#ਨਿੰਦਾ ਕੀ ਹੁੰਦੀ ਐ
ਸਾਡੇ ਲੋਕਾਂ ਨੂੰ ਆਲੋਚਨਾ ਤੇ ਵਿਰੋਧ ਦਾ ਫਰਕ ਨਹੀਂ ਪਤਾ ਤੇ ਨਾ ਹੀ ਨਿੰਦਾ ਤੇ ਉਸਤਤ ਪਤਾ ਕੀ ਹੁੰਦੀ ਐ।
ਗਲਤ ਨੂੰ ਗਲਤ ਕਹਿਣਾ ਆਲੋਚਨਾ ਹੁੰਦੀ ਐ ਤੇ ਜੇ ਓਹੀ ਕੋਈ ਸੰਤ ਜਾਂ ਬਾਬਾ (ਜੋ ਆਪਣੇ ਆਪ ਨੂੰ ਅਖਵਾਉਂਦਾ ਜਾਂ ਓਹਦੇ ਚੇਲੇ ਚਪਟੇ ਲਾਉਂਦੇ ਨੇ) ਗਲਤ ਹੋਵੇ ਉਸਦੀ ਆਲੋਚਨਾ ਉਸਦੇ ਭਗਤ ਨਿੰਦਾ ਵਜੋਂ ਲੈਂਦੇ ਨੇ ਤੇ ਫੇਰ ਗੁਰਬਾਣੀ ਦੀਆਂ ਉਦਾਹਰਣਾਂ ਦੇਣਗੇ ਵੀ ਜੇ ਤੁਸੀਂ ਗੁਰਬਾਣੀ ਪੜ੍ਹ ਕੇ ਅਮਲ ਕੀਤਾ ਹੁੰਦਾ ਤਾਂ ਉਸ ਨਕਲੀ ਸਾਧ ਦੇ ਮਗਰ ਪੂਛ ਪੂਛ ਕਰਨ ਦੀ ਲੋੜ੍ਹ ਹੀ ਕਿੱਥੇ ਪੈਣੀ ਸੀ।
ਕੁਝ ਕੁ ਪੰਕਤੀਆਂ ਗੁਰਬਾਣੀ ਦੀਆਂ ਆਮ ਹੀ ਗਲਤ ਵਰਤੀਆਂ ਜਾਂਦੀਆਂ ਜਿਵੇਂ
ਸੋਚੈ ਸੋਚਿ ਨਾ ਹੋਵਈ ਜੇ ਸੋਚੀ ਲਖ ਵਾਰ।।ਅੰਗ ੧।।
ਸੋਚਣ ਨਾਲ ਇਸਦਾ ਕੋਈ ਲੈਣਾ ਦੇਣਾ ਨਹੀਂ ਗੱਲ ਸੁੱਚਮ ਦੀ ਹੋ ਰਹੀ ਹੈ।
ਏਹਿ ਭਿ ਦਾਤਿ ਤੇਰੀ ਦਾਤਾਰ।। ਅੰਗ ੫।।
ਇਹ ਜਿਸ ਦਾਤ ਦੀ ਗੱਲ ਹੈ ਉਹ ਤੁਹਾਡਾ ਸਕੂਟਰ ਕਾਰ ਨਹੀਂ ਹੈ ਮਨੁੱਖੀ ਸਰੀਰ ਤੇ ਉਸ ਵਿੱਚ ਜੇ ਤੁਸੀਂ ਨਾਮ ਜਪਦੇ ਹੋ ਉਹ ਰੱਬੀ ਬਖਸ਼ਿਸ਼ ਹੈ।
ਲਖ ਖੁਸੀਆ ਪਾਤਿਸਾਹੀਆ ਜੇ ਸਤਿਗੁਰੁ ਨਦਰਿ ਕਰੇਇ।। ਅੰਗ ੪੪।।
ਇਹ ਖੁਸ਼ੀਆਂ ਦੁਨਿਆਵੀ ਨਹੀਂ ਤੇ ਨਦਰਿ ਉਹ ਹੈ ਜਿਸ ਵਿੱਚ ਤੁਹਾਡੇ ਪਿਛਲੇ ਚੰਗੇ ਕਰਮ ਚੰਗੇ ਪਾਸੇ ਤੁਰਨ ਤੇ ਜਾਗ ਜਾਂਦੇ ਨੇ ਤੇ ਵਾਹਿਗੁਰੂ ਅਧਿਆਤਮਕ ਸਮਝ ਜਾਂ ਸੋਝੀ ਬਖਸ਼ਿਸ਼ ਕਰਦਾ।
ਸੰਤ ਕੀ ਨਿੰਦਾ ਨਾਨਕਾ ਬਹੁਰਿ ਬਹੁਰਿ ਅਵਤਾਰ।। ਅੰਗ ੨੭੯।।
