ਸਵ: ਸ੍ਰ. ਜਸਵੰਤ ਸਿੰਘ ਗਿੱਲ ਸਪੁੱਤਰ ਸਵ: ਸ੍ਰ. ਨੱਥਾ ਸਿੰਘ ਜਲਾਲੂਕਾ
#ਵਿਦਾਇਗੀ
ਕਦੇ ਸੋਚਿਆ ਨਹੀਂ ਹੁੰਦਾ ਕਿ ਜ਼ਿੰਦਗੀ ਵਿੱਚ ਕਦੋਂ ਕੀ ਕਰਨਾ ਪੈ ਜਾਵੇ ਜਿਵੇਂ ਮੈਂ ਅੱਜ ਇਹ ਲਫਜ਼ ਲਿਖ ਰਿਹਾ ਹਾਂ। ਚਾਚਾ ਜੀ ਜਸਵੰਤ ਸਿੰਘ ਗਿੱਲ ਜਿੰਨਾ ਨੂੰ ਛੋਟੇ ਨਾਮ ਕੰਤੂ ਨਾਲ ਵੀ ਬੁਲਾਇਆ ਜਾਂਦਾ ਸੀ, ਚਾਚੇ ਤਾਏ ਬਹੁਤ ਨੇ ਪਰ ਕਈ ਵਾਰ ਵੇਰਵੇ ਲਈ ਵੀ ਕਿਸ ਚਾਚੇ ਦੀ ਗੱਲ ਹੋ ਰਹੀ ਹੈ ਤਾਂ ਕਹਿਣਾ ਕੰਤੂ ਚਾਚਾ।
ਮੈਂ ਤੇ ਸਾਹਿਬ ਦੋਸਤ ਤਾਂ ਬਣੇ ਕਿਉਂਕਿ ਪਹਿਲਾਂ ਸਾਡੇ ਪਿਉ ਦੋਸਤ ਸੀ ਆਂਢ-ਗੁਆਂਢ ਖੇਤ ਹੁੰਦੇ ਸੀ ਰਾਹ ਆਉਂਦਿਆਂ ਜਾਂਦਿਆਂ ਮਿਲ ਪੈਣਾ ਜਾਂ ਖੇਤ ਮਿਲ ਪੈਣਾ। ਫੋਨ ਨਹੀਂ ਹੁੰਦੇ ਸੀ ਤਾਂ ਸੁਨੇਹਾ ਲੈ ਕੇ ਘਰ ਵੀ ਆਉਣ ਜਾਣ ਹੋ ਜਾਂਦਾ ਸੀ ਰੋਟੀ ਲੈ ਕੇ ਵੀ ਕਈ ਵਾਰ ਇੱਧਰੋਂ ਉੱਧਰੋ ਜਾਣਾ ਆਉਂਣਾ ਹੁੰਦਾ ਹੈ। ਚਾਚੇ ਵੱਲੋਂ ਬਣਾਈ ਚਾਹਾਂ ਪੀਣੀਆਂ ਤੇ ਅਚਾਰ ਨਾਲ ਦੁਪਿਹਰੇ ਰੋਟੀਆਂ ਖਾਣੀਆਂ।
ਚਾਚਾ ਬਹੁਤ ਰੌਣਕੀ ਸੁਭਾਅ ਦਾ ਮਾਲਕ ਸੀ ਹਾਸੇ ਮਜਾਕ ਵਿੱਚ ਬਹੁਤ ਗੱਲਾਂ ਖੇਤ ਹੁੰਦੀਆਂ ਸੀ। ਚਾਚੇ ਗੇਲੀ ਦੇ ਜਾਣ ਮਗਰੋਂ ਖੇਤ ਰੌਣਕਾਂ ਘੱਟ ਲੱਗਦੀਆਂ ਸੀ ਪਰ ਚਾਚੇ ਹੋਣੀ ਖੇਤ ਰੌਣਕਾਂ ਲਾਉਣ ਵਾਲੇ ਸ਼ਾਇਦ ਆਖਰੀ ਪੀੜ੍ਹੀ ਹੀ ਸੀ। ਅੱਜ ਜਦੋਂ ਮੈਂ ਚੇਤਿਆਂ ਵਿੱਚ ਉਡਾਰੀ ਮਾਰ ਰਿਹਾ ਹਾਂ ਤਾਂ ਮੈਨੂੰ ਚਾਚਾ ਖੇਤ ਮੋਟਰ ਤੇ ਫਿਰਦਾ ਹੂੰ-ਬ-ਹੂੰ ਦਿਖ ਰਿਹਾ ਹੈ ਜਿਵੇਂ ਮੈਨੂੰ ਪਿੰਡ ਜਾਣ ਵੇਲੇ ਕਹਿੰਦਾ ਹੋਵੇ 'ਪੁੱਤਰ ਕਾਕੇ ਨੂੰ ਕਹੀਂ ਟਾਈਮ ਨਾਲ ਘਰ ਚਲਾ ਜਾਵੇ, ਮੈਨੂੰ ਨੇਰ੍ਹਾ ਹੋ ਜਾਣਾ'। ਜਦੋਂ ਵੀ ਗੱਲ ਕਰਨੀ ਉਸਨੇ ਪੁੱਤਰ ਜਰੂਰ ਕਹਿਣਾ ਜੋ ਗਿਣਤੀ ਦੇ ਬੰਦਿਆਂ ਦੇ ਸੁਭਾਅ ਵਿੱਚ ਹੁੰਦਾ। ਇਹ ਤਾਂ ਸੁਭਾਅ ਦਾ ਪੱਖ ਹੈ ਜੋ ਇਸ ਤਰ੍ਹਾਂ ਹੀ ਸਮਾਜ ਵਿਚ ਪ੍ਰਵਾਣ ਹੁੰਦਾ।
