#ਸਾਡੀ_ਸਮਝ ਮੁੱਦਿਆਂ ਨੂੰ ਲੈ ਕੇ
ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾਂ ਕਿ ਸਾਨੂੰ ਪੰਜਾਬੀਆਂ ਨੂੰ ਵੱਡੀ ਗਿਣਤੀ ਵਿੱਚ ਅਸਲ ਮੁੱਦਿਆਂ ਦੀ ਸਮਝ ਨਹੀਂ ਹੈ ਜੋ ਦੀਪ ਸਿੱਧੂ ਕਹਿੰਦਾ ਸੀ ਕਿ ਹੋਂਦ ਦੀ ਲੜਾਈ ਐ ਉਹ ਲੜਾਈ ਕੀ ਹੈ। ਇਸ ਲਈ ਬਹੁਤੇ ਉਹਦਾ ਜਿਉਂਦੇ ਜੀਅ ਵਿਰੋਧ ਹੀ ਕਰਦੇ ਰਹੇ।
ਸਾਨੂੰ ਇੰਝ ਲੱਗਦਾ ਹੈ ਕਿ ਦੀਪ ਸਿੱਧੂ ਕੋਈ ਹੋਰ ਹੀ ਗੱਲਾਂ ਕਰੀ ਜਾਂਦਾ Deep State (ਡੂੰਘੀ ਸਥਿਤੀ), Narrative (ਬਿਰਤਾਂਤ), illusion (ਭਰਮ), Punjab centric (ਪੰਜਾਬ ਕੇਂਦਰਿਤ), Self dependency (ਆਤਮ ਨਿਰਭਰ), intellectual level (ਬੌਧਿਕ ਪੱਧਰ) ਜਾਂ ਕੁੱਝ ਹੋਰ Terms ਓਹ ਵਰਤਦਾ ਸੀ ਇਹਨਾਂ ਤੋਂ ਸਹਿਜੇ ਹੀ ਅੰਦਾਜ਼ਾ ਲੱਗਦਾ ਉਸਦੀ ਮਾਨਸਿਕ ਉਚਾਈ ਦਾ ਹਰ ਥੋੜ੍ਹੀ ਬਹੁਤ ਸਮਝ ਵਾਲੇ ਬੰਦੇ ਨੂੰ। ਹੋਰ ਵੀ ਬਹੁਤ ਤਰ੍ਹਾਂ ਦੀ ਜਾਣਕਾਰੀ ਓਹ ਰੱਖਦਾ ਸੀ ਜੋ ਆਮ ਸਿੱਖਾਂ ਨੂੰ ਜਾਂ ਪਿੰਡਾਂ ਦੇ ਲੋਕਾਂ ਨੂੰ ਨਹੀਂ ਹੁੰਦੀ, ਕਿਉਂਕਿ ਕਿ ਕਾਨੂੰਨ ਦੀ ਪੜ੍ਹਾਈ ਵੀ ਕੀਤੀ ਹੋਈ ਸੀ ਇਨਕਮ ਟੈਕਸ ਦਾ ਉੱਘਾ ਵਕੀਲ ਸੀ ਪੰਜਾਬ ਦੇ ਮੁੱਦਿਆਂ ਨਾਲ ਆਂਕੜਿਆਂ ਤੇ ਵੀ ਮਜਬੂਤ ਪਕੜ੍ਹ ਸੀ।
