ਸ਼ਹੀਦ ਭਾਈ ਬਲਵਿੰਦਰ ਸਿੰਘ ਜਟਾਣਾ ਦਾ ਸਾਥੀ ਤੇ ਮਿੱਤਰ ਸ਼ਹੀਦ ਭਾਈ ਚਰਨਜੀਤ ਸਿੰਘ ਚੰਨਾ
ਭਾਈ ਚਰਨਜੀਤ ਸਿੰਘ ਚੰਨਾ ਦਾ ਜਨਮ ਮਿਤੀ ੫ ਜਨਵਰੀ ੧੯੬੪ ਨੂੰ ਮਾਤਾ ਹਰਬੰਸ ਕੌਰ ਦੀ ਕੁੱਖੋਂ ਪਿਤਾ ਸ੍ਰੀ ਰਾਮ ਕਿਸ਼ਨ ਦੇ ਗ੍ਰਹਿ ਵਿਖੇ ਹੋਇਆ। ਆਪ ਅੱਠ ਭੈਣ ਭਰਾ ਸਨ।
ਬਲਵਿੰਦਰ ਸਿੰਘ ਜਟਾਣਾ ਦਾ ਜਨਮ ਪਿਤਾ ਸੋਹਣ ਅਤੇ ਮਾਤਾ ਨਸੀਬ ਕੌਰ ਦੇ ਘਰ (ਨਾਨਕੇ ਪਿੰਡ ਸਲੇਮਪੁਰ) ਵਿੱਚ 10 ਜੁਲਾਈ 1963 ਨੂੰ ਹੋਇਆ। ਬਚਪਨ ਦੀ ਪੜਾਈ ਤੋਂ ਬਾਅਦ ਰੋਪੜ ਕਾਲਜ ਤੋਂ ਐਮ ਏ ਕੀਤੀ। 1984 ਵਿਖੇ ਭਾਰਤ ਸਰਕਾਰ ਵੱਲੋਂ ਕੀਤੇ ਘੱਲੂਘਾਰੇ ਤੋਂ ਸਿੱਖ ਸੰਘਰਸ਼ ਦੇ ਹਥਿਆਰਬੰਦ ਸੰਘਰਸ਼ ਵਿੱਚ ਕੁੱਦ ਗਏ।
ਦਸਵੀਂ ਪਾਸ ਕਰਨ ਪਿੱਛੋਂ ਚਰਨਜੀਤ ਸਿੰਘ ਨੇ ਇਲੈਕਟਰੀਕਲ ਦਾ ਕੰਮ ਸਿੱਖਿਆ। ਇਸ ਪਿੱਛੋਂ ਤਿੰਨ ਸਾਲ ਇਲੈਕਟ੍ਰੀਸ਼ਨ ਦਾ ਕੰਮ ਕੀਤਾ ਤੇ ਫਿਰ ਡੀ.ਸੀ.ਐਮ.ਇੰਜੀਨੀਅਰੀ ਪ੍ਰਾਜੈਕਟ ਵਿੱਚ ਕੰਮ ਕਰਨਾ ਅਰੰਭ ਕਰ ਦਿੱਤਾ। ਉਸ ਦੇ ਇੱਥੇ ਕੰਮ ਕਰਦਿਆਂ ਹੀ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਹੋਇਆ। ਅੰਮ੍ਰਿਤਪਾਨ ਤਾਂ ਚੰਨੇ ਨੇ ਦਸਵੀਂ ਪਾਸ ਕਰਨ ਪਿੱਯੋਂ ਹੀ ਕਰ ਲਿਆ ਸੀ। ਕੌਮ ਤੇ ਹੋਏ ਹਮਲੇ ਦਾ ਅਸਰ ਮਾਨਸਿਕਤਾ ਤੇ ਹੋਯਾ ਸੁਭਾਵਿਕ ਸੀ।
ਸੰਨ ੧੯੮੪ ਦੇ ਅਖੀਰ ਵਿੱਚ ਰਾਤ ੯ ਵਜੇ ਰੋਪੜ ਦੀ ਪੁਲੀਸ ਨੇ ਘਰ ਤੇ ਛਾਪਾ ਮਾਰਿਆ ਤੇ ਚੰਨੇ ਨੂੰ ਗ੍ਰਿਫ਼ਤਾਰ ਕਰ ਲਿਆ।ਚੰਨੇ ਤੇ ਸਰਕਾਰੀ ਸਕੂਲ ਟੱਪਰੀਆਂ ਦਾ ਰਿਕਾਰਡ ਫੂਕਣ ਦਾ ਦੋਸ਼ ਲਾ ਕੇ ਜੇਲ੍ਹ ਭੇਜ ਦਿੱਤਾ। ਕਈ ਹੋਰ ਕੇਸ ਵੀ ਪਾ ਦਿੱਤੇ ਗਏ।ਸੰਨ ੧੯੮੬ ਵਿੱਚ ਪੰਜਾਬ ਅੰਦਰ ਅਕਾਲੀ ਸਰਕਾਰ ਸਮੇਂ ਜਸਟਿਸ ਅਜੀਤ ਸਿੰਘ ਬੈਂਸ ਦੀ ਪ੍ਰਧਾਨਗੀ ਹੇਠ ਕਾਇਮ ਹੋਈ ਪੜਤਾਲੀਆ ਕਮੇਟੀ ਦੀ ਸਿਫ਼ਾਰਸ਼ ਕਾਰਨ ਆਪ ਤੇ ਦਰਜ ਕੇਸ ਵਾਪਸ ਹੋ ਗਏ ਤੇ ਆਪ ਰਿਹਾਅ ਹੋ ਕੇ ਘਰ ਆ ਗਏ।
ਜੇਲ੍ਹ ਤੋਂ ਬਾਹਰ ਆ ਕੇ ਭਾਈ ਚਰਨਜੀਤ ਸਿੰਘ ਚੰਨਾ ਨੇ ਮੋਰਿੰਡੇ ਦੀ ਇੱਕ ਸ਼ੂਗਰ ਮਿੱਲ ਵਿੱਚ ਨੌਕਰੀ ਕਰਨੀ ਅਰੰਭ ਕਰ ਦਿੱਤੀ, ਪਰ ਪੁਲੀਸ ਨੇ ਆਪ ਦਾ ਪਿੱਛਾ ਨਾ ਛੱਡਿਆ। ਇਲਾਕੇ ਚ ਕੋਈ ਵੀ ਵਾਰਦਾਤ ਹੁੰਦੀ ਤਾਂ ਪੁਲੀਸ ਆਪ ਨੂੰ ਫੜ ਕੇ ਲੈ ਜਾਂਦੀ। 'ਕੰਸ' ਨਾਂ ਨਾਲ ਮਸ਼ਹੂਰ ਇੱਕ ਥਾਣੇਦਾਰ ਨੇ ਤਾਂ ਅੱਤ ਹੀ ਚੁੱਕ ਲਈ।ਉਹ ਜਦੋਂ ਵੀ ਜੀਅ ਕਰਦਾ ,ਆਪ ਨੂੰ ਫੜ ਕੇ ਥਾਣੇ ਲੈ ਜਾਂਦਾ ਤੇ ਸ਼ਰਾਬ ਪੀ ਕੇ ਟਾਰਚਰ ਕਰਦਾ।ਇੱਕ ਦਿਨ ਜਦੋਂ ਥਾਣੇਦਾਰ 'ਕੰਸ' ਚੰਨੇ ਨੂੰ ਫੜਨ ਆਇਆ ਤੇ ਚੰਨਾ ਘਰੋਂ ਨਿਕਲ ਗਿਆ।ਹੁਣ ਉਸ ਨੇ ਪੱਕਾ ਫ਼ੈਸਲਾ ਕਰ ਲਿਆ ਕਿ ਉਹ ਜਿਊਂਦੇ ਜੀਅ ਪੁਲੀਸ ਦੇ ਹੱਥ ਨਹੀਂ ਆਏਗਾ।