ਦੂਜਾ ਪੱਖ ਹੈ ਮਿਹਨਤ ਦਾ ਜਿੰਨ੍ਹਾਂ ਕੋਲ ਜਮੀਨ ਘੱਟ ਹੈ ਉਹਨਾਂ ਨੇ ਆਪਣੇ ਪਰਿਵਾਰ ਨੂੰ ਚੰਗੀ ਪਰਵਰਿਸ਼ ਹੱਢ ਤੋੜਵੀਂ ਮਿਹਨਤ ਨਾਲ ਹੀ ਦੇਣੀ ਹੁੰਦੀ ਹੈ। ਉਹ ਮਿਹਨਤ ਚਾਚਾ ਜੀ ਨੇ ਜੀਅ ਤੋੜ ਕੇ ਕੀਤੀ ਤੇ ਸਾਡੇ ਭੈਣ ਭਰਾ ਨੂੰ ਬਾਹਰ ਸੈੱਟ ਕਰਤਾ ਜਦੋਂ ਹੁਣ ਚਾਚੇ ਦਾ ਚੰਗਾ ਸਮਾਂ ਵੇਖਣ ਦਾ ਸਮਾਂ ਆਇਆ ਤਾਂ ਉਸ ਕੋਲ ਸਾਹਾਂ ਦੀ ਪੂੰਜੀ ਪਰਿਵਾਰ ਵਿੱਚ ਹੱਸਣ ਖੇਡਣ ਦੀ ਬਚੀ ਹੀ ਨਹੀਂ ਸੀ ਪਰ ਉਹ ਜੋ ਕਰ ਸਕਦੇ ਸੀ ਆਪਣੇ ਫਰਜ਼ ਪੂਰੇ ਕਰਕੇ ਗਏ। ਬਹੁਤੇ ਮਾਂ-ਪਿਉ ਧੀਆਂ ਪੁੱਤਾਂ ਲਈ ਇੰਝ ਹੀ ਆਪਣੀ ਵਾਹ ਲਾਉਂਦੇ ਬੇਸ਼ੱਕ ਹਰ ਮਾਂ-ਪਿਉ ਇੰਝ ਖਰੇ ਨਹੀਂ ਵੀ ਉਤਰਦੇ।
ਪਰਿਵਾਰ ਲਈ ਹਰ ਇੱਕ ਜੀਅ ਮਹੱਤਵਪੂਰਨ ਹੁੰਦਾ ਹੈ ਬੇਸ਼ੱਕ ਕਿਸੇ ਨੂੰ ਉਹ ਨਿਕੰਮਾ ਹੀ ਲੱਗਦਾ ਹੋਵੇ ਪਰ ਚਾਚੇ ਵਰਗੇ ਬੰਦੇ ਦਾ ਜਾਣਾ ਦੁਨੀਆਂ ਦੇ ਸਾਗਰ ਵਿੱਚ ਪਰਿਵਾਰ ਦਾ ਜਹਾਜ਼ ਹੀ ਡਾਵਾਂਡੋਲ ਕਰ ਜਾਂਦਾ ਹੈ। ਇੱਧਰੋਂ ਰਵਾਨਾ ਹੋਇਆ ਨੇ ਮੁੜ੍ਹਕੇ ਨਹੀਂ ਆਉਣਾ ਹੋਰ ਹਸਤੀਆਂ ਦੁਨੀਆਂ ਵਿੱਚ ਲੱਖਾਂ ਆਉਣਗੀਆਂ ਪਰ ਜਸਵੰਤ ਸਿੰਘ ਗਿੱਲ ਨੇ ਹੁਣ ਕਦੇ ਨਹੀਂ ਮਿਲਣਾ ਉਹਨਾਂ ਨਾਲ ਮੋਹ ਪਿਆਰ ਰੱਖਣ ਵਾਲੇ ਬਸ ਗੱਲਾਂ ਹੀ ਯਾਦ ਕਰ ਸਕਦੇ ਨੇ।
(ਅੰਤਿਮ ਅਰਦਾਸ ਗੁਰਦੁਆਰਾ ਗੁਰੂਸਰ ਪਾਤਸ਼ਾਹੀ ਛੇਵੀਂ ਪਿੰਡ ਘੱਲ ਕਲਾਂ ਵਿਖੇ ਮਿਤੀ 16 ਜੁਲਾਈ ਦਿਨ ਐਤਵਾਰ)