ਮੈਂ ਆਮ ਹੀ ਦੇਖਦਾ ਸੀ ਕਿ ਓਹ ਜਦੋਂ ਕਿਸੇ ਚੈੱਨਲ ਤੇ ਬੋਲਦਾ ਸੀ ਤਾਂ ਨਫਰਤ ਦੇ ਭਰੇ ਲੋਕ ਬਹੁਤ ਬੇਹੁਦਾ ਟਿੱਪਣੀਆਂ ਕਰਦੇ ਰਹੇ ਨੇ On Air ਤੇ ਪੰਜਾਬੀ ਲੋਕ ਚੈਨਲ ਜਾਂ ਹੋਰ ਵੀ ਬਹੁਤ ਚੈਨਲ ਨੇ ਜਿੰਨਾ ਦੇ ਹੇਠਾਂ ਤੁਹਾਨੂੰ ਆਰ ਐਸ ਐਸ ਦਾ ਏਜੰਟ ਜਾਂ ਭਾਜਪਾ ਦਾ ਪਲਾਂਟਡ ਬੰਦਾ ਕਹਿਣ ਵਾਲੇ ਗੱਦਾਰ ਕਹਿਣ ਵਾਲੇ ਬਹੁਤ ਕੰਮੈਂਟ ਮਿਲਣਗੇ ਇਹ ਵੀ ਕਹਿੰਦੇ ਸੀ ਇਹ ਹੀ ਲੱਭਦਾ ਇਹਨਾਂ ਨੂੰ ਹੋਰ ਕੋਈ ਚੱਜਦਾ ਬੰਦਾ ਹੈਨੀ ਤੇ ਅੱਜ ਸ਼ਾਇਦ ਬਹੁਤਿਆਂ ਨੂੰ ਅਹਿਸਾਸ ਹੋ ਗਿਆ ਹੋਣਾ ਵੀ ਵਾਕਈ ਕੋਈ ਹੋਰ ਚੱਜਦਾ ਬੰਦਾ ਹੈਨੀ। ਉਹੀ ਬੰਦੇ ਬਾਅਦ ਵਿੱਚ ਅਫਸੋਸ ਵੀ ਕਰ ਰਹੇ ਨੇ ਬਹੁਤ ਸਾਰੇ ਸਕਰੀਨ ਸ਼ੌਟ ਵੀ ਪਏ ਨੇ ਇਸ ਘਟੀਆਪਣ ਦੇ, ਇੱਕ ਬੰਦੇ ਨੂੰ ਜਿਉਂਦੇ ਜੀਅ ਗੱਦਾਰ ਕਹਿਣਾ ਫੇਰ ਇਹ ਕਹਿ ਦੇਣਾ ਕਿ ਵਿਚਾਰਕ ਮੱਤਭੇਦ ਨੇ। ਜਿੰਨਾਂ ਨਾਲ ਵੀ ਸਾਡੇ ਵਿਚਾਰਕ ਮੱਤਭੇਦ ਹੁੰਦੇ ਨੇ ਸਾਡੇ ਪਰਿਵਾਰਕ ਮੈਂਬਰ ਵੀ ਹੁੰਦੇ ਨੇ, ਰਿਸ਼ਤੇਦਾਰ, ਦੋਸਤ ਜਾਂ ਜਾਣ ਪਹਿਚਾਣ ਵਾਲੇ ਹੁੰਦੇ ਨੇ ਪਰ ਸ਼ੋਸ਼ਲ ਮੀਡੀਆ ਤੇ ਸਾਡੇ ਸਾਰੀ ਦੁਨੀਆਂ ਨਾਲ ਵਿਚਾਰਧਾਰਕ ਮੱਤਭੇਦ ਨੇ ਪਰ ਉਹ ਹਰ ਸ਼ਖਸ ਕੋਈ ਗੱਦਾਰ ਨਹੀਂ ਹੈ ਬੀਜੇਪੀ ਦਾ ਬੰਦਾ ਨਹੀਂ ਹੈ ਉਹਨਾਂ ਦਾ ਰਾਜਸੀ ਮਤਲਬ ਨਹੀਂ ਹੈ!!
