#ਟਰੈਕਟਰ #ਖੇਤ ਤੇ #ਕਿਸਾਨੀ
ਅੱਜ ਤੋਂ 30 ਕੁ ਸਾਲ ਪਹਿਲਾਂ ਦੇ ਸਮੇਂ ਦੀ ਕਿਸਾਨੀ ਅੱਜ ਦੇ ਕਿਸਾਨੀ ਜੀਵਨ ਨਾਲੋਂ ਬਹੁਤ ਵਿਲੱਖਣ ਤੇ ਮੋਹ ਮੁਹੱਬਤ ਭਰੀ ਸੀ ਟਰੈਕਟਰ ਦੀ ਹਾਲਤ ਭਾਵੇਂ ਮਾੜੀ ਸੀ ਪਰ ਕਿਸਾਨੀ ਦੇ ਹਾਲਾਤ ਬਹੁਤ ਚੰਗੇ ਸੀ।
ਕਈ ਖੇਤ ਤਾਂ ਮਸ਼ਹੂਰ ਹੀ ਹੁੰਦੇ ਸੀ ਛੋਟੇ ਹੁੰਦੇ ਸੁਣਦੇ ਹੁੰਦੇ ਸੀ ਬਈ ਫਲਾਣੇ ਦੀ ਮੋਟਰ ਤੇ ਇਹਨਾਂ ਮਸ਼ਹੂਰ ਮੋਟਰਾਂ ਤੇ ਦਰੱਖਤਾਂ ਦੀ ਵੀ ਭਰਮਾਰ ਹੁੰਦੀ ਸੀ, ਮੈਂ ਤਾਂ ਕਿਸੇ ਸਿਆਣੇ ਬੰਦੇ ਤੋਂ ਇਹ ਵੀ ਸੁਣਿਆ ਵੀ ਖੇਤ ਤੋਂ ਰਿਜਕ ਆਉਂਦਾ ਕਰਕੇ ਦਿਨ ਤਿਉਹਾਰ ਤੇ ਪਿੜ ਵਾਲੀ ਥਾਂ ਚਾਰ ਇੱਟਾਂ ਲਾ ਕੇ #ਦੀਵਾ ਜਗਾਇਆ ਜਾਂਦਾ ਸੀ ਸੂਝਵਾਨ ਬੰਦਿਆਂ ਵੱਲੋਂ ਵੀ ਭਾਈ ਲਾਲੇ ਵੀ ਆਪਣੀ ਦੁਕਾਨ ਨੂੰ ਪੂਜਦੇ ਨੇ ਉਹੀ ਸ਼ਾਇਦ ਹੌਲੀ ਹੌਲੀ ਮਟੀਆਂ ਬਣ ਗਈਆਂ ਤੇ ਨਾਮ ਨਾਲ ਜੁੜ ਗਏ ਤੇ ਸਮਾਂ ਪੈ ਕੇ ਅੰਧ ਵਿਸ਼ਵਾਸ ਹੋ ਨਿਬੜਿਆ।
ਸਾਡਾ ਖੇਤ ਵੀ ਕਈਆਂ ਨੂੰ ਯਾਦ ਹੋਣਾ ਸੰਘਣੀ ਤੂਤਾਂ ਦੀ ਛਾਂ ਹੇਠ ਸਿਖਰ ਦੁਪਹਿਰੇ ਮੇਲਾ ਲੱਗ ਜਾਂਦਾ ਸੀ, ਮੇਰਾ ਦਾਦਾ ਵਰਿਆਮ ਸਿਓਂ, ਚਾਚਾ ਗੁਰਮੇਲ ਸਿੰਘ ਗੇਲੀ, ਤੇ ਅਮਰ ਸਿੰਘ ਭੁੱਲਰ ਅਮਰੂ, ਤੇ ਚਾਚਾ ਚੰਨਣ ਸਿਓਂ ਵੀ ਜਾਂਦਾ ਰਹਿੰਦਾ ਸੀ। ਚਾਚੇ ਚੰਨਣ ਨੂੰ ਬਰਗੇਡੀਅਰ ਕਹਿੰਦੇ ਹੁੰਦੇ ਸੀ, ਖੇਤਾਂ ਵਿੱਚ ਜੱਟਾਂ ਦੇ ਕੱਚਾ ਧੂਆਂ ਮਾਰਦੇ ਇੰਜਣ, ਸਲੰਸਰ ਤੇ ਲੱਗੀਆਂ ਚਿੜੀਆਂ ਵਾਲੇ ਟਰੈਕਟਰ ਤੇ ਵੱਡੀ ਕਾਠੀ ਵਾਲੇ ਸਾਇਕਲ। ਜਿਥੇ ਜੀਅ ਕਰਦਾ ਟਰੈਕਟਰ ਨੂੰ ਖੜ੍ਹਾ ਕਰਕੇ ਆ ਜਾਂਦੇ ਹੁੰਦੇ ਸੀ। ਸਾਡੇ ਖੇਤ ਟੋਕਾ ਵੀ ਲੱਗਾ ਹੁੰਦਾ ਸੀ ਤੇ 90-2000 ਤੱਕ ਜਵਾਨੀ ਫੁੱਟਣ ਵਾਲੇ ਸਾਡੇ ਏਰੀਏ ਦੇ ਹਰ ਗੱਭਰੂ ਨੇ ਸਾਡੇ ਖੇਤ ਦੀ ਬੇਰੀ ਦੇ ਬੇਰ ਖਾਧੇ ਹੋਣਗੇ।
ਉਸ ਸਮੇਂ ਜਿਆਦਾਤਰ ਟਰੈਕਟਰ #ਧੱਕਾ ਸਟਾਰਟ ਹੁੰਦੇ ਸੀ , ਨਿਕੰਮੀਆਂ ਬੈਟਰੀਆਂ ਨੂੰ ਡੈਨਮੋ ਬਹੁਤ ਔਖੇ ਚਾਰਜ ਕਰਦੇ ਸੀ। ਡੈਨਮੋ ਲੁਹਾ ਕੇ ਅਲ਼ਟੀਨੇਟਰ ਲੁਆਉਣਾ ਤਾਂ ਵਿਆਹ ਜਿੰਨਾ ਚਾਅ ਕਰ ਦਿੰਦਾ ਸੀ। ਜਦੋਂ ਕੋਈ ਟਰੈਕਟਰ ਸਟਾਰਟ ਕਰਨਾ ਤਾਂ ਆਂਢੀ ਗੁਆਢੀਆਂ ਦਾ ਭਾਈਚਾਰਾ ਦਿਸਦਾ ਸੀ, ਸਾਰਿਆਂ ਨੂੰ ਕੰਧਾਂ ਤੋਂ ਵਾਜਾਂ ਮਾਰਦੇ ਫਿਰਦੇ ਸੀ ਜਾਂ ਡੈਡੀ ਨੇ ਪੰਜ ਮਿੰਟ ਦਰਵਾਜ਼ੇ ਵਿੱਚ ਖੜ੍ਹ ਜਾਣਾ। ਕੁਝ ਜੱਟਾ ਨੇ ਧੱਕੇ ਤੋਂ ਖਹਿੜਾ ਛਡਾਉਣ ਲਈ ਅਗਲੇ ਬੰਨੇ ਪੁਲੀ ਲਵਾ ਲਈ ਸੀ। #ਪੁਲੀ ਮਾਰਨ ਲੱਗਿਆਂ ਕੋਡ ਵਰਡ ਹੁੰਦਾ ਸੀ ਹੇਅਅਅਅ... ਲ਼ਾ.. ਪੁਲੀ ਨੂੰ ਰੱਸਾ ਪਾ ਕੇ ਖਿੱਚੋ ਟਰੈਕਟਰ ਕੂਕਾਂ ਮਾਰਦਾ ਮਿੰਟੋ-ਮਿੰਟੀ ਸਟਾਰਟ ਹੋ ਜਾਂਦਾ। ਜਿਹੜਾ ਬੰਦਾ ਇਕੱਲਾ ਪੁਲੀ ਨਾਲ ਟਰੈਕਟਰ ਸਟਾਰਟ ਕਰ ਲੈਂਦਾ ਸੀ ਉਹਨੂੰ ਬਹੁਤ ਵਧੀਆ ਤੇ ਤਗੜਾ ਮੰਨਿਆ ਜਾਂਦਾ ਸੀ।
