#ਨੰਬਰ #thenumbers
ਅੱਜ ਛੁੱਟੀ ਸੀ ਮੈਂ ਸੋਚਿਆ ਇਹ ਵੀ ਪੋਸਟ ਕਰ ਹੀ ਦੇਈਏ ਪਿਛਲੇ ਸਾਲ ਤੋਂ ਗਿਣਤੀ ਮਿਣਤੀ ਇਕੱਠੀ ਕਰਕੇ ਰੱਖੀ ਆ ਵੈਸੇ ਕਾਪੀ ਪੇਸਟ ਕਰਨ ਵਾਲੇ ਇੱਕ ਮਿੰਟ ਵਿੱਚ ਨਾਮ ਪਾ ਕੇ ਗਿਆਨੀ ਬਣ ਜਾਂਦੇ ਆ। ਜੇ ਕਹੋਂ ਵੀ ਨੈੱਟ ਤੋਂ ਪੰਜਾਬੀ ਵਿੱਚ ਕਾਪੀ ਮਾਰਲਾਂਗੇ ਤਾਂ ਪੰਜਾਬੀ ਵਿਚ ਐਨਾ ਸੌਖਾ ਕੁਝ ਨਹੀਂ ਲੱਭਦਾ ਕਿਤਾਬਾਂ ਤੇ ਹੋਰ ਸ੍ਰੋਤਾਂ ਨਾਲ ਮੱਥਾ ਮਾਰਨਾ ਪੈਂਦਾ, ਆਜੋ ਕੁਝ ਗਿਣਤੀਆਂ ਮਿਣਤੀਆਂ ਬਾਰੇ ਤੁਹਾਨੂੰ ਦੱਸਦੇ ਆ
1- ਇੱਕ ਹੀ ਹੈ ੴ ਕੇਵਲ ਇੱਕ ਪਰਮਾਤਮਾ
2- ਇੱਕ ਤੋਂ ਬਿਨ੍ਹਾਂ ਹੋਰ ਜਾਂ ਦੁਬਿਧਾ ਕਿਸੇ ਵੀ ਦੂਜੇ ਨੂੰ ਰੱਬ ਸਮਝਣਾ ਕੇਵਲ ਦੁਬਿਧਾ ਹੈ।
2 ਦੋ ਸਰੂਪ ਪਰਮਾਤਮਾ ਦੇ: ਨਿਰਗੁਣ, ਸਰਗੁਣ
3 ਲੋਕ : ਧਰਤੀ, ਅਕਾਸ਼ ਅਤੇ ਪਤਾਲ
3 ਗੁਣ ਮਾਇਆ ਦੇ : ਰਜੋ, ਸਤੋ, ਤਮੋ
3 ਬੁਨਿਆਦਾਂ ਸਿੱਖੀ ਦੀਆਂ : ਕਿਰਤ ਕਰਨੀ, ਵੰਡ ਛੱਕਣਾ, ਨਾਮ ਜਪਣਾ (ਸਾਡਾ ਸਿਧਾਂਤ ਵੀ ਇਹੀ ਹੈ)
4 ਸਾਹਿਬਜ਼ਾਦੇ:
੧. ਜੋਰਾਵਰ ਸਿੰਘ
੨. ਫਤਹਿ ਸਿੰਘ
੩. ਅਜੀਤ ਸਿੰਘ
੪. ਜੁਝਾਰ ਸਿੰਘ
4 ਯੁੱਗ: ਸਤਯੁੱਗ (1728000 ਮੰਨਿਆ ਜਾਂਦਾ ਵੀ ਇਹਨੇ ਸਾਲ ਦਾ ਸਮਾਂ ਹੈ ਇਸਦਾ ਪਰ ਕੋਈ ਪੁਖਤਾ ਸਰੋਤ ਨਹੀਂ), ਤਰੇਤਾ (1596000), ਦੁਆਪਰ (864000), ਕਲਯੁੱਗ (472000)।
4 ਖਾਣੀਆਂ (ਦੁਨੀਆਂ ਦੇ ਵਿਕਾਸ ਦੇ ਰਾਹ): ਅੰਡਜ, ਜੇਰਜ, ਸੇਤਜ, ਉਤਭੁਜ
4 ਵਰਨ : ਖੱਤਰੀ, ਬਰਾਹਮਣ, ਸੂਦ ਅਤੇ ਵੈਸ਼