ਕਿਸੇ ਪੂਰਨ ਸੰਤ/ਸਾਧ ਦੀ ਨਿੰਦਾ ਕਰਨੀ ਬਹੁਤ ਵੱਡਾ ਅਪਰਾਧ ਹੈ ਪਰ ਸੰਤ ਕੱਚੇ ਪਿੱਲੇ ਨਹੀਂ ਜਿੰਨ੍ਹਾਂ ਦੀਆਂ ਕੋਝੀਆਂ ਹਰਕਤਾਂ ਜੱਗ ਜਾਹਰ ਕਰਨ ਨਾਲ ਨਿੰਦਾ ਹੁੰਦੀ ਹੈ।
ਸੰਤ/ਮਹਾਂਪੁਰਸ਼ ਜਾਂ ਸਤਿ ਪੁਰਖ ਦੀਆਂ ਨਿਸ਼ਾਨੀਆਂ ਵੇਖ ਲੋ ਜੋ ਗੁਰਬਾਣੀ ਦਸਦੀ ਹੈ।
-ਹੱਥੀਂ ਕਿਰਤ ਕਰੇਗਾ,
-ਸਾਦੇ ਬਸਤਰ ਪਹਿਨੇ ਗਾ,
-ਸਾਦਾ ਭੋਜਨ ਕਰੇਗਾ,
-ਥੋੜ੍ਹਾ ਖਾਏਗਾ,
-ਥੋੜ੍ਹਾ ਬੋਲੇਗਾ ਪਰ ਸੱਚ ਬੋਲੇਗਾ,
-ਹੱਥੀਂ ਸੇਵਾ ਕਰੇਗਾ,
-ਨਿਮਰਤਾ ਰੱਖੇਗਾ/ ਨੀਵਾਂ ਰਹੇਗਾ,
-ਹਰ ਹਾਲ ਸ਼ੁਕਰ ਮਨਾਏਗਾ,
-ਰਸਨਾ ਤੇ ਜਾਪ ਨਿਰੰਤਰ ਚੱਲੇਗਾ,
ਤੀਰਥਾਂ ਤੇ ਇਸ਼ਨਾਨ ਨੂੰ ਮਹੱਤਵ ਨਹੀਂ ਦਏਗਾ,
ਇਹ ਕਦੇ ਨਹੀਂ ਕਹੇਗਾ ਕਿ ਫਲਾਣੀ ਥਾਂ ਐਨੇ ਵਾਰ ਜਾਓ ਤੇ ਨਾਹ ਹੀ ਕੋਈ #ਕਰਾਮਾਤ ਦਿਖਾਏਗਾ ਆਪ ਬਹੁਤਾ ਕਿਤੇ ਨਹੀਂ ਜਾਏਗਾ ਜੇ ਜਾਏਗਾ ਤਾਂ ਨਿਰਭਉ, ਨਿਰਵੈਰ ਹੋ ਕੇ ਜਾਏਗਾ।
ਜਿਸ-ਜਿਸ ਬਾਬੇ ਨੂੰ ਮੰਨਦੇ ਜਾਂ ਮੱਥਾ ਟੇਕਦੇ ਆਂ ਜੇ ਇਹ ਗੁਣ ਨਹੀਂ ਤਾਂ ਉਹ ਬਾਬਾ ਵੀ ਪਸ਼ੂਆਂ ਦੀ ਜੂਨ 'ਚ ਜਾਏਗਾ ਤੇ ਤੁਹਾਨੂੰ ਵੀ ਨਾਲ ਲੈ ਕੇ ਘਾਹ ਚਰ੍ਹਿਆ ਕਰੂ। ਅਤੇ ਨਰਕ ਸੁਰਗ ਪਰਮਾਤਮਾ ਨੇ ਕੋਈ ਵੱਖਰੇ ਨਹੀਂ ਬਣਾਏ ਇਸੇ ਧਰਤੀ ਤੇ ਲੋਕ ਸਵਰਗ ਵਿੱਚ ਵੀ ਨੇ ਤੇ ਨਰਕ ਵਿੱਚ ਵੀ ਪਰ ਉਹਦੇ ਲਈ ਗੁਰਬਾਣੀ ਸਮਝੋ। ਜਿੰਨ੍ਹਾਂ ਦੀਆਂ ਵੀਡੀਓ ਪੈਂਦੀਆਂ ਮਦਦ ਲਈ ਬਹੁਤ ਦੁਖੀ ਹੁੰਦੇ ਆ ਉਹ ਨਰਕ ਵਿੱਚ ਨੇ ਤੇ ਜੋ ਮਦਦ ਕਰਦੇ ਨੇ ਉਹਨਾਂ ਤੇ ਵਾਹਿਗੁਰੂ ਦੀ ਕਿਰਪਾ ਉਹ #ਸਵਰਗ ਵਿੱਚ ਨੇ ਮਦਦ ਕਰਨ ਵਾਲਿਆਂ ਤੋਂ ਭਾਵ ਉਹ ਨਹੀਂ ਜਿਨ੍ਹਾਂ ਨੇ ਇਸ ਨੂੰ ਧੰਦਾ ਬਣਾਇਆ ਹੋਇਆ।
