ਕਹਾਣੀ: ਛੱਪਰ ਪਾੜ੍ਹ ਕੇ ਦੇਣਾ
Chhapar paarh ke dena
ਪਹਿਲੀਆਂ ਦੋ ਕਹਾਣੀਆਂ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਮੇਰੇ ਸਕੂਲ ਦੇ ਪ੍ਰਿੰਸੀਪਲ ਸ੍ਰ. ਦਰਸ਼ਨ ਸਿੰਘ ਜੀ ਦਾ ਉਚੇਚਾ ਫੋਨ ਆਇਆ ਬਹੁਤ ਰਿਣੀ ਹਾਂ ਉਹਨਾ ਵੈਸੇ ਵੀ ਮੇਰੇ ਪੁਰਾਣੇ ਅਧਿਆਪਕ ਹੋਣ ਨਾਤੇ ਪਰ ਇਸ ਤਾਰੀਫ਼ ਲਈ ਹੋਰ ਵੀ ਕਰਜ਼ਦਾਰ ਹਾਂ। ਮੈਨੂੰ ਆਪਣੇ ਖਾਲਸਾ ਸਕੂਲ ਅਤੇੇ ਇਸਦੇ ਸਾਰੇ ਅਧਿਆਪਕਾਂ ਤੇ ਬਹੁਤ ਮਾਣ ਹੈ।
ਤਲਵੰਡੀ ਭਾਈ ਦੇ ਨੇੜੇ ਪਿੰਡ ਪੈਂਦਾ ਨਰਾਇਣ ਗੜ੍ਹ ਜਿਸਨੂੰ ਭੰਗਾਲੀ ਵੀ ਕਹਿੰਦੇ ਆ ਪਿੰਡ ਠੇਠਰ ਦੇ ਨਾਲ ਕਰਕੇ। 10-12 ਸਾਲ ਪਹਿਲਾਂ ਉੱਥੇ ਮੈਂ ਇੱਕ ਵੈਦ ਕੋਲ ਗਿਆ ਡੈਡੀ ਨੂੰ ਦਵਾਈ ਦਵਾਉਣ ਵੈਸੇ ਆਪਣੀ ਮਾਸੀ ਦਾ ਮੁੰਡਾ ਗੁਰਵਿੰਦਰ ਕੈਨੇਡਾ ਆਲਾ ਵੀ ਓਸੇ ਪਿੰਡ ਦਾ ਹੀ ਆ। ਵੈਦ ਦਾ ਨਾਮ ਸ਼ਾਇਦ ਮਿੱਠੂ ਆ ਤੇ ਕੰਮ ਹਲਵਾਈ ਦਾ ਵੀ ਕਰਦਾ ਉੱਥੇ ਵੈਦ ਕੋਲੋਂ ਕੰਨੀ ਸੁਣੀ ਕਹਾਣੀ ਲਿਖਣ ਲੱਗਾਂ ਕਹਾਣੀ ਮੇਰੇ ਸੁਣਨ ਤੋਂ ਵੀ ਪੁਰਾਣੀ ਹੈ।
ਹਾਕਮ ਸਿੰਘ (ਕਾਲਪਨਿਕ) ਨਾ ਦਾ ਬੰਦਾ ਸੀ ਕਿਸੇ ਪਿੰਡ ਘਰ ਵਿੱਚ ਤਿੰਨ ਹੀ ਜੀਅ ਸੀ ਘਰਵਾਲੀ ਤੇ ਪੁੱਤਰ ਸੁਰਜੀਤ ਸਿੰਘ ਸੀਤਾ। ਹਾਕਮ ਨਸ਼ੇ ਦਾ ਆਦੀ ਹੋ ਗਿਆ ਨਸ਼ੇ ਪੱਤੇ ਵਿੱਚ ਆਪਣੀ ਪੰਜ ਕਿੱਲ੍ਹੇ ਜਮੀਨ ਗਹਿਣੇ ਕਰ ਦਿੱਤੀ ਸ਼ਰੀਕੇ ਵਿੱਚ ਹੀ ਚਰਨ ਸਿੰਘ ਦੇ ਪਰਿਵਾਰ ਨੂੰ, ਰੱਬ ਜਾਣੇ ਕੋਈ ਹੋਰ ਵੀ ਮਜਬੂਰੀ ਪਈ ਹੋਵੇ ਇਸ ਪਿੱਛੇ। ਪੁੱਤਰ ਹਜੇ ਜਵਾਨੀ ਵਿੱਚ ਪੈਰ ਰੱਖਦਾ ਹੀ ਸੀ ਕਿ ਹਾਕਮ ਸਿੰਘ ਚੜ੍ਹਾਈ ਕਰ ਗਿਆ। ਘਰੇ ਗਰੀਬੀ ਵੀ ਬੜ੍ਹੀ ਸੀਤਾ ਦਸ ਕੁ ਤਾਂ ਪੜ੍ਹ ਗਿਆ ਸੀ ਪਰ ਹੁਣ ਕਰੇ ਕੀ ਜਮੀਨ ਗਹਿਣੇ ਪਈ ਆ ਹੋਰ ਆਮਦਨ ਦਾ ਸਾਧਨ ਨਹੀਂ ਸੀ। ਸੀਤਾ ਜਿੰਨਾ ਕੋਲ ਜਮੀਨ ਗਹਿਣੇ ਸੀ ਉਹਨਾਂ
(ਚਰਨ ਸਿੰਘ) ਦਾ ਟਰੈਕਟਰ ਚਲਾਉਣ ਲੱਗ ਗਿਆ ਘਰ ਦੋ ਪਸ਼ੂ-ਢਾਰੇ ਰੱਖ ਲਏ ਬੰਦਾ ਮਿਹਨਤੀ ਸੀ ਉਹਨੂੰ ਘਰ ਦੀ ਗਰੀਬੀ ਵੀ ਦਿਸਦੀ ਸੀ ਗਹਿਣੇ ਵਾਲੀ ਜਮੀਨ ਦੀ ਪੈਰਵਾਈ ਸ਼ੁਰੂ ਕਰਤੀ ਕਰਜਾ ਲਾਹੁਣ ਲੱਗ ਗਿਆ। ਕਈ ਸਾਲ ਲੰਘ ਗਏ ਸੀਤੇ ਦੀ ਪ੍ਰੀਖਿਆ ਚਲਦੀ ਨੂੰ ਪਰ ਬੰਦਾ ਸਿਰੜੀ ਸੀ, ਗੁਰੂਘਰ ਜਾਂਦਾ ਕਰਕੇ ਸੇਵਾ ਵਿੱਚ ਲੱਗਿਆ ਰਹਿਣ ਕਰਕੇ ਕਿਸੇ ਮਾੜੀ ਆਦਤ ਜਾਂ ਸੰਗਤ ਵਿੱਚ ਨਹੀਂ ਪਿਆ। ਓਧਰ ਚਰਨ ਸਿੰਘ ਦੇ ਮੁੰਡੇ ਦੇ ਰਿਸ਼ਤੇ ਦੀ ਗੱਲ ਚੱਲੀ। ਟੱਬਰ ਲਾਲਚੀ ਸੀ ਦਾਜ ਦੀ ਮੋਟੀ ਲਿਸਟ ਬਣਾਈ ਬੈਠੇ ਸੀ। ਕੁੜੀ ਵਾਲੇ ਆ ਗਏ ਚਰਨ ਸਿੰਘ ਦੇ ਘਰ, ਘਰ ਬਾਰ ਚੰਗਾ ਸੀ ਜਮੀਨ ਜਾਇਦਾਦ ਚੋਖੀ ਬਣਾ ਲਈ ਸੀ, ਮੁੰਡਾ ਤਾਂ ਪਸੰਦ ਆ ਗਿਆ ਚਰਨ ਸਿੰਘ ਦਾ ਪਰ ਉਸਦੇ ਪਰਿਵਾਰ ਨੇ ਦਾਜ ਵਿੱਚ ਸਮਾਨ ਖਾਸਾ ਹੀ ਗਿਣਵਾ ਦਿੱਤਾ ਤੇ ਕਿਹਾ ਜੇ ਪੁੱਗਦਾ ਤਾਂ ਰਿਸ਼ਤਾ ਕਰ ਦਿਉ ਕੁੜੀ ਵਾਲੇ ਹਜੇ ਘਰੇ ਹੀ ਫਿਰਦੇ ਸੀ ਵਿਹੜੇ ਵਿੱਚ ਫਿਰਦਾ ਸੀਤਾ ਨਜਰੀਂ ਪੈ ਗਿਆ। ਇੱਕ ਬਜੁਰਗ ਨੇ ਪੁੱਛ ਲਿਆ ਵੀ ਉਹ ਕਾਕਾ ਕੌਣ ਆ ਤਾਂ ਚਰਨ ਸਿੰਘ ਵਿਚੋਂ ਹੀ ਬੋਲ ਪਿਆ ਕਹਿੰਦਾ ਜੀ ਮੁੰਡਾ ਤਾਂ ਜੱਟਾਂ ਦਾ ਹੀ ਆ ਆਪਣਾ ਡਰਾਈਵਰ ਆ, ਪਿਉ ਇਹਦਾ ਨਸ਼ੇ ਪੱਤਾ ਕਰਦਾ ਸੀ ਪੈਲੀ ਸਾਨੂੰ ਗਹਿਣੇ ਕਰ ਗਿਆ। ਮੁੰਡਾ ਵੇਖਣ ਆਇਆ ਬਜ਼ੁਰਗ ਸੀਤੇ ਕੋਲ ਪਹੁੰਚ ਗਿਆ ਤੇ ਹਾਲ-ਚਾਲ ਪੁੱਛਿਆ ਤੇ ਸਵਾਲ ਕੀਤਾ ਕਾਕਾ ਕਿੰਨਾ ਚਿਰ ਹੋ ਗਿਆ ਡਰਾਈਵਰੀ ਕਰਦੇ ਨੂੰ ਸੀਤੇ ਨੇ ਦੱਸਿਆ ਵੀ ਜਮੀਨ ਛੁਡਾਉਣੀ ਆ ਜੀ ਪੰਜ ਸਾਲ ਹੋ ਗਏ ਬਸ ਥੋੜੇ ਹੀ ਪੈਸੇ ਰਹਿ ਗਏ ਫੇਰ ਆਪਣੀ ਖੇਤੀ-ਬਾੜ੍ਹੀ ਸ਼ੁਰੂ ਕਰੂੰ, ਬਜ਼ੁਰਗ ਨੇ ਪੁੱਛਿਆ ਘਰ ਕੌਣ ਕੌਣ ਆ ਕਹਿੰਦਾ ਜੀ ਮੈਂ ਤੇ ਬੇਬੇ ਹੀ ਹਾਂ। ਬਜੁਰਗ ਨੇ ਭਾਪ ਲਿਆ ਵੀ ਬੰਦਾ ਮਿਹਨਤੀ ਆ ਸੀਤੇ ਨੂੰ ਕਿਹਾ ਤੂੰ ਆਪਣੇ ਘਰ ਲੈ ਕੇ ਜਾ ਸਕਦਾਂ ਸਾਨੂੰ ਉਹ ਕਹਿੰਦਾ ਜੀ ਚਲੋ ਆ ਨਾਲ ਹੀ ਆ ਘਰ ਆਪਣਾ। ਸੀਤਾ ਉਹਨਾਂ ਨੂੰ ਘਰ ਲੈ ਗਿਆ ਪਰ ਹਜੇ ਸੀਤੇ ਨੂੰ ਕਹਾਣੀ ਸਮਝ ਵਿੱਚ ਨਹੀਂ ਪਈ ਸੀ ਪੂਰੀ। ਘਰ ਜਾਕੇ ਉਹਨਾਂ ਨੇ ਸੀਤੇ ਦੀ ਮਾਂ ਨੂੰ ਕਿਹਾ ਅਸੀਂ ਤੁਹਾਡੇ ਮੁੰਡੇ ਨੂੰ ਰਿਸ਼ਤਾ ਕਰਨਾ ਮਾਂ ਨੇ ਠਠਿੰਬਰ ਕੇ ਜੁਆਬ ਦਿੱਤਾ ਵੀ ਅਸੀਂ ਗਰੀਬ ਜਿਮੀਦਾਰ ਆਂ ਸਾਡੇ ਤਾਂ ਜੀ ਜੋ ਕੁਝ ਆ ਤੁਹਾਡੇ ਸਾਹਮਣੇ ਹੀ ਆ। ਬਜੁਰਗ ਕਹਿੰਦਾ ਮਾਈ ਫਿਕਰ ਨਾ ਕਰ ਤੇਰਾ ਪੁੱਤ ਮਿਹਨਤੀ ਆ ਸਾਨੂੰ ਇਹ ਪਸੰਦ ਆ ਗਿਆ ਆਪਣੀ ਕੁੜੀ ਲਈ। ਉਹ ਜਿੰਨਾ ਪੈਸਿਆਂ ਦਾ ਕੁੜੀ ਲਈ ਦਾਜ ਖਰੀਦਣਾ ਸੀ ਉਹ ਸੀਤੇ ਨੂੰ ਫੜ੍ਹਾ ਗਏ ਕਿ ਦੋ ਕਮਰੇ ਪਾ ਤੇ ਜਮੀਨ ਛੁਡਵਾ ਆਪਣੀ ਆਉਂਦੇ ਸਿਆਲ ਤੇਰਾ ਵਿਆਹ ਬੰਨ੍ਹ ਤਾ। ਵਿਆਹ ਦੇ ਦਾਜ ਵਿੱਚ ਟਰੈਕਟਰ-ਟਰਾਲੀ ਤੇ ਵਿੱਚ ਵਾਹੀ ਦੇ ਸੰਦ ਲੱਦ ਕੇ ਭੇਜ ਦਿੱਤੇ ਇਹੋ ਜਿਹਾ ਦਾਜ ਦੇਣਾ ਮਾੜਾ ਵੀ ਨਹੀਂ ਦਾਜ ਵਿੱਚ ਗੱਡੀਆਂ ਦੇਣੀਆਂ ਮਾੜੀਆਂ ਜੋ ਕਮਾਈ ਨਹੀਂ ਦਿੰਦੀਆਂ ਉਲਟਾ ਘਰ ਤੇ ਕਮਾਈ ਖਾਂਦੀਆਂ ਨੇ। ਪਿੰਡ ਦੇ ਲੋਕ ਤਾਂ ਆਖਦੇ ਸੀ ਰੱਬ ਨੇ ਸੀਤੇ ਦੇ ਪੁਰਾਣੇ ਕੋਠੇ ਦਾ ਛੱਪਰ ਪਾੜ ਕੇ ਦਿੱਤਾ ਏ। ਕੁਝ ਲੋਕ ਦੁਖੀ ਵੀ ਸੀ ਸਣੇ ਵਿਚੋਲੇ।
ਹੁਣ ਬੇਸ਼ੱਕ ਲੋਕ ਪਾਸਪੋਰਟ, ਕੋਠੀਆਂ, ਜਮੀਨਾਂ ਵੇਖ ਕੇ ਰਿਸ਼ਤੇ ਕਰਦੇ ਨੇ ਪਰ ਪਹਿਲੇ ਸਮਿਆਂ ਵਿੱਚ ਮੁੰਡਾ-ਕੁੜੀ ਵੇਖਣ ਗਏ ਬਜੁਰਗਾਂ ਦੀ ਅੱਖ ਪਾਰਖੂ ਹੁੰਦੀ ਸੀ। ਹੁਣ ਤਾਂ ਆਇਲਸ ਦੇ ਬੈਂਡ ਵੀ ਸਾਰੇ ਕਾਸੇ ਤੇ ਪੜ੍ਹਦਾ ਪਾ ਦਿੰਦੇ ਨੇ ਬੇਸ਼ੱਕ ਮਗਰੋਂ ਰੌਲਾ ਈ ਪੈਂਦਾ ਫਿਰੇ। ਕੁਝ ਲੋਕ ਔਖੇ ਸਮੇਂ ਸਿਰੜ ਤੋਂ ਡੋਲ ਵੀ ਜਾਂਦੇ ਆ ਪਰ ਸਬਰ ਸ਼ੁਕਰ ਦਾ ਪੱਲਾ ਫੜ੍ਹੀ ਰੱਖੋ ਵਾਹਿਗੁਰੂ ਭਲੀ ਕਰੇਗਾ।
ਸਤਿਗੁਰੁ ਜਾਗਤਾ ਹੈ ਦੇਉ॥੧॥ਰਹਾਉ॥ ਅੰਗ ੪੭੯
ਬਹੁਤ ਧੰਨਵਾਦ ਸਹਿਤ
ਰਾਜਪਾਲ ਸਿੰਘ ਘੱਲ ਕਲਾਂ
03/05/2024