ਪੰਜਾਬ ਦਾ ਪਾਣੀ ਧੱਕੇ ਨਾਲ ਹੀ ਖੋਹਣ ਲਈ ਪੁੱਟੀ ਜਾ ਰਹੀ ਸਤਲੁਜ-ਜਮਨਾ ਲਿੰਕ ਨਹਿਰ ਦਾ ਕੰਮ ਵੇਖ ਰਹੇ ਇੰਜੀਨੀਅਰਾਂ ਦਾ ਚੰਡੀਗੜ੍ਹ ਵਿਖੇ ਕਤਲ ਸੀ, ਜਿਸ ਪਿੱਛੋਂ ਨਹਿਰ ਦੀ ਪੁਟਾਈ ਦਾ ਕੰਮ ਓਥੇ ਹੀ ਰੁਕ ਗਿਆ। ਇਹ ਵਾਰਦਾਤ ਭਾਈ ਚੰਨੇ ਤੇ ਭਾਈ ਬਲਵਿੰਦਰ ਸਿੰਘ ਜਟਾਣੇ ਵੱਲੋਂ ਮਿਲ ਕੇ ਕੀਤੀ ਦੱਸੀ ਜਾਂਦੀ ਹੈ। ਸੰਘਰਸ਼ ਦੇ ਇੱਕ ਨਵੇਂ ਪੈਂਤੜੇ ਦੇ ਤਹਿਤ ਸੰਨ ੧੯੯੦ ਵਿੱਚ ਭਾਈ ਚਰਨਜੀਤ ਸਿੰਘ ਚੰਨਾ ਕਿਸੇ ਹੋਰ ਨਾਂ ਤੇ ਪਾਸਪੋਰਟ ਬਣਾ ਕੇ ਯੂ.ਐਸ.ਏ.ਚਲੇ ਗਏ। ਕਿਹਾ ਜਾਂਦਾ ਹੈ ਕਿ ਭਾਈ ਜਟਾਣੇ ਦੇ ਇੱਕਲੇ ਰਹਿ ਜਾਣ ਕਾਰਨ ਦਲਜੀਤ ਸਿੰਘ ਦੱਲੀ ਗਰੁੱਪ ਨੇ ਗ਼ਲਤ ਹਰਕਤਾਂ ਤੇਜ਼ ਕਰ ਦਿੱਤੀਆਂ, ਜਿਸ ਬਾਰੇ ਭਾਈ ਜਟਾਣੇ ਨਾਲ ਗੱਲ ਹੋਣ ਪਿੱਛੋਂ ਭਾਈ ਚੰਨਾ ਜੁਲਾਈ ੧੯੯੧ ਵਿੱਚ ਪੰਜਾਬ ਵਾਪਸ ਪਰਤ ਆਏ।
ਇਹਨਾਂ ਹੀ ਦਿਨਾਂ ਵਿੱਚ ਚੰਡੀਗੜ੍ਹ ਦੇ ਬਦਨਾਮ ਐਸ.ਐਸ.ਪੀ.ਸੁਮੇਧ ਸੈਣੀ ਦੀ ਕਾਰ ਬੰਬ ਧਮਾਕੇ ਵਿੱਚ ਉਡੀ,ਜਿਸ ਵਿੱਚ ਭਾਈ ਬਲਵਿੰਦਰ ਸਿੰਘ ਜਟਾਣੇ ਦਾ ਨਾਂ ਲਿਆ ਗਿਆ ਅਤੇ ਹਿੰਦੁਸਤਾਨੀ ਹਕੂਮਤ ਨੇ ਨਿਹੰਗ ਬਾਣੇ ਹੇਠ ਲੁਕੇ ਕੈਟ ਪੂਹਲੇ ਬਦਮਾਸ਼ ਦੀ ਵਰਤੋਂ ਕਰ ਕੇ ਮਿਤੀ ੨੯-੩੦ ਅਗਸਤ ੧੯੯੧ ਦੀ ਰਾਤ ਨੂੰ ਜਟਾਣੇ ਦਾ ਪਰਿਵਾਰ ਮਾਰ ਦਿੱਤਾ।