ਗੁਰਬਾਣੀ ਸੰਤ ਦੀ ਇਹ ਪਰਿਭਾਸ਼ਾ ਦਿੰਦੀ ਹੈ
ਸੋਈ ਸੰਤੁ ਜਿ ਭਾਵੈ ਰਾਮ॥
ਸੰਤ ਗੋਬਿੰਦ ਕੈ ਏਕੈ ਕਾਮ॥੧॥867
*ਬਹੁਤ ਲੋਕ ਇਹ ਕਹਿੰਦੇ ਨੇ ਕਿ ਭਗਤ ਨਾਮਦੇਵ ਨੇ ਮਰੀ ਗਾਂ ਨੂੰ ਜਿਉਂਦੀ ਕੀਤਾ ਪਰ ਗੁਰਬਾਣੀ ਆਪ ਪੜ੍ਹਿਆ ਕਰੋ ਫੇਰ ਪਤਾ ਲੱਗੇਗਾ ਕਿ ਨਾਮਦੇਵ ਜੀ ਨੇ ਬਾਦਸ਼ਾਹ (ਮੁਹੰਮਦ-ਬਿਨ-ਤੁਗਲਕ) ਨੂੰ ਕਿਹਾ ਕਿ ਮਰੀ ਹੋਈ ਗਾਂ ਕਿਸ ਤਰ੍ਹਾਂ ਜਿਉਂਦੀ ਹੋ ਸਕਦੀ ਹੈ, ਤਾਂ ਆਪਣੇ ਭਗਤ ਦੀ ਲਾਜ ਰੱਖਣ ਲਈ ਪਰਮਾਤਮਾ ਨੇ ਆਪ ਗਾਂ ਨੂੰ ਜਿਉਂਦੀ ਕੀਤਾ। ਪੂਰਾ ਬਿਰਤਾਂਤ ਭਗਤ ਨਾਮਦੇਵ ਜੀ ਦੀ ਬਾਣੀ ਅੰਦਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਗ 1165 ਤੇ ਦਰਜ ਹੈ।
ਬਾਕੀ ਜੇ ਹਰ ਘੋਖ ਕਰੀਏ ਤਾਂ ਗੁਰਬਾਣੀ ਵਿੱਚ ਇਸ ਤਰ੍ਹਾਂ ਦੀਆਂ ਕਈ ਉਦਾਹਰਣ ਨੇ ਕਿ ਜੋ ਅਸਲ ਸੰਤ ਨੇ ਭਗਤ ਨੇ ਜਾਂ ਹਰੀ ਦੇ ਜਨ (ਹਰਿ ਜਨ) ਨੇ ਉਹ ਕਿਸ ਤਰ੍ਹਾ ਦੇ ਨੇ
ਹਰਿ ਕੈ ਨਿਕਟਿ ਨਿਕਟਿ ਹਰਿ ਨਿਕਟ ਹੀ ਬਸਤੇ ਤੇ ਹਰਿ ਕੇ ਜਨ ਸਾਧੂ ਹਰਿ ਭਗਾਤ॥
ਤੇ ਹਰਿ ਕੇ ਜਨ ਹਰਿ ਸਿੳੇੁ ਰਲਿ ਮਿਲੇ ਜੈਸੇ ਜਨ ਨਾਨਕ ਸਲਲੈ ਸਲਲ ਮਿਲਾਤਿ॥2॥1॥8॥ ਅੰਗ 1200
ਸਲਲੈ ਸਲਲ ਮਿਲਾਤਿ - ਜਿਵੇ ਪਾਣੀ ਵਿੱਚ ਪਾਣੀ ਮਿਲਦਾ ਹੈ।
ਗੁਰਬਾਣੀ ਦੀਆਂ ਭੁੱਲਾਂ ਲਈ ਖਿਮਾਂ
ਚੰਗੀਆਂ ਗੱਲਾਂ ਸਤਿਗੁਰ ਦੀ ਮੱਤ ਵਿਚੋਂ
ਗਲਤੀਆਂ ਰਾਜਪਾਲ ਸਿੰਘ ਘੱਲ ਕਲਾਂ ਵੱਲੋਂ