ਮੀਂਹ ਦੇ ਦਿਨਾਂ ਵਿੱਚ ਬਚਪਨ ਦੀਆ ਕਈ ਗੱਲਾਂ ਯਾਦ ਆ ਜਾਂਦੀਆਂ ਜੋ ਕਿ ਹੁਣ ਦੇ ਬੱਚਿਆਂ ਨੂੰ ਬਿਲਕੁਲ ਵੀ ਪਸੰਦ ਨਹੀਂ ਹਨ।ਜਦੋਂ ਅਸੀਂ ਪੰਜਵੀਂ-ਛੇਵੀਂ ਕੁ 'ਚ ਪੜਦੇ ਹੁੰਦੇ ਸਾਂ ਤਾਂ ਕਿਸੇ ਦਿਨ ਕਿੱਧਰੇ ਬਰਸਾਤ ਲੱਗ ਜਾਣੀ ਤਾਂ ਬਸ ਫੇਰ ਸਭ ਆਂਢੀਆਂ-ਗੁਆਢੀਆਂ ਦੇ ਸਾਰੇ ਨਿਆਣਿਆਂ ਨੇ ਫੁੱਟਬਾਲ ਲੈ ਕੇ ਪਹੁੰਚ ਜਾਣਾ ਗਰਾਉਡ ਚ'।ਮੀਂਹ ਵਿੱਚ ਹੀ ਫੁੱਟਬਾਲ ਖੇਡੀ ਜਾਣਾ ਉਦੋਂ ਤੱਕ ਜਦੋਂ ਤੱਕ ਮੀਂਹ ਹਟ ਨਹੀਂ ਜਾਂਦਾ ਜਾਂ ਫੇਰ ਇੱਕ ਅੱਧਾ ਬਿਮਾਰ ਨੀ ਹੋ ਜਾਂਦਾ।ਜਾਣਾ ਵੀ ਸਿਰਫ ਨਿੱਕਰ ਜਾਂ ਕੱਛਾ ਪਾਕੇ। ਫੇਰ ਗਰਾਂਉਡ ਵਿੱਚ ਜਾਂ ਗੋਲ ਕਰਨ ਜਾਂ ਸੇਕਣ (ਕਿਸੇ ਦੇ ਕਿੱਕ ਨਾਲ ਫੁੱਟਬਾਲ ਮਾਰਨਾ) ਖੇਡਦੇ ਹੁੰਦੇ ਸਾਂ।ਮੀਂਹ ਨਾਲ ਫੁੱਟਬਾਲ ਵੀ ਗਿੱਲਾ ਹੋ ਜਾਂਦਾ ਸੀ ਜਿਸ ਦੇ ਨਾਲ ਸੱਟ ਵੀ ਬਹੁਤ ਲੱਗਦੀ ਹੁੰਦੀ ਸੀ।ਜਿਸ ਦੇ ਵੀ ਲੱਗਦਾ ਹੁੰਦਾ ਸੀ ਪਿੱਠ ਤੇ ਫੁੱਟਬਾਲ ਦੇ ਅਕਾਰ ਦੀ ਛਾਪ ਬਣ ਜਾਂਦੀ ਸੀ। ਮੀਂਹ ਹਟਣ ਤੋਂ ਬਾਅਦ ਗਰਾਂਉਡ ਵਿੱਚ ਖੜੇ ਪਾਣੀ 'ਚ ਸਲਿੱਪਾਂ ਲਾਈ ਜਾਣੀਆਂ ਭਾਵ ਦੂਰੋ ਭੱਜ ਕੇ ਆਕੇ ਪਾਣੀ ਚ' ਤਿਲਕਣਾ।ਪੂਰੀ ਤਰਾਂ ਲਿੱਬੜ ਕੇ ਘਰਾਂ ਵੱਲ ਨੂੰ ਜਾਣਾ ਤੇ ਜਾਂਦਿਆ ਨੂੰ ਬੇਬੇ ਨੇ ਗਾਲ਼ਾਂ ਦੀ ਬੋਛਾਰ ਕਰ ਦੇਣੀ।ਬੇਬੇ ਨੇ ਕਹਿਣਾ, "ਵੇ ਟੁੱਟ ਪੈਣਿਆ ਬਿਮਾਰ ਹੋਜੂ, ਪੈਸੇ ਲਾਉਣੇ ਨੂੰ ਥਾ ਕਰੁਗਾ।ਨਹਾ ਕੇ ਸੁੱਕੇ ਕੱਪੜੇ ਪਾ ਲੈ।" ਉਹਨਾਂ ਗਾਲ਼ਾਂ ਵਿੱਚ ਮਮਤਾ ਦੇ ਪਿਆਰ ਦੀ ਝਲਕ ਹੁੰਦੀ ਸੀ।ਮੀਂਹ ਵਾਲੇ ਦਿਨ ਕਈ ਵਾਰੀ ਤਾਂ ਸਾਰਾ ਸਾਰਾ ਦਿਨ ਪਿੰਡ ਦੀਆਂ ਗਲੀਆਂ ਵਿੱਚ "ਭਾਟਣੀ" ਖੇਡਣਾ। ਭਾਟਣੀ ਤੋਂ ਭਾਵ ਸਾਰੇ ਪਿੰਡ ਵਿੱਚ ਛੂਹਣ-ਛੁਹਾਈ।ਹੁਣ ਦੇ ਜਵਾਕਾਂ ਨੂੰ ਤਾਂ ਇਹੋ ਨੀ ਪਤਾ ਹੋਣਾ ਕਿ ਭਾਟਣੀ ਕਿਹੜੀ ਸ਼ੈਅ ਦਾ ਨਾਮ ਆ।ਜਿਸ ਦੇ ਸਿਰ ਵਾਰੀ ਆ ਜਾਂਦੀ ਸਾਰੀ ਦਿਹਾੜੀ ਉਹੀ ਵਾਰੀ ਦਿੰਦਾ ਰਹਿ ਜਾਂਦਾ।ਮੀਂਹ ਵਿੱਚ ਪੂਰੇ ਪਿੰਡ ਵਿੱਚ ਨੱਠੇ ਫਿਰਨਾ, ਕਦੇ ਕਿਸੇ ਦੇ ਕੋਠੇ ਦੇ ਚੱਲਦੇ ਪਰਨਾਲ਼ੇ ਹੇਠ ਹੋ ਜਾਣਾ, ਕਦੇ ਕਿਸੇ ਦੀਆਂ ਪਾਥੀਆਂ ਭੰਨ ਦੇਣੀਆਂ ਤੇ ਕਦੇ ਕੰਧ ਟੱਪਣ ਲੱਗਿਆ ਕਿਸੇ ਦੀ ਕੰਧ ਢਾਹ ਦੇਣੀ।ਕੁੱਲ ਮਿਲਾ ਕੇ ਬਹੁਤ ਹੀ ਵਧੀਆ ਦਿਨ ਹੁੰਦੇ ਸਨ ਉਹ।ਹੁਣ ਦੇ ਜਵਾਕਾਂ ਨੂੰ ਦੇਖ ਲਉ ਅੰਦਰਾਂ 'ਚ ਹੀ ਨੀ ਨਿੱਕਲਦੇ।ਮੀਂਹ ਦਾ ਇੱਕ ਛਿੱਟਾ ਵੀ ਜੇ ਅੱਜ-ਕੱਲ ਦੇ ਜਵਾਕ ਤੇ ਪੈ ਜਾਵੇ ਤਾਂ ਝੱਟ ਬਿਮਾਰ ਪੈ ਜਾਂਦੇ ਨੇ।ਇਸ ਦਾ ਅਸਲੀ ਕਾਰਨ ਇਹ ਹੈ ਕਿ ਅੱਜ-ਕੱਲ ਦੇ ਜਵਾਕ ਖੇਲ-ਕੁੱਦ ਘੱਟ ਕਰਦੇ ਨੇ ਤੇ ਅੰਦਰਾਂ ਚ' ਹੀ ਪਏ ਰਹਿੰਦੇ ਨੇ।ਨੱਠਣ-ਭੱਜਣ ਜਾਂ ਹੱਥ ਪੈਰ ਹਿਲਾਉਣ ਵਾਲੀ ਕੋਈ ਖੇਡ ਨਹੀਂ ਖੇਡਦੇ ਬਲਕਿ ਮੋਬਾਇਲਾਂ ਜਾਂ ਕੰਪਿਊਟਰਾਂ ਤੇ ਹੀ ਗੇਮਾਂ ਖੇਡੀ ਜਾਣ ਰਹੇ ਨੇ ਤੇ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਨੇ। ਮੋਬਾਇਲ ਤੇ ਕੰਪਿਊਟਰ ਅੱਜ ਦੇ ਜਵਾਕਾਂ ਦੇ ਦਿਮਾਗਾਂ ਵਿੱਚ ਘਰ ਕਰ ਗਏ ਨੇ ਜੋ ਕਿ ਆਉਣ ਵਾਲੀ ਨਸਲ, ਪੀੜੀ ਲਈ ਬਹੁਤ ਘਾਤਕ ਸਿੱਧ ਹੋ ਸਕਦੀ ਹੈ।
ਧੰਨਵਾਦ ਸਹਿਤ: ਗੁਰਦੀਪ ਸਿੰਘ ਅਜਨੋਹਾ (ਰਿੱਕੀ ਅਜਨੋਹਾ)।
ਸੰਪਰਕ: 9872978916