ਉਸ ਸਮੇਂ ਜਿਮੀਦਾਰ ਸ਼ਹਿਰ ਦੇ ਜਿਆਦਾ ਕੰਮ ਟਰੈਕਟਰਾਂ ਉਤੇ ਹੀ ਕਰਦੇ ਸੀ, ਘਰਦਾ ਜਾਂ ਵਿਆਹ ਦਾ ਰਾਸ਼ਣ ਸ਼ਹਿਰੋਂ ਟਰਾਲੀਆਂ ਉਤੇ ਵਿਆਹ ਵਾਲੇ ਟੈਂਟ ਲੱਦ ਕੇ ਪਿੰਡ ਵਿਚ ਹੀ ਪੈਲਸ ਬਣਾ ਦਿੰਦੇ, ਵਿਆਹ ਕਿਸੇ ਖੇਤਾਂ ਵਾਲੇ ਘਰ ਦੇ ਹੁੰਦਾ ਸੀ ਤਾਂ #ਮੰਜੇਬਿਸਤਰੇ ਵੀ ਪਿੰਡੋਂ ਟਰੈਕਟਰ ਟਰਾਲੀ ਤੇ ਹੀ ਇਕੱਠੇ ਕਰ ਲੈਂਦੇ ਸੀ।। ਬਹੁਤਿਆਂ ਜੱਟਾ ਕੋਲ ਬੂਟੀਆਂ ਵਾਲੇ #ਝੋਲੇ ਹੁੰਦੇ ਸੀ ਫਸਲਾਂ ਵੇਚ ਕੇ ਘਰ ਆਉਣ ਵੇਲੇ ਟਰਾਲੀ ਦੀ ਭੰਡਾਰੀ ਵਿਚੋਂ ਫਰੂਟ ਨਿਕਲਦੇ ਸੀ, ਜਿਨ੍ਹਾਂ ਸੜਕਾਂ ਉੱਤੇ ਅੱਜ ਗੱਡੀ ਲਈ ਪਾਰਕਿੰਗ ਨਹੀਂ ਲੱਭਦੀ, ਉਹਨਾਂ ਸ਼ਹਿਰ ਦੀਆਂ ਗਲੀਆਂ ਸੜਕਾਂ ਉੱਤੇ ਸ਼ੌਕੀਨ ਜਿਹਾ ਗੱਭਰੂ ਕੋਈ ਜਾਂ ਨਵਾਂ ਉਠਿਆ ਚੋਬਰ #ਰੇਸ ਵਾਲੀ ਕਿੱਲੀ ਨੱਪ ਕੇ ਟਰੈਕਟਰ ਭਜਾਈ ਫਿਰਦਾ ਸੀ। ਗੱਲੂ ਜੱਟ ਵਰਗੇ ਫੋਰਡ ਟਰੈਕਟਰ ਭਜਾ ਕੇ ਬੱਸ ਦੇ ਮੂਹਰੇ ਕੱਢ ਦਿੰਦੇ ਹੁੰਦੇ ਸੀ। ਘਰ ਦੀਆਂ ਬੀਬੀਆਂ-ਭੈਣਾਂ ਵੀ ਉਦੋਂ ਟਰੈਕਟਰ ਟਰਾਲੀਆਂ ਉਤੇ ਹੀ ਖਰੀਦੋ-ਫਰੋਖ਼ਤ ਕਰਨ ਜਾਂਦੀਆਂ ਸੀ। ਸ਼ਹਿਰ ਵਿੱਚ ਕਿਸੇ ਲਾਲੇ ਦੀ ਦੁਕਾਨ ਅੱਗੇ ਟਰੈਕਟਰ ਖੜ੍ਹਾ ਕਰ ਦੇਣਾ ਮਤਲਵ ਲਾਲੇ ਨੂੰ ਵੀ ਚਾਅ ਹੋ ਜਾਣਾ, ਉਹਨੇ ਵੀ ਕਹਿਣਾ ਗੁਰਮੇਲ ਸਿਆਂ ਟਰੈਕਟਰ ਤਾਂ ਲੈ ਕੇ ਆਇਆਂ ਵੀਹ ਪੰਝੀ ਕਿਲੋ ਕੀ ਲੈਣਾ ਗੱਟੂ ਲੈਜਾ ਪੂਰਾ, ਤੇ ਟਰੈਕਟਰ ਵੇਖਕੇ ਲਾਲਿਆਂ ਨੂੰ ਹੁਣ ਵਾਲਿਆਂ ਵਾਂਗ ਇਹ ਨਹੀਂ ਲੱਗਦਾ ਸੀ ਵੀ ਇਹਤੋਂ ਪੈਸੇ ਮੁੜਨਗੇ ਜਾਂ ਨਹੀਂ ਜੇ ਉਧਾਰ ਕਰ ਲਿਆ। ਇਹਨਾ #ਟਰੈਕਟਰਟਰਾਲੀਆਂ ਉਤੇ ਹੀ ਮਰਗ-ਮਕਾਨ ਜਾਂਦੇ ਸੀ ਲੋਕ, ਤੇ ਮੇਲੇ ਜਾਣ ਵੇਲੇ ਵੀ ਪਹਿਲਾਂ ਹੀ ਕਹਿ ਦੇਣਾ ਵੀ ਭਾਈ ਫਲਾਣੇ ਦਾ ਟਰੈਕਟਰ ਜਾਊ। ਤਜਰਬੇ ਆਲੇ ਬੰਦਿਆਂ ਕਹਿਣਾ ਵੀ ਹੇਠਾ ਤੂੜੀ ਜਾਂ ਪਰਾਲੀ ਸਿੱਟ ਕੇ ਉੱਪਰ ਤੱਪੜ ਜਾਂ ਦਰੀ ਪਾ ਲਿਓ।
ਨੇੜੇ ਰਿਸ਼ਤੇਦਾਰਾਂ ਦੇ ਘਰ #ਨਰਮੇਂ ਵਾਲੀਆਂ ਛਿਟੀਆਂ ਛੱਡਣ ਜਾਣਾ ਹੋਵੇ ਜਾਂ ਤੂੜੀ ਦੀ ਟਰਾਲੀ ਅਗਲੇ ਟੌਹਰ ਨਾ ਟਰੈਕਟਰ ਧੋਹ ਕੇ ਲਿਜਾਣਾ। ਲੋਕੀ ਚਾਵਾਂ ਨਾਲ ਰਿਸ਼ਤੇਦਾਰਾਂ ਦੀ ਕਣਕ ਜਾਂ ਹੋਰ ਫਸਲ ਬੀਜਣ ਢੋਹਣ ਜਾਂਦੇ ਸੀ। ਕਈ ਵਾਰੀ ਜਾਂਦੇ ਹੀ ਪੈਲੀ ਵਿਚ ਬੋਤਲਾਂ ਖੁੱਲ੍ਹ ਜਾਂਦੀਆਂ ਸੀ, ਫਿਰ ਤਾਂ ਖਾਧੀ-ਪੀਤੀ ਵਿਚ ਰਿਸ਼ਤੇਦਾਰ ਦੇ ਗਵਾਂਢੀ ਦੀ ਜਮੀਨ ਵੀ ਰਾਤ ਨੂੰ ਵਾਹੀ ਜਾਂਦੀ ਸੀ। ਕਈ ਵਾਰ ਤਾਂ ਬੀਜੀ ਕਣਕ ਵੀ ਪੀਤੀ ਦੇ ਨਸ਼ੇ ਵਿਚ ਵਾਹ ਛੱਡਦੇ ਸੀ ਸਾਡੇ ਪਿੰਡ ਵੀ ਇੰਝ ਹੋਇਆ ਇੱਕ ਦੋ ਵਾਰੀ। ਜਿਸਦਾ ਕਈ ਤਾਂ ਕੋਈ ਉਜਰ ਨਹੀਂ ਕਰਦਾ ਸੀ ਪਰ ਕਈ ਵਾਰੀ ਗੱਲ ਵੱਧ ਜਾਂਦੀ ਸੀ ਪਰ ਅੱਜ ਕੱਲ੍ਹ ਤਾਂ ਕੋਈ ਨਹੀਂ ਸਹਾਰਦਾ ਸਾਡੇ ਤਾਂ ਪਿੰਡ ਇਸੇ ਚੱਕਰ ਵਿੱਚ #ਪੰਚਾਇਤਾਂ ਵੀ ਹੋ ਹਟੀਆਂ …… ਕਿਉਂਕਿ ਪਹਿਲਾਂ ਭਰੱਪਾ ਬਹੁਤ ਸੀ। ਸੰਦ ਵਲੇਵੇਂ ਮੰਗਣ ਦੀ ਸਾਂਝ ਸੀ ਹਰ ਘਰ ਵਿੱਚ ਆਪਣੇ ਸੰਦ ਨਹੀਂ ਸੀ ਹੁਣ ਜਮੀਨ ਘੱਟ ਗਈ ਏ ਪਰ ਸੰਦ ਵੱਧ ਗਏ ਨੇ। ਅੱਜਕੱਲ੍ਹ ਤਾਂ ਲੋਕਾਂ ਦੀ ਆਕੜ ‘ਚ ਨਹੁੰ ਨਹੀਂ ਖੁੱਭਦਾ ਕਿਉਂਕਿ ਵੱਡੇ ਤੇ ਨਵੇਂ ਨਕੋਰ ਟਰੈਕਟਰ ਤੇ ਕੱਲਾ-ਕੱਲਾ ਸੰਦ ਘਰਾਂ ਦਾ ਸ਼ਿੰਗਾਰ ਨੇ ਤੀਹ ਸਾਲਾਂ ਵਿੱਚ ਟਰੈਕਟਰ-ਕੰਬਾਇਨਾਂ ਤਿਗਣੀਆਂ ਹੋ ਗਈਆਂ ਨੇ ਜਮੀਨ ਪੰਜਾਬ ਕੋਲ ਓਹਨੀ ਹੀ ਹੈ ਵਾਹੀ ਅੰਦਰ ਰਕਬਾ ਘੱਟ ਭਾਵੇਂ ਗਿਆ ਹੋਵੇ।
ਕਿਸਾਨੀ ਤੇ ਬਹੁਤ ਵੱਡਾ ਆਰਥਿਕ ਸੰਕਟ ਹੈ ਖਰਚੇ ਵੱਡੇ ਨੇ ਮਨ ਤੇ ਬੋਝ ਵੀ ਭਾਰੇ ਨੇ ਆਪਣੀਆਂ ਰੀਝਾਂ ਨਾਲ ਜਵਾਕਾਂ ਦੀ ਪੜਾਈ ਤੇ ਸ਼ੌਂਕ ਵੀ ਚਿੰਤਾ ਵਧਾਈ ਰੱਖਦੇ ਨੇ, ਨੰਬਰ ਬੇਸ਼ੱਕ ਬਹੁਤ ਨੇ #ਮੋਬਾਈਲ ਵਿੱਚ ਪਰ ਦਿਲੋਂ ਹਾਲ ਚਾਲ ਪੁੱਛਣ ਵਾਲਾ ਕੋਈ ਵੀ ਨਹੀਂ ਜਿਸਨੂੰ ਕਿਸੇ ਆਪਣੇ ਦਾ ਢਾਹਡਾ ਫਿਕਰ ਹੋਵੇ।