ਭਾਈ ਜਟਾਣਾ ਹਿੰਦੁਸਤਾਨੀ ਹਕੂਮਤ ਦੇ ਇਸ ਕਮੀਨੇ ਵਾਰ ਨੂੰ ਹੱਸ ਕੇ ਸਹਾਰ ਗਿਆ। ਇਸ ਤੋਂ ਚਾਰ ਕੁ ਦਿਨ ਬਾਅਦ ਪਟਿਆਲੇ ਜ਼ਿਲ੍ਹੇ ਬੱਬਰਾਂ ਦੀ ਪ੍ਰਮੁੱਖ ਮੀਟਿੰਗ ਚੋਂ ਵਾਪਸ ਪਰਤੇ ਇੱਕ ਮੁਖ਼ਬਰੀ ਦੇ ਤਹਿਤ ਘੇਰੇ ਵਿੱਚ ਆ ਗਏ. ੪ ਸਤੰਬਰ ੧੯੯੧ ਨੂੰ ਇਕ ਹੋਰ ਭਾਣਾ ਵਾਪਰਿਆ ਕਿਸੇ ਮੁਖਬਰ ਦੀ ਪੱਕੀ ਸੂਹ ਤੇ ਪਟਿਆਲਾ ਜ਼ਿਲ੍ਹੇ ਦੇ ਪਿੰਡ ਸਾਧੂਗਡ਼੍ਹ ਕੋਲ ਪੁਲਿਸ ਪਾਰਟੀ ਨਾਕਾ ਲਾਈ ਬੈਠੀ ਸੀ।ਬਾਅਦ ਦੁਪਹਿਰ ੨-੩੦ ਵਜੇ ਦੇ ਕਰੀਬ ਚਿੱਟੀ ਜਿਪਸੀ ਸੀ.ਐੱਚ.-੦੧ ੮੨੦੬ ਅੰਬਾਲਾ ਵੱਲੋਂ ਆਈ ਪੁਲਿਸ ਨੇ ਜਿਪਸੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਜਿਪਸੀ ਚਲਾ ਰਹੇ ਭਾਈ ਬਲਵਿੰਦਰ ਸਿੰਘ ਜਟਾਣਾ ਨੇ ਰੁਕਣ ਦੀ ਥਾਂ ਜਿਪਸੀ ਇਕ ਦਮ ਘੁਮਾ ਕੇ ਸੈਦਪੁਰ ਵੱਲ ਭਜਾਉਣੀ ਚਾਹੀ ਜਿਪਸੀ ਉਲਟ ਗਈ ਤੇ ਬਲਵਿੰਦਰ ਸਿੰਘ ਆਪਣੇ ਸਾਥੀ ਚਰਨਜੀਤ ਸਿੰਘ ਝੱਲੀਆ ਖੁਰਦ ਸਮੇਤ ਝੋਨੇ ਦੇ ਖੇਤਾਂ ਵੱਲ ਦੌਡ਼ ਪਿਆ ਪੁਲਿਸ ਨੇ ਅੰਨ੍ਹੇਵਾਹ ਫ਼ਾਇਰਿੰਗ ਕੀਤੀ।
ਦੋਨਾਂ ਸੂਰਮਿਆਂ ਕੋਲ ਬਹੁਤ ਥੋੜਾ ਅਸਲਾ ਸੀ ਜੋ ਛੇਤੀ ਹੀ ਖਤਮ ਹੋ ਗਿਆ ਪੁਲਿਸ ਨੇ ਦੋਨਾਂ ਨੂੰ ਸ਼ਹੀਦ ਕਰ ਦਿੱਤਾ।
ਭਾਈ ਬਲਵਿੰਦਰ ਸਿੰਘ ਜਟਾਣਾ ,ਚਰਨਜੀਤ ਸਿੰਘ ਝੱਲੀਆ ਖੁਰਦ , ਦੀ ਸ਼ਹੀਦੀ ਦੀ ਖਬਰ ਜਿਉਂ ਹੀ ਇਲਾਕੇ ਵਿਚ ਫੈਲੀ,ਆਪ-ਮੁਹਾਰੇ ਲੋਕ ਇੱਕਠੇ ਹੋ ਗਏ। ਪਿੰਡ ਵਿਚ ਹਜ਼ਾਰਾਂ ਲੋਕਾਂ ਦੀ ਹਾਜ਼ਰੀ ਵਿਚ ਸਸਕਾਰ ਕਰ ਦਿੱਤਾ।
ਰਾਜਪਾਲ ਸਿੰਘ ਘੱਲ ਕਲਾਂ