ਹੁਣ ਸਾਰੀਆਂ ਰਾਜਨੀਤਕ ਪਾਰਟੀਆਂ ਵਿੱਚ ਵੰਡੇ ਹੋਏ ਲੋਕ ਦਸੰਬਰ 2020 ਵਿੱਚ ਇੱਕ ਸੀ ਤੇ ਸ਼ਾਇਦ ਦਸੰਬਰ 2021 ਵਿਚ ਵੀ ਇੱਕ ਹੀ ਸੀ ਜੋ ਹੁਣ ਅਲੱਗ-ਅਲੱਗ ਪਾਰਟੀਆਂ ਦਾ ਹਿੱਸਾ ਹੋ ਗਏ ਨੇ।
ਦੀਪ ਸਿੱਧੂ ਦਾ ਕੋਈ Credit (ਜਿੱਤ ਦਾ ਸਿਹਰਾ) ਲੈਣ ਦਾ ਜੰਗ ਨਹੀਂ ਸੀ ਕਿਸਾਨ ਜੱਥੇਬੰਦੀਆਂ ਨਾਲ ਉਹ ਕਹਿੰਦਾ ਸੀ ਕਿ ਇਹ ਕਿਸਾਨ ਖੁਦਕੁਸ਼ੀਆਂ ਪਹਿਲਾਂ ਤੋਂ ਹੀ ਕਰ ਰਹੇ ਨੇ ਖੇਤੀ ਬਿੱਲ ਰੱਦ ਹੋਣ ਨਾਲ ਭਵਿੱਖਤ ਖਤਰਾ ਟੱਲ ਜਰੂਰ ਜਾਵੇਗਾ ਪਰ ਇਸਦਾ ਕੋਈ ਸਥਾਈ ਹੱਲ ਹੋਣਾ ਚਾਹੀਦਾ ਉਸ ਲਈ ਸਾਨੂੰ ਬਹਿ ਕੇ ਵਿਚਾਰਨਾ ਚਾਹੀਦਾ ਪਰ ਲੀਡਰਾਂ ਨੂੰ ਲੱਗਦਾ ਸੀ ਉਸ ਨਾਲ ਬੈਠਕੇ ਸਾਡਾ ਕੱਧ ਛੋਟਾ ਨਾ ਹੋਜੇ। ਕਿਸਾਨੀ ਬਿੱਲ ਪਾਸ ਹੋਣ ਤੋਂ ਪਹਿਲਾਂ ਕਿਸਾਨਾਂ ਦੀ ਸਥਿੱਤੀ ਕੋਈ ਬਹੁਤੀ ਸੁਖਾਵੀਂ ਨਹੀਂ ਸੀ ਜੋ ਹੁਣ ਫੇਰ ਹੋ ਜਾਵੇਗੀ। ਦੀਪ ਸਿੱਧੂ ਦਾ ਕਹਿਣਾ ਸੀ ਕਿ ਐਮ ਐਸ ਪੀ ਦੇ ਕੇ ਸਾਨੂੰ ਸਰਕਾਰ ਨੇ ਆਪਣੇ ਤੇ ਨਿਰਭਰ ਬਣਾਇਆ ਹੋਇਆ ਹੈ ਖਰਚੇ 25-30% ਵੱਧਦੇ ਨੇ ਤੇ ਐਮ ਐਸ ਪੀ 15-20%।
ਮੇਰਾ ਖਿਆਲ ਆ 1998 ਤੋਂ ਪਹਿਲਾਂ ਕੇਵਲ ਦੋ ਕਿਸਾਨ ਜੱਥੇਬੰਦੀਆਂ ਹੀ ਸੀ ਪਰ ਹੁਣ 30 ਤੋਂ ਉੱਪਰ ਨੇ ਜਦੋਂ ਕਿ ਪ੍ਰਾਪਤੀਆਂ 2 ਵੀ ਨਹੀਂ। ਸੱਪ ਦੀ ਖੁੱਡ ਬੰਦ ਕਰਕੇ ਸਿਰਫ ਧਰਵਾਸਾ ਦਿੱਤਾ ਜਾ ਸਕਦਾ ਮਸਲੇ ਦਾ ਹੱਲ ਨਹੀਂ ਕੀਤਾ ਜਾ ਸਕਦਾ। ਰਾਜਨੀਤਕ ਪਾਰਟੀਆਂ ਨੇ ਸਾਨੂੰ ਆਰਥਿਕ ਸੰਕਟ ਵਿੱਚ ਜਾਣ ਬੁੱਝ ਕੇ ਉਲਝਾਇਆ ਹੋਇਆ ਹੈ। ਸਾਡੇ ਸਿਰ ਤੇ ਆਰਥਿਕ ਸੰਕਟ ਹੀ ਐਨਾ ਭਾਰਾ ਕਰ ਦਿੱਤਾ ਹੈ ਕਿ ਸਾਡੀ ਸੋਚ ਗੁਜਾਰੇ ਤੱਕ ਸੀਮਿਤ ਹੋ ਗਈ ਹੈ ਤੇ ਜੋ ਲੋਕ ਗੁਜਾਰੇ ਤੋਂ ਵੱਧ ਹੈਸੀਅਤ ਵਾਲੇ ਨੇ ਉਹ ਬਾਹਰ ਭੱਜ ਰਹੇ ਨੇ ਤੇ ਤੀਜੇ ਆਰਥਿਕ ਪੱਖੋਂ ਸੁਖਾਲੇ ਲੋਕ ਆਪਣੇ ਹਿੱਤਾਂ ਦੀ ਪੂਰਤੀ ਲਈ ਜੇ ਕਿਸੇ ਗਰੀਬ ਦੀ ਬਾਂਹ ਫੜ੍ਹਦੇ ਵੀ ਨੇ ਉਹ ਉਹਨਾਂ ਦੇ ਅਧਿਕਾਰਾਂ ਦਾ ਸ਼ੋਸ਼ਣ ਕਰਦੇ ਨੇ।
ਪੂਰਾ ਇਤਿਹਾਸ ਫਰੋਲ ਕੇ ਵੇਖ ਲਉ ਸਿੱਖ ਐਨੇ ਲਾਚਾਰ ਅਬਦਾਲੀ ਦੇ ਘੱਲੂਘਾਰਿਆਂ ਵਿੱਚ ਵੀ ਨਹੀਂ ਸੀ ਜਿੰਨੇ ਹੁਣ ਨਜਰ ਆ ਰਹੇ ਸੀ।
ਦੀਪ ਸਿੱਧੂ ਦਾ ਇੱਕ ਹੱਥ ਵਿੱਚ ਝਾੜੂ ਫੜ੍ਹ ਕੇ ਦੂਜੇ ਹੱਥ ਵਿੱਚ ਕਿਰਪਾਨ ਫੜ੍ਹ ਕਿ ਕਹਿਣਾ ਕਿ ਤੁਹਾਨੂੰ ਕੀ ਮਨਜੂਰ ਹੈ ਇੱਕ ਵੰਗਾਰ ਸੀ ਕਿ ਅਸੀਂ ਮਹਾਰਾਜਾ ਰਣਜੀਤ ਸਿੰਘ ਹੋਣਾ ਦੇ ਵਾਰਿਸ ਹਾਂ ਅਸੀਂ ਐਨੇ ਲਾਚਾਰ ਨਹੀਂ ਹਾਂ ਉਸਨੇ ਨਾਲ ਇਹ ਵੀ ਕਿਹਾ ਕਿ ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਸਾਡਾ ਇੱਕ ਅੰਗ ਹੈ। ਉਹ ਕੋਈ ਸਿਆਸੀ ਤਕਰੀਰ ਨਹੀਂ ਸੀ ਕਿ ਝਾੜੂ ਦੀ ਤੁਲਨਾ ਕਿਰਪਾਨ ਨਾਲ ਕੀਤੀ ਗਈ। ਸਿੱਖ ਰਾਜ ਵਿੱਚ ਕਿਸੇ ਨਾਲ ਬੇਇਨਸਾਫ਼ੀ ਨਹੀਂ ਹੁੰਦੀ ਸਿੱਖ ਆਪਣੇ ਧਰਮ ਦੇ ਸਿਧਾਂਤ ਨਾਲ ਰਾਜ ਕਰਦੇ ਨੇ ਗੁਲਾਮ ਲੋਕਾਂ ਨੂੰ ਹੱਥ ਵਿਚ ਤਲਵਾਰ ਜਾਂ ਸ਼ਾਸ਼ਤਰ ਲੈ ਕਿ ਘੁੰਮਣ ਦੀ ਆਜ਼ਾਦੀ ਨਹੀਂ ਹੁੰਦੀ। ਅਕਸਰ ਅੱਜਕਲ੍ਹ ਛੋਟੇ ਛੋਟੇ ਅੰਸ਼ ਕੱਟ-ਕੱਟ ਕੇ ਵੀਡੀਓ ਪਾਈਆਂ ਜਾਂਦੀਆਂ, ਕਈ ਉਹਦੇ ਨਾਲ ਮਸ਼ਹੂਰ ਹੁੰਦੇ ਨੇ ਤੇ ਕਈ ਬਦਨਾਮ ਪਰ ਜਿਨ੍ਹਾਂ ਚਿਰ ਕਿਸੇ ਦੀ ਕਿਸੇ ਗੱਲ ਨੂੰ ਪੂਰਾ ਨਹੀਂ ਸੁਣਿਆ ਜਾਂਦਾ, ਭਾਵਨਾ ਨਹੀਂ ਸਮਝੀ ਜਾਂਦੀ ਉਹ ਸਰਾਸਰ ਨਾ-ਇਨਸਾਫੀ ਆ।
ਬਾਈ ਦੀਪ ਸਿੱਧੂ ਨੇ ਵਾਕਿਆ ਹੀ ਬਹੁਤ ਲੋਕਾਂ ਨੂੰ ਬਹੁਤ ਕੁਝ ਸਿਖਾਇਆ ਜਿਸ ਨੂੰ ਲੋਕ ਕਹਿੰਦੇ ਸੀ ਕਿ ਇਹ ਉਲਟ ਚਲਦਾ ਉਸਨੂੰ ਵਿਦਵਾਨ ਲੋਕ ਆਲੋਚਨਾ ਕਹਿੰਦੇ ਨੇ ਤੇ ਇਹ ਹਰ ਕਿਸੇ ਵੱਲੋਂ ਸਾਰਥਿਕ ਨਹੀਂ ਹੁੰਦੀ। ਦੀਪ ਸਿੱਧੂ ਪੰਜਾਬ ਦੇ ਲੋਕਾਂ ਨੂੰ ਆਪਣੇ ਵਾਂਗ ਹੀ ਸਮਝਦਾ ਸੀ ਜੋ ਗਲਤ ਸੀ ਜਾਂ ਭਟਕੇ ਹੋਏ ਸੀ ਉਹਨਾਂ ਦਾ ਵਿਰੋਧੀ ਨਹੀਂ ਸੀ ਆਲੋਚਕ ਹੀ ਸੀ ਬਸ, ਤਲਖ਼ ਸ਼ਬਦ ਉਸਨੇ ਕਿਸੇ ਲਈ ਨਹੀਂ ਵਰਤੇ ਕਦੇ!!
ਕਾਫੀ ਦਿਨ ਤਾਂ ਓਹਦੇ ਬਾਰੇ ਕੁਝ ਸੁਣਕੇ ਬੋਲਕੇ ਅੱਖ ਭਰ ਆਉਂਦੀ ਰਹੀ ਪਰ ਅੱਜ ਕੋਸ਼ਿਸ਼ ਕਰਕੇ ਲਿਖਿਆ ਹੈ ਉਸਦੀ ਸ਼ਖਸ਼ੀਅਤ ਅੱਗੇ ਬੌਣੇ ਲਫਜ਼ਾਂ ਵਿਚ।
ਹਰ ਕਿਸੀਕੀ ਅਰਥੀ ਕੋ ਯੂਂ ਸਿਜਦੇ ਨਹੀਂ ਹੋਤੇ,
ਖਲਕਤ ਨਹੀਂ ਜੁੜਤੀ, ਜੈਕਾਰੇ ਨਹੀਂ ਗੂੰਜਤੇ।
ਰਾਜਪਾਲ ਸਿੰਘ ਘੱਲ ਕਲਾਂ