ਮੇਰੇ ਡੈਡੀ ਨੇ ਇਕੱਲੇ ਨੇ ਟਰੈਕਟਰ ਰੱਖ ਕੇ ਕਹਿਣਾ ਸਾਡਾ ਸਾਂਝਾ ਤੇ ਹਮੇਸ਼ਾ ਫਿਕਰ ਕਰਨਾ ਕਿ ਸਾਡੇ ਰਿਸ਼ਤੇਦਾਰ ਕਿਤੇ ਪਿੱਛੇ ਨਾ ਰਹਿ ਜਾਣ ਜੇ ਸਗੋਂ ਤਕੜੇ ਹੋ ਜਾਣਗੇ ਤਾਂ ਮਾੜੇ ਸਮੇਂ ਬਾਹ ਫੜ੍ਹਨਗੇ, ਉਹਨਾਂ ਵਿਚੋਂ ਤਾਂ ਤੱਕੜੇ ਹੋ ਕੇ ਲੋਕ ਬਾਹਾਂ ਛੁਡਾ ਗਏ ਪਰ ਓਹ 'ਕਰਤਾ ਸਚਿਆਰ ਮੈਡਾ ਸਾਈ' ਜਿਸਦੀ ਬਾਂਹ ਕੋਈ ਨਾ ਫੜ੍ਹੇ ਉਹ ਆਪ ਫੜ੍ਹ ਲੈਂਦਾ। ਸਮਾਂ ਚਾਹੇ ਕਦੇ ਵੀ ਬਹੁਤਾ ਸੁਖਾਲਾ ਨਹੀਂ ਰਿਹਾ ਆਰਥਿਕ ਪੱਖੋਂ ਪਰ ਸੁੱਖ ਸਹੂਲਤਾਂ ਹਰੇਕ ਹੰਢਾਈਆਂ ਆਪਣੇ ਘਰ ਤੇ ਹੰਢਾ ਵੀ ਰਹੇ ਆਂ।
ਮੁੱਕਦੀ ਗੱਲ ਪਹਿਲੇ ਸਮੇਂ ਟਰੈਕਟਰ ਭਾਵੇਂ #ਟੁੱਟੀਆਂ_ਛੱਤਰੀਆਂ ਵਾਲੇ ਸੀ, ਚਾਹੇ ਪੁਲੀ ਆਲੇ ਸੀ ਜਾਂ ਹਿਲਦੀਆਂ ਸ਼ੋਆਂ ਵਾਲੇ, ਪਰ ਲੋਕਾਂ ਨੂੰ ਆਪਸ ਵਿਚ ਜੋੜਨ ਵਾਲੇ ਸੀ ਤੇ ਕਿਸਾਨੀ ਦੇ ਹਾਲਤ ਟਰੈਕਟਰਾਂ ਤੋਂ ਬਹੁਤ ਚੰਗੇ ਸੀ ਪਰ ਹੁਣ ਜਿਮੀਂਦਾਰਾਂ ਕੋਲ ਬਸ ਟਰੈਕਟਰ ਹੀ ਚੰਗੇ ਰਹਿ ਗਏ ਨੇ। ਪਹਿਲਾਂ ਤਾਂ ਥੋੜ੍ਹੀ ਬਹੁਤੀ ਜਮੀਨ ਅਗਲਾ ਮੁਫਤ ਵਾਹ ਦਿੰਦਾ ਹੁੰਦਾ ਸੀ, ਜਦੋਂ ਤੇਲ ਲੱਕ ਤੋੜਨ ਲੱਗਾ ਫੇਰ ਤੇਲ ਤੇ ਲਿਹਾਜ਼ ਪੁੱਗ ਜਾਂਦੀ ਸੀ ਪਰ ਹੁਣ ਤਾਂ ਜ਼ਮਾਨਾ ਬੇਗਰਜ਼ ਏ। ਲੋਕਾਂ ਦੀਆਂ ਇੱਕ ਦੂਜੇ ਤੱਕ ਗਰਜਾਂ ਮੁੱਕ ਗਈਆਂ ਨੇ ਕਰਜੇ-ਲਿਮਟਾਂ ਵੱਸੋਂ ਬਾਹਰ ਨੇ। ਕਈ ਤਾਂ ਹੁਣ ਇਹ ਕਹਿੰਦੇ ਨੇ ਕਿ ਜੇ ਵਾਹੀ ਛੱਡਤੀ ਤਾਂ #ਲਿਮਟ ਕਿਵੇਂ ਘੁਮਾਵਾਂਗੇ, ਉਸੇ ਲਿਮਟ ਦੇ ਚੱਕਰ ਵਿੱਚ ਵਿਆਜ ਹਰ ਸਾਲ ਵੱਧਦਾ ਜਾਂਦਾ, ਘਰ ਸਭ ਉਹ ਚੀਜ਼ਾਂ ਨੇ ਜਿੰਨਾਂ ਬਿਨਾਂ ਸਰ ਜਾਂਦਾ ਪਰ ਆਮਦਨ ਦੇ ਸਾਧਨ ਨਹੀਂ ਲੱਭਦੇ।
ਜਿੰਨਾ ਨੇ ਪਹਿਲਾਂ ਰੱਜ ਕੇ ਮਿਹਨਤ ਕੀਤੀ ਉਹਨਾਂ ਵਿਚੋਂ ਬਹੁਤ ਲੋਕ ਹੁਣ ਸੌਖੇ ਵੀ ਨੇ ਜਿੰਨਾ ਨੇ ਮਿਹਨਤ ਦਾ ਪੱਲਾ ਨਹੀਂ ਫੜ੍ਹਿਆ ਜਮੀਨ ਵੀ ਜਾਂਦੀ ਲੱਗੀ। ਡੈਡੀ ਹਮੇਸ਼ਾ ਕਹਿੰਦਾ ਇੱਕ ਨਹੀਂ ਤਾਂ ਦੂਜੀ ਪੀੜ੍ਹੀ ਵਿੱਚ ਪਾਸਾ ਪਲਟ ਜਾਂਦਾ ਹੁੰਦਾ ਬੰਦਾ ਦਿਲ ਨਾ ਛੱਡੇ। ਔਖਾ ਸਮਾਂ ਵੱਡਾ ਦਿਲ ਅਤੇ ਹੌਸਲਾ ਹੀ ਕਟਾਉਂਦੇ ਨੇ, ਡੇਰੇ, ਬਾਬੇ, ਸਮਾਧਾਂ, ਪੀਰ, ਸੁੱਖਾਂ ਤੇ #ਖੁਦਕੁਸ਼ੀਆਂ ਰਾਹ ਨਹੀਂ ਹਨ ਸਗੋਂ ਘਰ ਹੋਰ ਹੇਠਾਂ ਨੂੰ ਜਾਂਦੇ ਨੇ ਜੇ ਕਿਸੇ ਨੂੰ ਲੱਗਦਾ ਕਿਸੇ ਬਾਬਾ ਜੀ ਕੋਲ ਜਾ ਕੇ ਸੌਖੇ ਆਂ ਤਾਂ ਵਹਿਮ ਹੀ ਆ ਮਾਨਸਿਕ ਸੰਤੁਸ਼ਟੀ ਤੇ ਸਬਰ ਸੰਤੋਖ ਤਾਂ ਬਾਣੀ ਪੜ੍ਹਕੇ ਹੀ ਮਿਲਣਾ, ਸਮਾਂ ਕਰਵਟ ਬਦਲਦਾ ਜਰੂਰ ਹੈ। ਜਿੰਨਾ ਨੇ ਪਹਿਲੀ ਸੌਖੀ ਕੱਢ ਲਈ ਹੁੰਦੀ ਆ ਤੇ ਮਿਹਨਤ ਛੱਡਤੀ ਤਾਂ ਮਗਰਲੀ ਔਖੀ ਨਿਕਲਦੀ ਆ।
ਧੰਨਵਾਦ ਸਹਿਤ
ਰਾਜਪਾਲ ਸਿੰਘ ਘੱਲ ਕਲਾਂ
*ਫੋਟੋ ਦੇਖਕੇ ਮੈਨੂੰ ਤਾਂ ਮੈਂ ਤੇ ਮੇਰਾ ਪਿਉ ਵੀ ਇਸਦਾ ਹਿੱਸਾ ਲੱਗੇ ਹੁਣ ਟੌਹਰ ਹੀ ਰਹਿਗੀ ਸਾਦਗੀ ਗੁਆਚ ਗਈ।