4 ਵੇਦ/ਬੇਦ : ਰਿਗ, ਜਜੁਰ, ਸਾਮ, ਅਥਰਬਨ
4 ਕਤੇਬ : ਮੁਸਲਮਾਨ ਧਰਮ ਦੇ ਚਾਰ ਗ੍ਰੰਥ (ਕੁਰਾਨ, ਅੰਜੀਲ, ਤੌਰੇਤ, ਜ਼ੰਬੂਰ)
4 ਪਦਾਰਥ : ਧਰਮ, ਅਰਥ, ਕਾਮ ਅਤੇ ਮੋਖ
4 ਆਸਰਮ : ਬ੍ਰਹਮਚਰਜ, ਗ੍ਰਹਿਸਤ, ਵਾਨਪ੍ਰਸਤ, ਸੰਨਿਆਸ
5 ਪਿਆਰੇ : ਦਇਆ ਸਿੰਘ, ਧਰਮ ਸਿੰਘ, ਹਿੰਮਤ ਸਿੰਘ, ਮੋਹਕਮ ਸਿੰਘ, ਸਾਹਿਬ ਸਿੰਘ।
5 ਤੱਤ : ਹਵਾ, ਪਾਣੀ, ਮਿੱਟੀ, ਅਗਨੀ, ਆਕਾਸ਼ (ਮੁਸਲਮਾਨ ਇਸਨੂੰ ਨਹੀਂ ਮੰਨਦੇ)
5 ਗੁਣ : ਸਤ (Truth), ਸੰਤੋਖ Contentment, ਦਇਆ (pity/ mercy), ਧਰਮ (religion), ਧੀਰਜ (patience)
5 ਵਿਕਾਰ: ਕਾਮ (Sexual Desire), ਕਰੋਧ (Anger), ਲੋਭ (Greed), ਮੋਹ (Emotional attachment), ਹੰਕਾਰ (Proud/ego)
5 ਸਾਜ : ਘੜਾ (ਮਿੱਟੀ ਤੋਂ ਬਣੇ), ਤਾਰ (ਤਾਰਾਂ ਵਾਲੇ), ਧਾਤ, ਚਮੜਾ ਅਤੇ ਫੂਕ ਨਾਲ ਵੱਜਣ ਵਾਲੇ
5 ਰੁੱਖ : ਮੰਨਿਆ ਜਾਂਦਾ ਕਿ ਸਵਰਗ ਦੇ ਪੰਜ ਰੁੱਖ ਹਨ ਮੰਦਾਰ, ਪਾਰਜਾਤੁ, ਸੰਤਾਨ, ਕਲਪ-ਰੁੱਖ, ਅਤੇ ਹਰੀ (ਚੰਦਨ)
ਖਟੁ- ਛੇ , ਦਰਸਨ ਭੇਖ
6 ਭੇਖ : ਜੋਗੀ, ਸਨਿਆਸੀ, ਜੰਗਮ, ਵਾਲੇ ਬੋਧੀ, ਸਰੇਵੜੇ, ਬੈਰਾਗੀ
6 ਸ਼ਾਸ਼ਤਰ : ਸਾਂਖ, ਜੋਗ, ਨਿਆਇ, ਵੈਸ਼ੇਨਿਕ, ਮੀਮਾਂਸਾ, ਵੇਦਾਂਤ
6 ਜਤੀ : ਹਨੂੰਮਾਨ, ਭੀਸ਼ਮ ਪਿਤਾਮਾ, ਲਛਮਨ, ਭੈਰਵ, ਗੋਰਖ, ਦੱਤਾਤ੍ਰੇਯ (ਗੁਰਬਾਣੀ ਅਨੁਸਾਰ ਇਹਨਾਂ ਦੀ ਕਿਸੇ ਦੀ ਮੁਕਤੀ ਨਹੀਂ ਹੋਈ ਕਿਉਂ ਕਿ ਇਹ ਪੂਰੀ ਤਰ੍ਹਾਂ ਮਾਇਆ ਦੇ ਪ੍ਰਭਾਵ ਤੋਂ ਮੁਕਤ ਨਹੀਂ ਹੋਏ।)
ਛਿਅ ਜਤੀ ਮਾਇਆ ਕੇ ਬੰਦਾ॥
ਨਵੈ ਨਾਥ ਸੂਰਜ ਅਰੁ ਚੰਦਾ॥
ਤਪੇ ਰਖੀਸਰ ਮਾਇਆ ਮਹਿ ਸੂਤਾ॥
ਮਾਇਆ ਮਹਿ ਕਾਲ ਅਰੁ ਪੰਚ ਦੂਤਾ॥੩॥ ਅੰਗ ੧੧੬੦
6 ਚੱਕਰ : (ਜੋਗੀ ਮੰਨਦੇ ਨੇ) ਮੂਲਾਧਾਰ, ਸ੍ਵਾਧਿਸ਼ਠਾਨ, ਮਣਿਪੁਰ (ਧੁੰਨੀ ਕੋਲ), ਅਨਾਹਤ (ਹਿਰਦੇ ਵਿੱਚ), ਵਿਸ਼ੁੱਧ (ਗਲੇ ਵਿੱਚ), ਆਗਿਆ (ਮੱਥੇ ਵਿਚਕਾਰ ਅੱਖਾਂ ਵਿਚਕਾਰ)
8 ਸਿੱਧੀਆਂ ਜਾਂ ਅਸ਼ਟ ਸਿੱਧ ਲਫਜ ਆਉਂਦਾ ਗੁਰਬਾਣੀ ਵਿੱਚ : ਅਣਿਮਾ, ਮਹਿਮਾ, ਲਘਿਮਾ, ਗਰਿਮਾ, ਪ੍ਰਾਪਤੀ, ਪ੍ਰਾਕਾਮਯ, ਈਸ਼ਿਤਾ, ਵਸ਼ਿਤਾ (18 ਸਿੱਧੀਆਂ ਵਿੱਚ ਵੀ ਇਹੀ ਅੱਠ ਸਿੱਧੀਆਂ ਸ਼ਾਮਲ ਹਨ) ਇਹਨਾਂ ਦਾ ਵਿਸਥਾਰ ਕਦੇ ਫੇਰ ਦੇਵਾਂਗੇ।
9 ਨਿੱਧਾਂ : ਪਦਮ, ਮਹਾ-ਪਦਮ, ਸ਼ੰਖ, ਨੀਲ, ਕੁੰਦ, ਕਸ਼ਯਪ/ਕਛਪ, ਖਰਬ, ਮਕਰ ਅਤੇ ਮੁਕੰਦ
9 ਨਾਥ : ਆਦਿ ਨਾਥ, ਮਛੇਂਦਰ ਨਾਥ, ਉਦਯ ਨਾਯ, ਸੰਤੋਖ ਨਾਥ, ਕੰਥੜ ਨਾਥ, ਸਤਯ ਨਾਥ, ਅਚੰਭ ਨਾਥ, ਚੌਰੰਗੀ ਨਾਥ, ਗੋਰਖ ਨਾਥ
ਕਈ ਸ੍ਰੋਤਾਂ ਅਨੁਸਾਰ ਨੌ ਨਾਥ ਨੌ ਗ੍ਰਹਿਆਂ ਨੂੰ ਵੀ ਦੇਵਤੇ ਰੂਪ ਵਿੱਚ ਮੰਨਿਆ ਗਿਆ ਹੈ।
10 ਗੁਰੂ ਸਾਹਿਬਾਨ :
੧. ਗੁਰੂ ਨਾਨਕ ਦੇਵ ਜੀ,
੨. ਗੁਰੂ ਅੰਗਦ ਦੇਵ ਜੀ
੩. ਗੁਰੂ ਅਮਰਦਾਸ ਜੀ
੪. ਗੁਰੂ ਰਾਮਦਾਸ ਜੀ
੫. ਗੁਰੂ ਅਰਜਨ ਦੇਵ ਜੀ
੬. ਗੁਰੂ ਹਰਿ ਗੋਬਿੰਦ ਸਾਹਿਬ ਜੀ
੭. ਗੁਰੂ ਹਰਿ ਰਾਇ ਸਾਹਿਬ ਜੀ
੮. ਗੁਰੂ ਹਰਿਕ੍ਰਿਸ਼ਨ ਸਾਹਿਬ ਜੀ
੯. ਗੁਰੂ ਤੇਗ ਬਹਾਦਰ ਸਾਹਿਬ ਜੀ
੧੦. ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
10 ਸੰਨਿਆਸੀ ਫਿਰਕੇ: ਤੀਰਥ, ਆਸ੍ਰਮ, ਬਨ, ਆਰੰਨਯ, ਗਿਰਿ, ਪਰਬਤ, ਸਾਗਰ, ਸਰਸ੍ਵਤ, ਭਾਰਤੀ, ਪੁਰੀ।
10 ਦਿਸ਼ਾ: ਪੂਰਬ, ਪੱਛਮ, ਉੱਤਰ, ਦੱਖਣ, ਪੂਰਬ-ਉੱਤਰ, ਉੱਤਰ-ਪੱਛਮ, ਪੱਛਮ-ਦੱਖਣ, ਦੱਖਣ-ਪੂਰਬ, ਹੇਠਾਂ ਅਤੇ ਉੱਪਰ
12 ਪੰਥ ਜੋਗੀਆਂ ਦੇ : ਰਾਵਲੁ, ਹੇਤੁ, ਪਾਵ, ਆਈ, ਗਮਯ, ਪਾਗਲ, ਗੋਪਾਲ, ਕੰਥੜੀ, ਬਨ, ਧ੍ਵਜ, ਚੋਲੀ, ਦਾਸ ਪੰਥ।
15 : 15 ਥਿਤਾ
ਵਿਸੁਏ ਚਸਿਆ ਘੜੀਆ ਪਹਰਾ ਥਿਤੀ ਵਾਰੀ ਮਾਹੁ ਹੋਆ॥ ਅੰਗ ੧੨
ਵਿਸੁਏ- ਵਿਸਾ (15 ਅੱਖ ਦੇ ਫੋਰ ਦਾ ਇੱਕ ਵਿਸਾ)
ਚਸਿਆ- ਚਸਾ (15 ਵਿਸਾ ਦਾ 1 ਚਸਾ 30 ਚਸਿਆ ਦਾ 1ਪਲ)
ਘੜੀਆ (60 ਪਲਾਂ ਦੀ ਇੱਕ ਘੜੀ)
ਪਹਰਾ- ਪਹਿਰ (ਸਾਢੇ 7 ਘੜੀਆਂ 1 ਪਹਿਰ)
8 ਪਹਿਰ - ਦਿਨ ਤੇ ਰਾਤ
ਥਿਤੀ- ਥਿੱਤ (15 ਥਿੱਤਾਂ)
ਵਾਰੀ- ਵਾਰ (ਦਿਨ) ਇੱਕ ਹਫਤੇ ਵਿੱਚ 7
18 ਸਿੱਧੀਆਂ: ਅਣਿਮਾ, ਮਹਿਮਾ, ਗਰਿਮਾ, ਲਘਿਮਾ, ਪ੍ਰਾਪਤੀ, ਪ੍ਰਾਕਾਮਯ, ਵਸ਼ੀਕਰਨ(ਵਸ਼ਿਤਾ), ਈਸ਼ਿਤਾ, ਅਨੁਰੂਪੀ, ਦਰਸ਼ਨ, ਕਾਮ ਰੂਪੀ, ਦੂਰ ਸ੍ਰਵਣ, ਪਰ ਕਾਯਾ ਪ੍ਰਵੇਸ਼, ਸਵੈਸ਼ੰਤ ਮ੍ਰਿਤੂ, ਸੁਰ ਕ੍ਰੀੜਾ, ਸੰਕਲਪ, ਅਪਰਹਦਗਤ ਅਤੇ ਮਨੋਵੇਗ।
18 ਪੁਰਾਣ:
