰ ਅਕਾਲ ਤਖਤ ਸਾਹਿਬ ਵੱਲੋਂ ਪੰਥ ਰਤਨ ਦੀ ਉਪਾਧੀ ਵੀ ਦਿੱਤੀ ਗਈ ਉਹਨਾਂ ਨੇ 50 ਵਰ੍ਹਿਆਂ ਦੀ ਉਮਰ ਵਿਚ ਵੀ ਸਿੱਖ ਪੰਥ ਦੇ ਸੁਧਾਰ ਅਤੇ ਵਿਕਾਸ ਲਈ ਇਤਨਾ ਕੰਮ ਕੀਤਾ ਜਿਸ ਦੀ ਇਕ ਸੰਸਥਾ ਪਾਸੋਂ ਵੀ ਆਸ ਨਹੀਂ ਕੀਤੀ ਜਾ ਸਕਦੀ। ਉਹਨਾਂ ਦੇ ਵਿਅਕਤਿਤਵ ਦੀ ਘਾਟ ਨੂੰ ਮਹਿਸੂਸ ਕਰਦਿਆਂ ਇਕ ਕਵੀ ਨੇ ਲਿਖਿਆ ਸੀ
ਜਿਹਦਾ ਨਾਮ ਲੈਂਦਿਆਂ ਹੀ ਦਿਲ ਵਿਚ ਜੋਸ਼ ਉਠੇ,
ਝੁਕ ਜਾਵੇ ਪੈਣ ਵੱਡੇ ਵੱਡੇ ਅਭਿਮਾਨੀ ਦੀ।
ਸੁੱਤੀ ਹੋਈ ਘੂਕ ਕੌਮ ਆਣ ਕੇ ਜਗਾਈ ਜੀਹਨੇ,
ਅਜ ਤੱਕ ਧੁੰਮ ਪਈ ਹੋਈ ਜਿਹਦੀ ਕਾਨੀ ਦੀ
ਐਸਾ ਕੌਣ ਬੀਰ ਜੀਹ ਨੂੰ ਭਰਮ ਲੀਰ ਲੀਰ ਕੀਤੇ,
ਆਈ ਅਜ ਯਾਦ ਉਸ ਸਿੰਘ ਸਭਾ ਬਾਨੀ ਦੀ।
ਭਾਵੇਂ ਉਹ ਦੀ ਪਾਈ ਨਾ ਕਦਰ ਪੂਰੀ ਪੰਥ ਨੇ ਹੈ,
ਭਾਸੇ ਅਜ ਲੋੜ ਫੇਰ ਦਿਤ ਸਿੰਘ ਗਿਆਨੀ ਦੀ।
ਇੱਕ ਹੰਕਾਰੀ ਸਵਾਮੀ ਦਯਾਨੰਦ ਦੇ ਨਾਮ ਤੇ ਕਿੰਨੇ ਸਕੂਲ ਕਾਲਜ ਹਸਪਤਾਲ ਖੁੱਲ੍ਹ ਚੁੱਕੇ ਹਨ ਪਰ ਸ਼ਾਇਦ ਹਜੇ ਤੱਕ ਸਿੱਖਾਂ ਦੀ ਸਿਰਮੌਰ ਸੰਸਥਾ ਗਿਆਨੀ ਦਿੱਤ ਸਿੰਘ ਜੀ ਦੇ ਨਾਮ ਤੇ ਕੁਝ ਨਹੀਂ ਕਰ ਸਕੀ।
ਲਿਖਤ ਰਾਜਪਾਲ ਸਿੰਘ ਘੱਲ ਕਲਾਂ।
Rajpal Singh Ghal Kalan