ਅਗਨੀ ਪੁਰਾਣ, ਭਗਵਤ ਪੁਰਾਣ, ਬ੍ਰਹਮਾ ਪੁਰਾਣ, ਬ੍ਰਹਿਮੰਦ ਪੁਰਾਣ, ਬ੍ਰਹਮਾ ਵੇਵਰਤਾ ਪੁਰਾਣ, ਗਰੁੜ ਪੁਰਾਣ, ਕੂਰਮ ਪੁਰਾਣ, ਲਿੰਗ ਪੁਰਾਣ, ਮਾਰਕੰਡਾ ਪੁਰਾਣ, ਮਤੱਸਿਆ ਪੁਰਾਣ, ਨਾਰਾਇਣ ਪੁਰਾਣ, ਪਦਮ ਪੁਰਾਣ, ਸ਼ਿਵ ਪੁਰਾਣ, ਸਿਕੰਦ ਪੁਰਾਣ, ਵਾਮਨ ਪੁਰਾਣ, ਵਰਾਹ ਪੁਰਾਣ, ਵਿਸ਼ਨੂ ਪੁਰਾਣ, ਭਵਿਸ਼ਯ ਪੁਰਾਣ।
27 ਸਿਮਰਿਤੀਆਂ
ਅਤਰੀ, ਵਿਸ਼ਨੂੰ, ਹਰਿਤਾ, ਔਸਨਾਸੀ, ਅੰਗੀਰਾਸਾ, ਯਾਮ, ਅਪਸ਼ਤੰਬਾ, ਸਾਮਵਰੱਤ, ਕੱਤਿਆਯਨ, ਬਰਿਹਸਪਤ, ਪਰਾਸ਼ਰ, ਵਿਆਸ, ਸ਼ੰਖ, ਲਿਖਿਤ, ਦਕਸ਼, ਗੌਤਮ, ਸਤਾਤਪ, ਵਸ਼ਿਸ਼ਟ (ਇਹਨਾਂ ਨੂੰ ਪੜ੍ਹਨ ਵੇਲੇ ਇਹਨਾਂ ਦੇ ਨਾਮ ਪਿੱਛੇ ਕੰਨਾ ਲਾ ਕੇ ਵੀ ਪੜ੍ਹਿਆ ਜਾਂਦਾ ਅਤੇ ਕੁਝ ਲੋਕ ਸਿਰਫ 18 ਸਿਮਰਤੀਆਂ ਮੰਨਦੇ ਨੇ ਉਹਨਾਂ ਵਿੱਚ)
ਮਨੂੰ ਸਿਮਰਤੀ, ਯਜਵਾਲਕਿਆ ਸਮਰਿਤੀ (ਨਹੀਂ ਆਉਂਦੀਆਂ) ਇਹਨਾਂ ਦੇ ਲੇਖਕਾਂ ਬਾਰੇ ਵੀ ਕੋਈ ਸਪੱਸ਼ਟ ਜਾਣਕਾਰੀ ਮੌਜੂਦ ਨਹੀਂ।
ਇਹਨਾਂ ਤੋਂ ਇਲਾਵਾ ਕਸ਼ਯਪ, ਪਰਾਚੇਤਸ, ਭਰਗ, ਨਾਰਦਾ ਨਾਮ ਵੀ ਸ਼ਾਮਲ ਨੇ।
36 : ਗੁਰਬਾਣੀ ਵਿੱਚ ਜਿੱਥੇ ਵੀ 36 ਦਾ ਅੰਕ ਆਉਂਦਾ ਉਸਦਾ ਮਤਲਵ ਅਣਗਿਣਤ ਹੈ।
52: 52 ਉਪਨਿਸ਼ਦ ਮੰਨੇ ਜਾਂਦੇ ਨੇ ਪਰ ਕੁਝ 108 ਕਹਿੰਦੇ ਨੇ ਕੁਝ 95 ਤੇ ਕੁਝ ਸ੍ਰੋਤ ਇਹਨਾਂ ਦੀ ਗਿਣਤੀ 200 ਦੱਸਦੇ ਹਨ। ਇਹਨਾਂ ਦੇ ਲੇਖਕਾਂ ਬਾਰੇ ਵੀ ਇਤਿਹਾਸਕ ਤੌਰ ਤੇ ਕੁਝ ਨਹੀਂ ਕਿਹਾ ਜਾ ਸਕਦਾ। ਇਹਨਾ ਦੇ ਨਾਵਾਂ ਵਿੱਚ ਐਤਰਿਆ, ਤੈਤਰਿਆ, ਮੈਤਰਿਆਨੀ, ਚੰਦੋਗਿਆ, ਮੰਦਾਕਾ, ਪ੍ਰਾਸ਼ਨਾ ਆਦਿ ਸ਼ਾਮਿਲ ਹਨ
68: 68 ਤੀਰਥ ਹਿੰਦੂ ਧਰਮ ਵਿੱਚ ਮੰਨੇ ਗਏ ਨੇ।
ਸਚੈ ਮਾਰਗਿ ਚਲਦਿਆ ਉਸਤਤਿ ਕਰੇ ਜਹਾਨੁ॥
ਅਠਸਠਿ ਤੀਰਥ ਸਗਲ ਪੁੰਨ ਜੀਅ ਦਇਆ ਪਰਵਾਨੁ॥ ਅੰਗ ੧੩੩
ਸੱਚੀ ਸੁੱਚੀ ਕਿਰਤ ਕਰਦਿਆਂ ਸੱਚ ਦਾ ਪੱਲਾ ਫੜਿਆਂ ਗੁਰਮਤਿ ਮਾਰਗ ਤੇ ਚਲਦੇ ਸੱਚੇ ਬੰਦੇ ਦੀ ਜਹਾਨ ਉਸਤਤੀ ਕਰਦਾ ਹੈ ਅਤੇ ਦੂਜੇ ਜੀਆਂ ਉੱਪਰ ਦਇਆ ਕਰਕੇ ਕੀਤੇ ਪੁੰਨ ਦਾਨ ਨਾਲ 68 ਤੀਰਥਾਂ ਦਾ ਫਲ੍ਹ ਉਸ ਸੇਵਾ ਦੇ ਬਰਾਬਰ ਪਰਵਾਨ ਹੈ।
84: 84 ਲੱਖ ਜੂਨ ਇਸ ਦੀ ਪ੍ਰੋੜਤਾ ਗੁਰਬਾਣੀ ਵੀ ਕਰਦੀ ਹੈ ਕਿ 42 ਲੱਖ ਜੀਵ ਪਾਣੀ ਵਿੱਚ ਨੇ ਤੇ 42 ਧਰਤੀ ਉੱਪਰ।
ਕਈ ਜਨਮ ਸਾਖ ਕਰਿ ਉਪਾਇਆ॥
ਲਖ ਚਉਰਾਸੀਹ ਜੋਨਿ ਭ੍ਰਮਾਇਆ॥੨॥ ਅੰਗ ੧੭੬॥
ਬਇਆਲੀਸ ਲਖ ਜੀ ਜਲ ਮਹਿ ਹੋਤੇ ਬੀਠਲੁ ਭੈਲਾ ਕਾਇ ਕਰਉ॥੧॥ ਅੰਗ ੪੮੬ ਭਗਤ ਨਾਮਦੇਵ ਜੀ
108 ਜੋ ਅਸੀਂ ਸ਼੍ਰੀ ਸ਼੍ਰੀ 108 ਪੜ੍ਹਦੇ ਹਾਂ ਉਹਦਾ ਮਤਲਵ ਹੁੰਦਾ ਇਹਨਾਂ 108 ਗ੍ਰੰਥਾਂ ਨੂੰ ਪੜ੍ਹਨ ਵਾਲਾ ਜਿਵੇਂ ਮੁਸਲਿਮ ਧਰਮ ਵਿੱਚ ਕੁਰਾਨ ਨੂੰ ਯਾਦ ਕਰਨ ਵਾਲੇ ਨੂੰ ਹਾਫਿਜ਼ ਦਾ ਟਾਈਟਲ ਦਿੱਤਾ ਜਾਂਦਾ। ਇਹਨਾਂ 108 ਗ੍ਰੰਥਾਂ ਵਿੱਚ 4 ਵੇਦ, 6 ਸ਼ਾਸ਼ਤਰ,18 ਪੁਰਾਣ, 27 ਸਿਮਰਿਤੀਆਂ, 52 ਉਪਨਿਸ਼ਦ ਅਤੇ 1 ਗਾਇਤਰੀ ਮੰਤਰ)
ਨੂੰ ਮਿਲਾਆ ਕੇ ਬਣਦਾ। ਇਸ ਤੋਂ ਇਲਾਵਾ ਹਿੰਦੂ ਧਰਮ ਵਿੱਚ ਮਾਲਾ 108 ਮਣਕਿਆਂ ਦੀ ਬਣਾਈ ਜਾਂਦੀ ਹੈ ਹਿੰਦੂ ਧਰਮ ਵਿੱਚ ਮੰਨਿਆ ਜਾਂਦਾ ਕਿ ਸਾਡੇ ਸਰੀਰ ਵਿੱਚ108 ਚੱਕਰ ਕਿਰਿਆ ਸ਼ੀਲ ਰਹਿੰਦੇ ਨੇ ਤੇ ਧਰਤੀ ਦੀ ਸੂਰਜ ਅਤੇ ਚੰਦਰਮਾ ਤੋਂ ਦੂਰੀ ਦੀ ਰੇਸ਼ੋ ਵੀ 108 ਬਣਦੀ ਹੈ ਕਿੰਨਾ ਸੱਚ ਹੈ ਕਹਿ ਨਹੀਂ ਸਕਦਾ ਸਾਇੰਸ ਵਿੱਚ ਮੈਂ ਬਹੁਤੀ ਦਿਲਚਸਪੀ ਨਹੀਂ ਰੱਖਦਾ ਪੜ੍ਹੀ ਬਹੁਤ ਹੈ ਸਾਇੰਸ ਆਪਣੇ ਪੁਰਾਣੇ ਨਿਯਮ ਢਾਹ ਕੇ ਨਵੇਂ ਬਣਾਉਂਦੀ ਰਹਿੰਦੀ ਹੈ ਪਰ ਅਖੀਰੀ ਸੱਚ ਪਰਮਾਤਮਾ ਹੈ ਉਹ ਅਟੱਲ ਹੈ ਬਦਲਿਆ ਨਹੀਂ ਜਾ ਸਕੇਗਾ।
ਗੁਰਬਾਣੀ ਇਹਨਾਂ ਗਿਣਤੀਆਂ ਮਿਣਤੀਆਂ ਦਾ ਬਿਓਰਾ ਇਸ ਕਰਕੇ ਦਿੰਦੀ ਹੈ ਕਿ ਬਹੁਤ ਧਾਰਮਿਕ ਲੋਕ ਆਮ ਲੋਕਾਂ ਨੂੰ ਉਲਝਾ ਲੈਂਦੇ ਨੇ ਪਰ ਗੁਰਬਾਣੀ ਸਾਨੂੰ ਕੇਵਲ ਇਸ਼ਾਰਾ ਮਾਤਰ ਦਿੰਦੀ ਹੈ ਕਿ
ਤ੍ਰਿਹੁ ਗੁਣਾ ਵਿਚਿ ਸਹਜੁ ਨ ਪਾਈਐ ਤ੍ਰੈ ਭਰਮਿ ਭੁਲਾਇ॥
ਪੜੀਐ ਗੁਣੀਐ ਕਿਆ ਕਥੀਐ ਜਾ ਮੁੰਢਹੁ ਘੁਥਾ ਜਾਇ॥
ਚਉਥੈ ਪਦ ਮਹਿ ਸਹਜੁ ਹੈ ਗੁਰਮੁਖਿ ਪਲੈ ਪਾਇ॥ ਅੰਗ ੬੮
ਹੋਰ ਵੀ ਗੁਰਬਾਣੀ ਦੀਆਂ ਅਨੇਕਾਂ ਉਦਾਹਰਣ ਦਿੱਤੀਆਂ ਜਾ ਸਕਦੀਆਂ ਨੇ, ਗੁਰਬਾਣੀ ਸਾਰੇ ਧਰਮਾਂ ਲਈ ਸਾਂਝੀ ਹੈ ਕੋਈ ਵੀ ਪੜ੍ਹ ਕੇ ਆਪਣੇ ਧਰਮ ਵਿੱਚ ਦ੍ਰਿੜ ਹੋ ਸਕਦਾ ਬਸ਼ਰਤੇ ਕਰਮ ਕਾਂਡ ਗਿਣਤੀਆਂ ਮਿਣਤੀਆਂ ਛੱਡਣੀਆਂ ਪੈਣਗੀਆਂ ਕਿਉਂ ਕਿ ਗੁਰਬਾਣੀ ਕਿਸੇ ਵੀ ਕਿਸਮ ਦੀ ਗਿਣਤੀ ਮਿਣਤੀ ਵਿੱਚ ਪੈਣ ਤੇ ਜੋਰ ਨਹੀਂ ਦਿੰਦੀ ਆਪਣਾ ਕਰਮ ਸੱਚਾ ਤੇ ਨਾਮ ਜਪਣ ਦੀ ਪ੍ਰੇਰਣਾ ਹਰ ਪੰਕਤੀ ਵਿੱਚ ਦਿੰਦੀ ਹੈ ਉਹ ਚਾਹੇ ਹਰਿ ਹਰਿ ਜਪੋ ਜਾਂ ਵਾਹਿਗੁਰੂ ਜਾਂ ਅੱਲ੍ਹਾ ਤੇ ਜਾਂ ਰਾਮ।
ਭੁੱਲ ਚੁੱਕ ਦੀ ਖਿਮਾਂ ਸਹਿਤ
ਰਾਜਪਾਲ ਸਿੰਘ ਘੱਲ ਕਲਾਂ